ਸਿਹਤ ਮੰਤਰੀ ਵਲੋਂ ਰਾਸ਼ਟਰੀ ਸਿਹਤ ਮਿਸ਼ਨ ਦੇ ਸਟਾਫ ਨੂੰ ਹੜਤਾਲ ਨਾ ਕਰਨ ਦੀ ਅਪੀਲ
Thursday, Jul 23, 2020 - 09:05 PM (IST)
ਚੰਡੀਗੜ੍ਹ : ਮੌਜੂਦਾ ਹਾਲਤਾਂ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਅਧੀਨ ਕੰਮ ਕਰ ਰਹੇ ਕਰਮਚਾਰੀ ਜੋ ਹੜਤਾਲ ਕਰਨ ਜਾ ਰਹੇ ਹਨ, ਨੂੰ ਹੜਤਾਲ ਜਾਂ ਕਿਸੇ ਸਮੂਹਿਕ ਛੁੱਟੀ 'ਤੇ ਨਾ ਜਾਣ ਦੀ ਅਪੀਲ ਕੀਤੀ । ਸਿਹਤ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਮਹਾਂਮਾਰੀ ਕੋਵਿਡ -19 ਵਿਰੁੱਧ ਲੜ ਰਹੀ ਹੈ ਅਤੇ ਮਾਨਵਤਾਂ ਦੇ ਹਿੱਤਾਂ ਲਈ ਸਿਹਤ ਕਰਮਚਾਰੀ ਸਭ ਤੋਂ ਮੋਹਰਲੀ ਕਤਾਰ ਵਿੱਚ ਡੱਟੇ ਹੋਏ ਹਨ। ਪੰਜਾਬ ਸਰਕਾਰ ਵੀ ਇਸ ਸੰਕਟਕਾਲੀ ਦੌਰ 'ਚ ਆਪਣੇ ਲੋਕਾਂ ਦੀ ਸੇਵਾ ਲਈ ਅਣਥੱਕ ਯਤਨ ਕਰ ਰਹੀ ਹੈ। ਪਹਿਲਾਂ ਹੀ ਮਹਾਂਮਾਰੀ ਰੋਗ ਐਕਟ ਲਾਗੂ ਕੀਤਾ ਜਾ ਚੁੱਕਾ ਹੈ ਅਤੇ ਰਾਜ ਸਰਕਾਰ ਇਸ ਖ਼ਤਰੇ ਦਾ ਮੁਕਾਬਲਾ ਕਰਨ ਲਈ ਸਾਰੇ ਉਪਰਾਲੇ ਕਰ ਰਹੀ ਹੈ।
ਸਿੱਧੂ ਨੇ ਕਿਹਾ ਕਿ ਅਜਿਹੇ ਨਾਜ਼ੁਕ ਸਮੇਂ ਵਿੱਚ ਐਨ. ਐਚ. ਐਮ. ਅਧੀਨ ਕੰਮ ਕਰ ਰਹੇ ਸਟਾਫ ਨੂੰ ਅਜਿਹੀ ਗਤੀਵਿਧੀ ਬਾਰੇ ਨਹੀਂ ਸੋਚਣਾ ਚਾਹੀਦਾ ਕਿਉਂਕਿ ਇਹ ਨਾ ਸਿਰਫ ਮਨੁੱਖਤਾ ਵਿਰੋਧੀ ਹੈ, ਸਗੋਂ ਉਨ੍ਹਾਂ ਦੇ ਫਰਜ਼ ਦੇ ਵਿਰੁੱਧ ਵੀ ਹੋਵੇਗਾ। ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਏ. ਐੱਨ. ਐੱਮ., ਸਟਾਫ ਨਰਸਾਂ ਨੂੰ ਤਾਕੀਦ ਕੀਤੀ ਕਿ ਉਹ ਉਸੇ ਲਗਨ ਤੇ ਵਿਸ਼ਵਾਸ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣ ਜਿਸ ਤਰ੍ਹਾਂ ਕੋਵਿਡ-19 ਦੇ ਫੈਲਣ ਤੋਂ ਬਾਅਦ ਹੁਣ ਤੱਕ ਰਾਜ ਦੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ। ਸਾਨੂੰ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਪਏਗਾ ਕਿਉਂਕਿ ਉਹ ਸੰਕਟ ਦੀ ਇਸ ਘੜੀ ਵਿੱਚ ਸਾਡੇ 'ਤੇ ਆਸਵੰਦ ਹਨ।
ਉਨ੍ਹਾਂ ਅੱਗੇ ਕਿਹਾ ਕਿ ਸਾਰੀਆਂ ਔਕੜਾਂ ਦੇ ਬਾਵਜੂਦ ਸਿਹਤ ਵਿਭਾਗ ਨੇ ਹਾਲ ਹੀ ਵਿੱਚ ਐਨਐਚਐਮ ਕਰਮਚਾਰੀਆਂ ਨੂੰ ਕਰੀਬ ਦੋ ਮਹੀਨੇ ਪਹਿਲਾਂ 6% + 12% ਵਿਸ਼ੇਸ਼ ਕੋਵਿਡ-19 ਵਾਧਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਫਲੋਰੈਂਸ ਨਾਈਟਿੰਗਲ ਦੀ ਭਾਵਨਾ ਦਾ ਪਾਲਣ ਕਰੀਏ ਅਤੇ ਰਾਜ ਦੇ ਲੋਕਾਂ ਦੀ ਸੇਵਾ ਕਰੀਏ। ਸਿਹਤ ਮੰਤਰੀ ਨੇ ਵਿਭਾਗ ਦੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ -19 ਦੇ ਯੋਧਿਆਂ ਵਜੋਂ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਪਿੱਛੇ ਨਾ ਹਟਣ । ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸੂਬਾ ਸਰਕਾਰ ਸਟਾਫ ਨੂੰ ਦਰਪੇਸ਼ ਸਾਰੀਆਂ ਅਸਲ ਮੁਸ਼ਕਲਾਂ ਲਈ ਹਮੇਸ਼ਾਂ ਖੁੱਲਾ ਹੈ ਅਤੇ ਜੇ ਕਿਸੇ ਨੂੰ ਵੀ ਕੋਈ ਮੁਸ਼ਕਲ ਪੇਸ਼ ਆ ਰਹੀ ਹੈ ਤਾਂ ਮੰਤਰੀ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਦੇ ਕਰਮਚਾਰੀ ਸਿਹਤ ਸੇਵਾਵਾਂ ਦੀ ਰੀੜ ਹਨ ਉਨ੍ਹਾਂ (ਮੰਤਰੀ) ਨੂੰ ਆਸ ਹੈ ਕਿ ਸਾਰੇ ਕਰਮਚਾਰੀ ਪੂਰੀ ਦ੍ਰਿੜਤਾ ਨਾਲ ਵਿਭਾਗ ਦੇ ਨਾਲ ਖੜ੍ਹਾ ਰਹਿਣਗੇ ਅਤੇ ਹੜਤਾਲ 'ਤੇ ਜਾਣ ਸਬੰਧੀ ਕਿਸੇ ਵੀ ਸੋਚ ਨੂੰ ਛੱਡ ਦੇਣਗੇ।