ਗਰਮੀ ਵਧਦਿਆਂ ਹੀ ਬਿਜਲੀ ਦੇ ਕੱਟ ਲੱਗਣ ਸ਼ੁਰੂ, ਹਾਲੋ-ਬੇਹਾਲ ਹੋਏ ਲੋਕ

06/12/2022 2:21:24 PM

ਚੰਡੀਗੜ੍ਹ (ਰਾਜਿੰਦਰ ਸ਼ਰਮਾ) : ਵਧਦੀ ਗਰਮੀ ਦੇ ਨਾਲ ਲੋਕਾਂ ਦੀ ਪ੍ਰੇਸ਼ਾਨੀ ਵਧਣੀ ਸ਼ੁਰੂ ਹੋ ਗਈ ਹੈ। ਦਿਨ ਦਾ ਜ਼ਿਆਦਾਤਰ ਤਾਪਮਾਨ 44 ਡਿਗਰੀ ਤੋਂ ਉੱਤੇ ਪਹੁੰਚ ਗਿਆ ਹੈ, ਜਿਸ ਦਾ ਅਸਰ ਬਿਜਲੀ ਸਪਲਾਈ ’ਤੇ ਦਿਸਣਾ ਸ਼ੁਰੂ ਹੋ ਗਿਆ ਹੈ। ਗਰਮੀ ਵਧਣ ਦੇ ਨਾਲ ਹੀ ਬਿਜਲੀ ਦੀ ਡਿਮਾਂਡ ਵੀ ਵੱਧ ਗਈ ਹੈ, ਜਿਸ ਕਾਰਨ ਸ਼ਹਿਰ ਵਿਚ ਅਣ-ਐਲਾਨੇ ਕੱਟ ਲੱਗਣ ਸ਼ੁਰੂ ਹੋ ਗਏ ਹਨ। ਲੋਕਾਂ ਦਾ ਦੋਸ਼ ਹੈ ਕਿ ਦਿਨ ਅਤੇ ਰਾਤ ਨੂੰ ਕਿਸੇ ਵੀ ਸਮੇਂ ਬਿਜਲੀ ਗੁੱਲ ਹੋ ਜਾਂਦੀ ਹੈ ਅਤੇ ਅਧਿਕਾਰੀ ਸ਼ਿਕਾਇਤ ਕਰਨ ’ਤੇ ਕਾਰਵਾਈ ਵੀ ਨਹੀਂ ਕਰਦੇ। ਸਦਰਨ ਸੈਕਟਰਾਂ, ਕਾਲੋਨੀਆਂ ਅਤੇ ਪਿੰਡਾਂ ਦੇ ਲੋਕਾਂ ਨੂੰ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਕਟਰ-41 ਨਿਵਾਸੀ ਸਵੀਟੀ ਗੰਭੀਰ ਨੇ ਦੱਸਿਆ ਕਿ ਤਿੰਨ ਦਿਨਾਂ ਤੋਂ ਰੋਜ਼ਾਨਾ ਰਾਤ ਨੂੰ ਬਿਜਲੀ ਗੁੱਲ ਹੋ ਜਾਂਦੀ ਹੈ। ਵੀਰਵਾਰ ਰਾਤ ਨੂੰ ਵੀ 11.30 ਵਜੇ ਬਿਜਲੀ ਗੁੱਲ ਹੋ ਗਈ, ਜੋ ਤਡ਼ਕੇ 4.30 ਵਜੇ ਬਹਾਲ ਹੋਈ। ਇਸੇ ਤਰ੍ਹਾਂ ਸ਼ੁੱਕਰਵਾਰ ਰਾਤ ਨੂੰ ਵੀ 2 ਘੰਟੇ ਬਿਜਲੀ ਬੰਦ ਰਹੀ। ਵਿਭਾਗ ਵਲੋਂ ਦਿੱਤੇ ਗਏ ਨੰਬਰ ’ਤੇ ਕਾਲ ਕਰਨ ’ਤੇ ਸੰਪਰਕ ਨਹੀਂ ਹੁੰਦਾ ਹੈ ।

