ਸਿਹਤ ਮੰਤਰੀ ਦੇ ਗੁੱਸੇ ਅਤੇ ਵੀ.ਸੀ ਦੇ ਅਸਤੀਫ਼ੇ ਦਾ ਸਬੱਬ ਬਣਿਆਂ ਮੈਡੀਕਲ ਹਸਪਤਾਲ ਦੇ ਬੈੱਡ ਦਾ ਗਲਿਆ ਗੱਦਾ
Saturday, Jul 30, 2022 - 05:22 PM (IST)
ਫ਼ਰੀਦਕੋਟ (ਰਾਜਨ) : ਸਥਾਨਕ ਮੈਡੀਕਲ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਵੱਲੋਂ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਸਖਤ ਰਵੱਈਏ ਦੇ ਰੋਸ ਵਜੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸ ਦੇਈਏ ਕਿ ਬੀਤੀ 29 ਜੁਲਾਈ ਨੂੰ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘਖ ਜੌੜਾਮਾਜਰਾ ਵੱਲੋਂ ਮੈਡੀਕਲ ਹਸਪਤਾਲ ਫ਼ਰੀਦਕੋਟ ਦਾ ਅਚਾਨਕ ਨਿਰੀਖਣ ਕੀਤਾ ਗਿਆ ਸੀ ਅਤੇ ਇਸ ਦੌਰਾਨ ਜਿੱਥੇ ਹੋਰ ਬਹੁਤ ਸਾਰੀਆਂ ਕਮੀਆਂ ਸਾਹਮਣੇ ਆਈਆਂ ਸਨ, ਉੱਥੇ ਹਸਪਤਾਲ ਦੇ ਚਮੜੀ ਵਿਭਾਗ ਵਿਚ ਲੱਗੇ ਬੈੱਡਾਂ ਦੇ ਗਲੇ ਸੜੇ ਗੱਦਿਆਂ ਨੂੰ ਵੇਖ ਕੇ ਸਿਹਤ ਮੰਤਰੀ ਮਰੀਜ਼ਾਂ ਦੇ ਹਿੱਤਾਂ ਲਈ ਆਪਣੇ ਗੁੱਸੇ ਨੂੰ ਨਾ ਰੋਕੇ ਜਾਣ ਦੀ ਸੂਰਤ ਵਿੱਚ ਮੌਕੇ ’ਤੇ ਮੌਜੂਦ ਵੀ.ਸੀ ਡਾ. ਰਾਜ ਬਹਾਦਰ ਨੂੰ ਉਸੇ ਗਲੇ ਸੜੇ ਗੱਦੇ ’ਤੇ ਲਿਟਾ ਦਿੱਤਾ ਗਿਆ ਸੀ।
ਜਾਣਕਾਰੀ ਅਨੁਸਾਰ ਇਸ ਕਾਰਵਾਈ ਨੂੰ ਸਹਿਣ ਨਾ ਕਰਦਿਆਂ ਵਾਈਸ ਚਾਂਸਲਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ‘ਆਪ’ ਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਬੇਸ਼ੱਕ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕਰਨ ਦੀ ਹੋੜ ਲੱਗ ਗਈ ਹੈ ਪ੍ਰੰਤੂ ਜਿੱਥੋਂ ਤੱਕ ਆਮ ਲੋਕਾਂ ਦਾ ਅਤੇ ਖਾਸ ਕਰਕੇ ਮੈਡੀਕਲ ਹਸਪਤਾਲ ਦੇ ਮਰੀਜ਼ਾਂ ਦੀ ਰਾਏ ਹੈ, ਉਨ੍ਹਾਂ ‘ਜਿਸ ਤਨ ਲੱਗੀਆਂ ਸੋ ਤਨ ਜਾਂਣੇ’ ਕਹਾਵਤ ਦੁਹਰਾਉਂਦਿਆਂ ਆਖਿਆ ਕਿ ਜੇਕਰ ਬੀਤੀਆਂ ਸਰਕਾਰਾਂ ਵੱਲੋਂ ਅਜਿਹੀਆਂ ਕਾਰਵਾਈਆਂ ਕੀਤੀਆਂ ਹੁੰਦੀਆਂ ਤਾਂ ਅੱਜ ਇਹ ਨੌਬਤ ਨਾ ਆਉਂਦੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਸੂਬੇ ਦੇ ਗਲੇ ਸੜੇ ਸਿਸਟਮ ਦੇ ਸੁਧਾਰ ਲਈ ਜੋ ਵੀ ਕੀਤਾ ਜਾ ਰਿਹਾ ਹੈ ਸੱਭ ਜਾਇਜ਼ ਹੈ ਅਤੇ ਆਮ ਲੋਕ ਇਸ ਕਾਰਵਾਈ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਸਿਆਸੀ ਲੀਡਰਾਂ ਨੂੰ ਕਿਹਾ ਕਿ ਇਸ ਘਟਨਾਂ ਨੂੰ ਸਿਆਸੀ ਰੰਗਤ ਦੇਣ ਦੀ ਬਜਾਏ ਸ਼ਰਮਸਾਰ ਹੋਣਾ ਚਾਹੀਦਾ ਹੈ ਕਿਉਂਕਿ ਇਹ ਸੱਭ ਉਨ੍ਹਾਂ ਦੀ ਹੀ ਦੇਣ ਹੈ।
ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਨੂੰ ਅਸਤੀਫ਼ਾ ਦੇਣ ਦੀ ਬਜਾਏ ਸਰਕਾਰ ਨੂੰ ਸਹਿਯੋਗ ਦਿੰਦਿਆਂ ਮੈਡੀਕਲ ਹਸਪਤਾਲ ਵਿੱਚਲੀਆ ਕਮੀਆਂ ਨੂੰ ਦੂਰ ਕਰਨਾ ਚਾਹੀਦਾ ਸੀ ਤਾ ਜੋ ਭਵਿੱਖ ਵਿਚ ਅਜਿਹੀ ਨੌਬਤ ਨਾ ਆਉਂਦੀ। ਉਨ੍ਹਾਂ ਕਿਹਾ ਕਿ ਮੈਡੀਕਲ ਹਸਪਤਾਲ ਦਾ ਚਮੜੀ ਵਿਭਾਗ ਜਿੱਥੇ ਦਾਖਿਲ ਹੋਣ ਵਾਲੇ ਮਰੀਜ਼ ਪਹਿਲਾਂ ਹੀ ਚਮੜੀ ਰੋਗ ਤੋਂ ਪੀੜਤ ਹੁੰਦੇ ਹਨ ਅਜਿਹੇ ਗੱਦਿਆਂ ’ਤੇ ਲੇਟ ਕੇ ਕਿਵੇਂ ਤੰਦਰੁਸਤ ਹੋ ਸਕਦੇ ਹਨ।