ਚੰਡੀਗੜ੍ਹ ਵਾਸੀਆਂ ਦੇ ਗਰਮੀ 'ਚ ਨਿਕਲਣ ਵਾਲੇ ਨੇ ਵੱਟ, ਧਿਆਨ ਨਾਲ ਪੜ੍ਹੋ ਇਹ ਖ਼ਬਰ

Monday, May 01, 2023 - 10:59 AM (IST)

ਚੰਡੀਗੜ੍ਹ ਵਾਸੀਆਂ ਦੇ ਗਰਮੀ 'ਚ ਨਿਕਲਣ ਵਾਲੇ ਨੇ ਵੱਟ, ਧਿਆਨ ਨਾਲ ਪੜ੍ਹੋ ਇਹ ਖ਼ਬਰ

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਵਾਸੀਆਂ ਨੂੰ ਇਸ ਵਾਰ ਵੀ ਗਰਮੀਆਂ 'ਚ ਬਿਜਲੀ ਕੱਟ ਲਈ ਤਿਆਰ ਰਹਿਣਾ ਹੋਵੇਗਾ। ਗਰਮੀਆਂ 'ਚ ਲੋਕਾਂ ਨੂੰ ਜ਼ਿਆਦਾ ਬਿਜਲੀ ਕੱਟ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਵਿਭਾਗ ਤਿਆਰੀ ਤਾਂ ਕਰ ਰਿਹਾ ਹੈ ਪਰ ਮੁਲਾਜ਼ਮਾਂ ਦੀ ਕਮੀ ਵਿਭਾਗ ਦੀ ਤਿਆਰੀ ’ਤੇ ਭਾਰੀ ਹੈ। ਬਿਜਲੀ ਵਿਭਾਗ 'ਚ ਮਨਜ਼ੂਰ 1780 ਦੇ ਕਰੀਬ ਅਹੁਦੇ ਹਨ ਪਰ ਅਜੇ ਵੀ 700 ਤੋਂ ਜ਼ਿਆਦਾ ਅਹੁਦੇ ਖ਼ਾਲੀ ਪਏ ਹਨ। ਮੁਲਾਜ਼ਮਾਂ ਦੀ ਕਮੀ ਹੋਣ ਕਾਰਨ ਵਿਭਾਗ ਦਾ ਕੰਮ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ ਅਤੇ ਇਸ ਕਾਰਨ ਹੀ ਅਕਸਰ ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਨਹੀਂ ਹੁੰਦਾ ਹੈ। ਕਾਫ਼ੀ ਸਾਲਾਂ ਬਾਅਦ ਵਿਭਾਗ ਕੁੱਝ ਅਸਿਸਟੈਂਟ ਲਾਈਨਮੈਨ, ਇਲੈਕਟ੍ਰੀਸ਼ੀਅਨ ਅਤੇ ਜੇ. ਈ. ਦੀ ਭਰਤੀ ਕਰਨ ਜਾ ਰਿਹਾ ਹੈ ਪਰ ਉਹ ਵੀ ਕੁੱਝ ਖ਼ਾਲੀ ਪਏ ਅਹੁਦਿਆਂ ’ਤੇ ਕੀਤੀ ਜਾ ਰਹੀ ਹੈ। ਵਿਭਾਗ ਕੋਲ ਅਜੇ ਫਿਲਹਾਲ ਬਿਜਲੀ ਕੱਟ ਨੂੰ ਲੈ ਕੇ ਰੋਜ਼ਾਨਾ 50 ਸ਼ਿਕਾਇਤਾਂ ਆ ਰਹੀਆਂ ਹਨ ਪਰ ਗਰਮੀਆਂ 'ਚ ਇਹ ਵਧ ਕੇ 250 ਦੇ ਕਰੀਬ ਪਹੁੰਚ ਜਾਂਦੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਮੌਸਮ ਨੂੰ ਲੈ ਕੇ ਜ਼ਰੂਰੀ ਖ਼ਬਰ, ਅੱਜ ਮੀਂਹ ਪੈਣ ਦੀ ਸੰਭਾਵਨਾ

