ਹੁੰਮਸ ਨੇ ਛੁਡਵਾਏ ਪਸੀਨੇ, ਅਜੇ ਕੁੱਝ ਦਿਨ ਹੋਰ ਕਰਨਾ ਪਵੇਗਾ ਸਾਹਮਣਾ

Monday, Jul 15, 2024 - 03:00 PM (IST)

ਹੁੰਮਸ ਨੇ ਛੁਡਵਾਏ ਪਸੀਨੇ, ਅਜੇ ਕੁੱਝ ਦਿਨ ਹੋਰ ਕਰਨਾ ਪਵੇਗਾ ਸਾਹਮਣਾ

ਚੰਡੀਗੜ੍ਹ (ਰੋਹਾਲ) : ਗਰਮੀ ਦੇ ਰਿਕਾਰਡ ਤੋੜ ਕਹਿਰ ਦਰਮਿਆਨ ਮਾਨਸੂਨ ਕੁੱਝ ਦਿਨਾਂ ਦੀ ਦੇਰੀ ਨਾਲ ਪੁੱਜਣ ਤੋਂ ਬਾਅਦ ਹੁਣ ਇਕ ਵਾਰ ਫਿਰ ਹਲਕਾ ਹੋ ਗਿਆ ਹੈ ਅਤੇ ਭਾਰੀ ਹੁੰਮਸ ਦਰਮਿਆਨ ਮੀਂਹ ਦੀ ਲੋੜ ਹੈ। ਜੇਕਰ ਸੈਟੇਲਾਈਟ ਤਸਵੀਰਾਂ ਅਤੇ ਮੌਸਮ ਵਿਭਾਗ ਦੀ ਆਉਣ ਵਾਲੇ ਦਿਨਾਂ ਦੀ ਭਵਿੱਖਬਾਣੀ ’ਤੇ ਨਜ਼ਰ ਮਾਰੀਏ ਤਾਂ ਫ਼ਿਲਹਾਲ ਚੰਡੀਗੜ੍ਹ ਸਮੇਤ ਆਸ-ਪਾਸ ਦੇ ਇਲਾਕਿਆਂ ’ਚ ਇਸ ਹੁੰਮਸ ਅਤੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ। 24 ਜੁਲਾਈ ਤੋਂ ਬਾਅਦ ਹੀ ਚੰਡੀਗੜ੍ਹ ਸਮੇਤ ਟ੍ਰਾਈਸਿਟੀ ਅਤੇ ਆਸ-ਪਾਸ ਦੇ ਇਲਾਕਿਆਂ ’ਚ ਚੰਗਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦਾ ਮਤਲਬ ਹੈ ਕਿ ਅਗਲੇ ਹਫ਼ਤੇ ਜ਼ਿਆਦਾ ਹੁੰਮਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਰਮਿਆਨ ਜੇਕਰ ਆਸ-ਪਾਸ ਦੇ ਪਹਾੜੀ ਇਲਾਕਿਆਂ ’ਚ ਮੀਂਹ ਪੈਣ ਕਾਰਨ ਨਮੀ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਬੱਦਲ ਬਣਨ ਕਾਰਨ ਚੰਡੀਗੜ੍ਹ ’ਚ ਵੀ ਮੀਂਹ ਪੈ ਸਕਦਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਮਾਨਸੂਨ ਦੇ ਆਉਣ ਤੋਂ ਬਾਅਦ ਕੁੱਝ ਦਿਨਾਂ ਦੀ ਬਰਸਾਤ ਤੋਂ ਬਾਅਦ ਮੌਸਮ ’ਚ ਇਹ ਬਦਲਾਅ ਆਉਣਾ ਸੁਭਾਵਿਕ ਹੈ। ਦਰਅਸਲ ਹਰ ਸਾਲ ਮਾਨਸੂਨ ਕਈ ਪੜਾਵਾਂ ’ਚ ਸਰਗਰਮ ਹੁੰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਕ ਵਾਰ ਮਾਨਸੂਨ ਪੂਰੇ ਉੱਤਰੀ ਭਾਰਤ ਨੂੰ ਕਵਰ ਕਰਦਾ ਹੈ, ਇਹ ਕਈ ਵਾਰ ਮੁੜ ਸਰਗਰਮ ਹੋ ਜਾਂਦਾ ਹੈ। ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਹਵਾਵਾਂ 12 ਜੁਲਾਈ ਦੇ ਆਸ-ਪਾਸ ਮਾਨਸੂਨ ਨੂੰ ਮੁੜ ਸਰਗਰਮ ਕਰ ਰਹੀਆਂ ਹਨ। ਇਨ੍ਹੀਂ ਦਿਨੀਂ ਅਰਬ ਸਾਗਰ ਤੋਂ ਆਉਣ ਵਾਲੀਆਂ ਹਵਾਵਾਂ ਦੱਖਣੀ ਭਾਰਤ ’ਚ ਮਾਨਸੂਨ ਨੂੰ ਮੁੜ ਸਰਗਰਮ ਕਰ ਰਹੀਆਂ ਹਨ ਅਤੇ ਦੱਖਣੀ ਭਾਰਤ ’ਚ ਮੀਂਹ ਪੈ ਰਿਹਾ ਹੈ। ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਇਹੀ ਹਵਾਵਾਂ 24 ਜੁਲਾਈ ਦੇ ਆਸ-ਪਾਸ ਮੱਧ ਅਤੇ ਉੱਤਰੀ ਭਾਰਤ ’ਚ ਮਾਨਸੂਨ ਨੂੰ ਮੁੜ ਸਰਗਰਮ ਕਰਨਗੀਆਂ ਤੇ ਮੀਂਹ ਨੂੰ ਤੇਜ਼ ਕਰਨਗੀਆਂ।
ਫ਼ਿਲਹਾਲ ਬਰਕਰਾਰ ਰਹੇਗੀ ਹੁੰਮਸ
ਆਉਣ ਵਾਲੇ ਦਿਨਾਂ ’ਚ ਤਾਪਮਾਨ ਜ਼ਿਆਦਾ ਅਤੇ ਹੁੰਮਸ ਬਣੀ ਰਹੇਗੀ। ਇਸ ਦਾ ਕਾਰਨ ਇਹ ਹੈ ਕਿ ਹਵਾ ’ਚ ਹੁੰਮਸ ਦੀ ਮਾਤਰਾ 85 ਫ਼ੀਸਦੀ ਤੱਕ ਹੈ। ਫਿਰ ਦਿਨ ਦਾ ਤਾਪਮਾਨ 37.3 ਡਿਗਰੀ ਤੱਕ ਰਹਿਣ ਕਾਰਨ ਹੁੰਮਸ ਹੋਰ ਵੀ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਸ਼ਹਿਰ ਦਾ ਘੱਟੋ-ਘੱਟ ਤਾਪਮਾਨ ਵੀ 27.6 ਡਿਗਰੀ ਦਰਜ ਕੀਤਾ ਗਿਆ। ਜੇਕਰ ਤਾਪਮਾਨ ਘੱਟਦਾ ਹੈ ਜਾਂ ਹਵਾ ਚੱਲਦੀ ਹੈ ਤਾਂ ਹੀ ਹੁੰਮਸ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ ਪਰ ਇਹ ਰਾਹਤ ਸਥਾਈ ਨਹੀਂ ਹੋਵੇਗੀ। 24 ਜੁਲਾਈ ਤੋਂ ਬਾਅਦ ਚੰਗਾ ਮੀਂਹ ਪੈਣ ’ਤੇ ਹੀ ਲੋਕਾਂ ਨੂੰ ਮੌਜੂਦਾ ਮੌਸਮ ਤੋਂ ਰਾਹਤ ਮਿਲੇਗੀ।


author

Babita

Content Editor

Related News