ਸਿਹਤ ਮੰਤਰੀ ਤੇ ਵੀ. ਸੀ. ਵਿਵਾਦ ਨੇ ਪੰਜਾਬ ’ਚ ਲਿਆਂਦਾ ਭੂਚਾਲ, ਜਾਣੋ ਹੁਣ ਤੱਕ ਕੀ-ਕੀ ਹੋਇਆ

07/30/2022 6:30:27 PM

ਫ਼ਰੀਦਕੋਟ/ਜਲੰਧਰ : ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਮਾੜੇ ਪ੍ਰਬੰਧਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸ਼ੁੱਕਰਵਾਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾ ਅਚਾਨਕ ਦੌਰਾ ਕਰਕੇ ਇੱਥੋਂ ਦੇ ਬੇਹੱਦ ਮਾੜੇ ਪ੍ਰਬੰਧਾਂ ’ਤੇ ਗੁੱਸਾ ਜ਼ਾਹਰ ਕੀਤਾ। ਇਸ ਦੌਰਾਨ ਉਨ੍ਹਾਂ ਮੈਡੀਕਲ ਕਾਲਜ ਦੇ ਵਾਈਸ ਚਾਂਸਲਰ ਨੂੰ ਬੇਹੱਦ ਮਾੜੇ ਗੱਦਿਆਂ ’ਤੇ ਲਿਟਾਇਆ। ਗੰਦੇ ਅਤੇ ਫਟੇ ਗੱਦੇ ’ਤੇ ਲਿਟਾਉਣ ਤੋਂ ਨਾਰਾਜ਼ ਬੀਬਾ ਫਰੀਦਕੋਟ ਮੈਡੀਕਲ ਕਾਲਜ ਦੇ ਵਾਈਸ ਚਾਂਸਲਰ ਡਾ.ਰਾਜ ਬਹਾਦਰ ਨੇ ਅੱਧੀ ਰਾਤ ਨੂੰ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਹੈ। ਰਾਜ ਬਹਾਦਰ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੀ ਸਿਆਸਤੀ ਵਿਚ ਵੀ ਖਲਬਲੀ ਮਚ ਗਈ ਹੈ ਅਤੇ ਵਿਰੋਧੀਆਂ ਵਲੋਂ ਸਿਹਤ ਮੰਤਰੀ ਦੇ ਅਸਤੀਫੇ ਦੇ ਮੰਗ ਕੀਤੀ ਜਾ ਰਹੇ ਹਨ। 

ਅੰਮ੍ਰਿਤਸਰ ਦੇ ਉੱਚ ਅਧਿਕਾਰੀਆਂ ਨੇ ਦਿੱਤੇ ਅਸਤੀਫ਼ੇ

ਇਸ ਵਰਤਾਰੇ ਤੋਂ ਬਾਅਦ ਜਿਵੇਂ ਹੀ ਵਾਈਸ ਚਾਂਸਲਰ ਦੇ ਅਸਤੀਫੇ਼ ਦੀ ਖ਼ਬਰ ਬਾਹਰ ਆਈ ਤਾਂ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇ. ਡੀ. ਸਿੰਘ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ। ਹਾਲਾਂਕਿ ਅਸਤੀਫੇ ਦੇ ਕਾਰਨ ਉਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। 

ਇਹ ਵੀ ਪੜ੍ਹੋ : ਝੂੰਦਾ ਕਮੇਟੀ ਵੱਲੋਂ ਸੁਖਬੀਰ ਦੀ ਪ੍ਰਧਾਨਗੀ ’ਤੇ ਮੋਹਰ ਲਗਾਉਣ ’ਤੇ ਅਕਾਲੀ ਦਲ ’ਚ ਅੰਦਰ ਖਾਤੇ ਬਵਾਲ

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਕੀਤੀ ਨਿਖੇਧੀ 

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਫਰੀਦਕੋਟ ਦੇ ਪ੍ਰਧਾਨ ਡਾ. ਐੱਸ. ਐੱਸ. ਬਰਾੜ ਨੇ ਕਿਹਾ ਕਿ ਸਿਹਤ ਮੰਤਰੀ ਵੱਲੋਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵੀ. ਸੀ. ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਉਹ ਨਿਦਣਯੋਗ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਦੇ ਢਾਂਚੇ ਵਿਚ ਕਮੀਆਂ ਹੋ ਸਕਦੀਆਂ ਪਰ ਵਾਈਸ ਚਾਂਸਲਰ ਨੂੰ ਜਲੀਲ ਕਰਨਾ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਇੰਨੀਆਂ ਪਾਵਰਾਂ ਹਨ ਮੰਤਰੀ ਸਾਬ੍ਹ ਉਨ੍ਹਾਂ ਨੂੰ ਵਾਰਨਿੰਗ ਦੇ ਦਿੰਦੇ ਜਾਂ ਉਨ੍ਹਾਂ ਦੀ ਟਰਾਂਸਫਰ ਕਰ ਦਿੰਦੇ। ਉਨ੍ਹਾਂ ਕਿਹਾ ਮੰਤਰੀ ਦੇ ਇਸ ਤਰ੍ਹਾਂ ਦੇ ਰੱਵੀਏ ਖ਼ਿਲਾਫ ਅਸੀਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਵਾਂਗੇ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਨੂੰ ਵਾਈਸ ਚਾਂਸਲਰ ਨਾਲ ਕੀਤੇ ਗਲਤ ਰਵੱਈਏ ਲਈ ਮਾਫੀ ਮੰਗਣੀ ਚਾਹੀਦੀ ਹੈ ਤੇ ਉਨ੍ਹਾਂ ਨੇ ਕਿਹਾ ਜੇਕਰ ਮੁਆਫੀ ਨਾ ਮੰਗੀ ਤਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਸਿਹਤ ਮੰਤਰੀ ਦਾ ਡੱਟ ਕੇ ਵਿਰੋਧ ਕਰੇਗੀ।