ਇੰਨੀਆਂ ਜ਼ਿਆਦਾ ਸ਼ਿਕਾਇਤਾਂ ਨੂੰ ਅਟੈਂਡ ਕਰਨ ਲਈ ਵਿਭਾਗ ਨੂੰ ਜਿੱਥੇ ਮੁਲਾਜ਼ਮਾਂ ਦੀ ਕਮੀ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਪੂਰਾ ਸਾਮਾਨ ਮੁਹੱਈਆ ਨਾ ਹੋਣਾ ਵੀ ਇਸ 'ਚ ਅੜਚਨ ਬਣਦਾ ਹੈ। ਅਜੇ ਵੀ 700 ਮੁਲਾਜ਼ਮਾਂ ਦੀ ਕਮੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਇਨ੍ਹਾਂ ਅਹੁਦਿਆਂ ’ਤੇ ਭਰਤੀ ਨਹੀਂ ਹੋਈ ਹੈ। ਹਾਲਾਂਕਿ ਵਿਭਾਗ ਨੇ ਹਾਲ ਹੀ ਵਿਚ ਜੋ ਮੁਲਾਜ਼ਮਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਜਿਸ ਨੂੰ ਫਿਲਹਾਲ ਸਿਰੇ ਚਾੜ੍ਹਨਾ ਬਾਕੀ ਹੈ। ਸ਼ਹਿਰ 'ਚ 2.50 ਲੱਖ ਦੇ ਕਰੀਬ ਬਿਜਲੀ ਖ਼ਪਤਕਾਰ ਹਨ, ਜਿਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਮੁਲਾਜ਼ਮਾਂ ਦੀ ਕਮੀ ਹੈ। ਕੁੱਝ ਸਾਲ ਪਹਿਲਾਂ ਇਕ ਨਿੱਜੀ ਸੰਸਥਾ ਵਲੋਂ ਮੈਨਪਾਵਰ ਸਟੱਡੀ ਕਰਵਾਈ ਗਈ ਸੀ, ਜਿਸ 'ਚ ਗਰੁੱਪ ਏ, ਬੀ, ਸੀ ਅਤੇ ਡੀ ਨੂੰ ਮਿਲਾ ਕੇ ਕੁੱਲ 1490 ਅਹੁਦਿਆਂ ਦੀ ਸਿਫ਼ਾਰਿਸ਼ ਕੀਤੀ ਗਈ ਸੀ ਪਰ ਉਸ ਸਟੱਡੀ ਨੂੰ ਵੀ ਲਾਗੂ ਨਹੀਂ ਕੀਤਾ ਗਿਆ ਸੀ। ਮੁਲਾਜ਼ਮ ਯੂਨੀਅਨਾਂ ਵੀ ਕਈ ਖ਼ਾਲੀ ਅਹੁਦਿਆਂ ਨੂੰ ਭਰਨ ਦਾ ਮੁੱਦਾ ਚੁੱਕ ਚੁੱਕੀਆਂ ਹਨ।

ਇਹ ਵੀ ਪੜ੍ਹੋ : ਗੈਸ ਲੀਕ ਮਾਮਲਾ : ਚਸ਼ਮਦੀਦਾਂ ਨੇ ਬਿਆਨ ਕੀਤਾ ਦਿਲ ਦਹਿਲਾ ਦੇਣ ਵਾਲਾ ਮੰਜ਼ਰ, ਸੁੰਨ ਹੋ ਰਿਹਾ ਸੀ ਦਿਮਾਗ (ਤਸਵੀਰਾਂ)
ਸੈਕਟਰਾਂ ’ਚ ਲਾਏ ਗਏ ਸਮਾਰਟ ਮੀਟਰ
ਦੱਸਣਯੋਗ ਹੈ ਕਿ ਵਿਭਾਗ ਨੇ ਓ. ਪੀ. ਸਬ-ਡਵੀਜ਼ਨ ਨੰਬਰ-5 'ਚ ਸਮਾਰਟ ਗ੍ਰਿਡ ਪ੍ਰਾਜੈਕਟ ਦੇ ਤਹਿਤ ਲੋਕਾਂ ਦੇ ਘਰਾਂ 'ਚ 24213 ਦੇ ਕਰੀਬ ਸਮਾਰਟ ਮੀਟਰ ਲਾਏ ਹਨ, ਜਿਨ੍ਹਾਂ ਨੂੰ ਚਾਲੂ ਕੀਤਾ ਜਾ ਚੁੱਕਿਆ ਹੈ। ਜਿਨ੍ਹਾਂ ਸੈਕਟਰ ਅਤੇ ਪਿੰਡਾਂ 'ਚ ਇਹ ਮੀਟਰ ਲਾਏ ਗਏ ਹਨ, ਉਨ੍ਹਾਂ 'ਚ ਇੰਡਸਟ੍ਰੀਅਲ ਏਰੀਆ ਫੇਜ਼-1, 2, ਸੈਕਟਰ-29, 31, 47, 48, ਰਾਮਦਰਬਾਰ, ਪਿੰਡ ਫੈਦਾਂ, ਹੱਲੋਮਾਜਰਾ, ਬਹਿਲਾਣਾ, ਰਾਏਪੁਰ ਕਲਾਂ, ਮੱਖਣਮਾਜਰਾ ਅਤੇ ਦੜਵਾ ਆਦਿ ਪਿੰਡ ਸ਼ਾਮਲ ਹਨ। ਇਸ ਨੂੰ ਐਡਵਾਂਸਡ ਮੀਟਰਿੰਗ ਇਨਫਰਾਸਟਰੱਕਚਰ ਨਾਂ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News