ਮਨੀਮਾਜਰਾ ਨਿਵਾਸੀ ਨੰਦਿਸ਼ ਸ਼ਰਮਾ ਨੇ ਦੱਸਿਆ ਕਿ ਕਈ ਇਲਾਕਿਆਂ ਵਿਚ ਰੋਜ਼ਾਨਾ ਰਾਤ ਨੂੰ 2 ਤੋਂ 3 ਘੰਟੇ ਦਾ ਕੱਟ ਲੱਗ ਰਿਹਾ ਹੈ। ਉਹ ਇਸ ਸਬੰਧੀ ਵਿਭਾਗ ਨੂੰ ਜਾਣੂੰ ਕਰਵਾ ਚੁੱਕੇ ਹਨ ਪਰ ਇਸਦੇ ਬਾਵਜੂਦ ਕੋਈ ਸੁਧਾਰ ਨਹੀਂ ਹੋ ਰਿਹਾ ਹੈ । ਇਸੇ ਤਰ੍ਹਾਂ ਸੈਕਟਰ-32 ਦੇ ਇਕ ਦੁਕਾਨਦਾਰ ਜਗਦੀਪ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੀ ਮਾਰਕੀਟ ਵਿਚ ਵੀ ਰੋਜ਼ਾਨਾ ਬਿਜਲੀ ਦੇ ਕੱਟ ਲੱਗ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਦੇ ਘੱਟ ਲੋਡ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ ਅਤੇ ਕਈ ਅਧਿਕਾਰੀਆਂ ਨੂੰ ਉਹ ਲਿਖ ਚੁੱਕੇ ਹਨ ਪਰ ਫਿਰ ਵੀ ਸਮੱਸਿਆ ਜਿਵੇਂ ਦੀ ਤਿਵੇਂ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਨੇ ਮਿਲ ਕੇ ਹੁਣ ਮਜਬੂਰਨ ਜਨਰੇਟਰ ਲਾਇਆ ਹੈ, ਤਾਂਕਿ ਉਨ੍ਹਾਂ ਦੇ ਕੰਮ ’ਤੇ ਅਸਰ ਨਾ ਪਏ ।

ਕੇਂਦਰ ਦੇ ਕੋਟਾ ਵਧਾਉਣ ਦੇ ਬਾਵਜੂਦ ਨਹੀਂ ਮਿਲ ਰਹੀ ਰਾਹਤ
ਸ਼ਹਿਰ ਵਿਚ ਬਿਜਲੀ ਦੀ ਵਧਦੀ ਖਪਤ ਨੂੰ ਵੇਖਦੇ ਹੋਏ ਸ਼ਹਿਰ ਦੇ ਬਿਜਲੀ ਕੋਟੇ ਵਿਚ ਵੀ ਵਾਧਾ ਕੀਤਾ ਗਿਆ ਸੀ। ਕੇਂਦਰ ਨੇ ਸ਼ਹਿਰ ਦੇ ਬਿਜਲੀ ਕੋਟੇ ਵਿਚ 9 ਫ਼ੀਸਦੀ ਤਕ ਵਾਧਾ ਕੀਤਾ ਸੀ ਪਰ ਬਾਵਜੂਦ ਇਸ ਦੇ ਅਣ-ਐਲਾਨੇ ਕੱਟ ਜਾਰੀ ਹਨ। ਕੇਂਦਰ ਨੇ ਬਿਜਲੀ ਕੋਟਾ ਵਧਾ ਕੇ 14 ਫ਼ੀਸਦੀ ਕਰ ਦਿੱਤਾ ਸੀ, ਜੋ ਪਹਿਲੀ ਅਪ੍ਰੈਲ ਤੋਂ ਲਾਗੂ ਹੋਇਆ ਸੀ। ਬਿਜਲੀ ਦੀ ਵਧਦੀ ਮੰਗ ਦੇ ਮੱਦੇਨਜ਼ਰ ਕੋਟਾ ਵਧਾਉਣ ਲਈ ਪ੍ਰਸ਼ਾਸਨ ਨੇ ਕੇਂਦਰ ਦੇ ਸਾਹਮਣੇ ਮੁੱਦਾ ਚੁੱਕਿਆ ਸੀ ਅਤੇ ਸਟੱਡੀ ਕਰਨ ਤੋਂ ਬਾਅਦ ਹੀ ਸਰਕਾਰ ਨੇ ਕੋਟਾ ਵਧਾਇਆ ਸੀ ।


Gurminder Singh

Content Editor

Related News