ਸੁਖਬੀਰ ਸਿੰਘ ਬਾਦਲ ਨੇ ਕੀਤੀ ਨਖੇਧੀ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਿਹਤ ਮੰਤਰੀ ’ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਆਖਿਆ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਨਾਮਵਰ ਸਰਜਨ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਉਪ-ਕੁਲਪਤੀ ਡਾ. ਰਾਜ ਬਹਾਦਰ ਨਾਲ ਕੀਤੇ ਗਏ ਨਿੰਦਣਯੋਗ ਵਤੀਰੇ ਦੀ ਮੈਂ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਾ ਹਾਂ। ਮੈਂ ਡਾ. ਬਹਾਦੁਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ 'ਆਪ' ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਦੁਰਵਿਵਹਾਰ ਖ਼ਿਲਾਫ਼ ਪੂਰੇ ਡਾਕਟਰੀ ਭਾਈਚਾਰੇ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਡੀ. ਜੀ. ਪੀ. ਦਾ ਵੱਡਾ ਫ਼ੈਸਲਾ, ਸੂਬੇ ਭਰ ਦੇ ਥਾਣਿਆਂ ਨੂੰ ਜਾਰੀ ਕੀਤੇ ਨਵੇਂ ਹੁਕਮ

ਹਰਸਿਮਰਤ ਨੇ ਦੱਸਿਆ ਸੱਤਾ ਦਾ ਹੰਕਾਰ

ਹਰਸਿਮਰਤ ਬਾਦਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਜੇਕਰ ਲੋਕਾਂ ਨੇ ਮੰਤਰੀ ਬਣਨ ਦਾ ਮੌਕਾ ਦਿੱਤਾ ਹੈ ਤਾਂ ਇਸ ਦਾ ਮਤਲਬ ਇਹ ਹਰਗਿਜ਼ ਨਹੀਂ ਕਿ ਤੁਸੀਂ ਕਿਸੇ ਦੂਜੇ ਸਤਿਕਾਰਤ ਅਹੁਦੇਦਾਰ ਨਾਲ ਬਦਸਲੂਕੀ ਕਰੋ। ਬਾਬਾ ਫ਼ਰੀਦ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਰਾਜ ਬਹਾਦੁਰ ਨਾਲ ਸਿਹਤ ਮੰਤਰੀ ਦਾ ਵਤੀਰਾ ਸੱਤਾ ਦੇ ਹੰਕਾਰ ਦਾ ਪ੍ਰਗਟਾਵਾ ਕਰਦਾ ਹੈ। ਸ. ਜੋੜੇਮਾਜਰਾ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਜਵਾਬ ਦੇਣ ਕਿ ਆਯੂਸ਼ਮਾਨ ਭਾਰਤ ਯੋਜਨਾ ਅਧੀਨ ਇਲਾਜ ਦੀ ਸੁਵਿਧਾ ਬੰਦ ਕਰਨ ਅਤੇ ਏਮਜ਼ ਬਠਿੰਡਾ 'ਚ ਲੋੜੀਂਦੇ ਸਾਜ਼ੋ-ਸਾਮਾਨ ਦੀ ਪੂਰਤੀ ਨਾ ਹੋਣ ਕਰਕੇ ਜਿਨ੍ਹਾਂ ਲੋਕਾਂ ਨੂੰ ਇਲਾਜ ਦੀ ਪੂਰੀ ਸੁਵਿਧਾ ਨਹੀਂ ਮਿਲ ਰਹੀ, ਉਨ੍ਹਾਂ ਪ੍ਰਤੀ ਜ਼ਿੰਮੇਵਾਰੀ ਕਿਸ ਦੀ ਹੈ? ਜੇ 'ਬਦਲਾਅ' ਦਾ ਮਤਲਬ ਮੰਤਰੀਆਂ ਵੱਲੋਂ ਸਤਿਕਾਰਤ ਸ਼ਖ਼ਸੀਅਤਾਂ ਨਾਲ ਬਦਸਲੂਕੀ ਹੀ ਹੈ, ਤਾਂ ਇਹ ਬਦਲਾਅ ਪੰਜਾਬੀਆਂ ਨੂੰ ਨਹੀਂ ਚਾਹੀਦਾ।

ਰਾਜਾ ਵੜਿੰਗ ਨੇ ਕੀਤੀ ਡਾ. ਰਾਜ ਬਹਾਦਰ ਨਾਲ ਮੁਲਾਕਾਤ

ਇਸ ਮਾਮਲੇ ਤੋਂ ਭਖਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਸਤੀਫਾ ਦੇ ਚੁੱਕੇ ਡਾ. ਰਾਜ ਬਹਾਦੁਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਡਾ.ਰਾਜ ਬਹਾਦੁਰ ਭਾਵੁਕ ਹੋ ਗਏ। ਰਾਜਾ ਵੜਿੰਗ ਨੇ ਕਿਹਾ ਕਿ ਡਾ. ਰਾਜ ਬਹਾਦੁਰ ਨੇ ਕੋਰੋਨਾ ਕਾਲ ਵਿਚ ਜਾਨ ਦੀ ਪਰਵਾਹ ਨਾ ਕਰਦੇ ਹੋਏ ਡਿਊਟੀ ਕੀਤੀ। ਹਜ਼ਾਰਾਂ ਲੋਕਾਂ ਨੇ ਕਿਹਾ ਹੈ ਕਿ ਡਾ.ਰਾਜ ਬਹਾਦੁਰ ਨੇ ਬਹੁਤ ਵਧੀਆ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਟਵੀਟ ਕਰਦਿਆਂ ਕਿਹਾ ਸੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਹੈ ਕਿ ‘ਆਪ’ ਲੀਡਰਸ਼ਿਪ ਨੂੰ ਇਹ ਸਮਝਣ ਦੀ ਲੋੜ ਹੈ ਕਿ ਹੁਣ ਉਹ ਵਿਰੋਧੀ ਧਿਰ ਨਹੀਂ ਹਨ, ਮਿਆਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਉਨ੍ਹਾਂ ਦਾ ਫਰਜ਼ ਹੈ। ਵੜਿੰਗ ਨੇ ਕਿਹਾ ਕਿ ਜਿਸ ਡਾਕਟਰ ਅਤੇ ਵਾਈਸ ਚਾਂਸਲਰ ਨਾਲ ਕੱਲ੍ਹ ਸਿਹਤ ਮੰਤਰੀ ਨੇ ਦੁਰਵਿਹਾਰ ਕੀਤਾ, ਕੋਵਿਡ ਦੌਰਾਨ ਜਦ ‘ਆਪ’ ਦਾ ਦਿੱਲੀ ਮਾਡਲ ਫੇਲ੍ਹ ਹੋਇਆ ਸੀ, ਇਨ੍ਹਾਂ ਡਾਕਟਰ ਸਾਹਿਬਾਨ ਦੀ ਮਿਹਨਤ ਨੇ ਹੀ ਪੰਜਾਬ ਨੂੰ ਬਚਾਇਆ ਸੀ।

ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਵਲੋਂ ਜਾਰੀ ਹੋਇਆ ਨਵਾਂ ਫ਼ਰਮਾਨ, ਚੱਕਰਾਂ ’ਚ ਪਏ ਵਿਦਿਆਰਥੀਆ ਤੇ ਮਾਪੇ

ਪ੍ਰਤਾਪ ਬਾਜਵਾ ਨੇ ਕੀਤੀ ਨਿਖੇਧੀ

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਿਹਤ ਮੰਤਰੀ ਵਲੋਂ ਕੀਤੇ ਗਏ ਰਵੱਈਏ ਦੀ ਨਿਖੇਧੀ ਕੀਤੀ ਹੈ। ਬਾਜਵਾ ਨੇ ਕਿਹਾ ਕਿ ਸਿਹਤ ਮੰਤਰੀ ਵੱਲੋਂ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵੀ.ਸੀ. ਡਾ. ਰਾਜ ਬਹਾਦੁਰ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਹੈ, ਉਹ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਹੰਕਾਰੀ ਮੰਤਰੀ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਅਜਿਹਾ ਵਿਵਹਾਰ ਸਾਡੇ ਡਾਕਟਰੀ ਭਾਈਚਾਰੇ ਨੂੰ ਦੂਰ ਕਰ ਦੇਵੇਗਾ। 

ਕੀ ਕਿਹਾ ਸੁਨੀਲ ਜਾਖੜ ਨੇ

ਭਾਜਪਾ ਆਗੂ ਸੁਨੀਲ ਜਾਖੜ ਨੇ ਵੀ ਇਸ ਮਾਮਲੇ ਵਿਚ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀਹੈ। ਉਨ੍ਹਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਵੀ. ਸੀ. ਡਾ. ਰਾਜ ਬਹਾਦਰ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ਮੰਤਰੀ ਨੂੰ ਬਰਖਾਸਤ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਮਜੀਠੀਆ ਦੀ ਜ਼ਮਾਨਤ ’ਤੇ ਫ਼ੈਸਲਾ ਸੁਰੱਖਿਅਤ, ਅਦਾਲਤ ’ਚ ਚਾਰ ਘੰਟੇ ਚੱਲੀ ਤਿੱਖੀ ਬਹਿਸ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News