ਕੋਰੋਨਾ ਪੀੜਤਾਂ ਦੇ ਇਲਾਜ ਲਈ ਲੱਗੇ ਡਾਕਟਰਾਂ ਲਈ ਢੀਂਡਸਾ ਦੀ ਸਰਕਾਰ ਕੋਲੋਂ ਮੰਗ

Tuesday, Mar 24, 2020 - 04:58 PM (IST)

ਸੰਗਰੂਰ (ਸਿੰਗਲਾ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ  ਮਹਾਮਾਰੀ ਨਾਲ ਨੇੜਿਓਂ ਅਤੇ ਆਹਮੋ-ਸਾਹਮਣੇ ਜੰਗ ਲੜ ਰਹੇ ਡਾਕਟਰਾਂ, ਨਰਸਿਜ਼, ਪੈਰਾਮੈਡੀਕਲ ਸਟਾਫ਼, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਪੰਜਾਬ ਪੁਲਸ, ਆਈ. ਆਰ. ਬੀ. ਅਤੇ ਪੀ. ਏ. ਪੀ. ਦੇ ਜਵਾਨਾਂ 'ਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਿਹਤ ਬੀਮਾ ਲਾਜ਼ਮੀ ਬਣਾ ਕੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਹਸਪਤਾਲਾਂ 'ਚ ਕੋਰੋਨਾ ਵਾਇਰਸ ਮਹਾਮਾਰੀ ਦੀ ਬੀਮਾਰੀ ਨਾਲ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ, ਨਰਸਿਜ਼ ਅਤੇ ਪੈਰਾਮੈਡੀਕਲ ਸਟਾਫ਼ ਦੀਆਂ ਤਿੰਨ-ਤਿੰਨ ਸਪੈਸ਼ਲ ਇਨਕਰੀਮੈਟ ਲਗਾ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਜਾਵੇ।    ਉਨ੍ਹਾਂ ਕਿਹਾ ਉਕਤ ਲੋਕ ਜਦੋਂ ਸਾਡੇ ਸਾਰਿਆਂ ਲਈ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਜਾਨਾਂ ਜੋਖ਼ਮ 'ਚ ਪਾ ਕੇ ਸਾਡੀ ਸਭ ਦੀ ਰੱਖਿਆ ਲਈ ਜੰਗ ਲੜ ਰਹੇ ਹਨ।

ਇਹ ਵੀ ਪੜ੍ਹੋ ► ਕੋਰੋਨਾ ਦਾ ਕਹਿਰ : ਜਲੰਧਰ 'ਚ 3 ਮਰੀਜ਼ ਪਾਜ਼ੇਟਿਵ 

ਉਨ੍ਹਾਂ ਕਿਹਾ ਜਿਨ੍ਹਾਂ ਖ਼ਤਰਾ ਇਨ੍ਹਾਂ ਲੋਕਾਂ ਨੂੰ ਖ਼ੁਦ ਡਿਊਟੀ ਦੌਰਾਨ ਹੈ, ਇਸ ਤੋਂ ਵੱਧ ਖ਼ਤਰਾ ਡਿਊਟੀ ਤੋਂ ਘਰ ਪਰਿਵਾਰ 'ਚ ਵਾਪਸ ਆਉਣ 'ਤੇ ਹੈ। ਉਨ੍ਹਾਂ ਕਿਹਾ ਕਿ ਰੱਬ ਨਾ ਕਰੇ, ਖ਼ੁਦਾ ਨਾ ਖਾਸਤਾ ਡਿਊਟੀ ਦੌਰਾਨ ਇਹ ਲੋਕ ਕੋਰੋਨਾ ਦੀ ਲਪੇਟ 'ਚ ਆ ਜਾਂਦੇ ਹਨ ਤਾਂ ਇਹ ਸੰਭਾਵਿਕ ਹੋਵੇਗਾ ਕਿ ਘਰ ਵਾਪਸੀ 'ਤੇ ਇਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਕੋਰੋਨਾ ਦੀ ਲਪੇਟ 'ਚ ਆਉਣਗੇ। ਇਸ ਲਈ ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਇਨ੍ਹਾਂ ਲਈ ਸਿਹਤ ਬੀਮਾ ਲਾਜ਼ਮੀ ਬਣਾਇਆ ਜਾਵੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ 'ਚ ਕਰਫਿਊ ਲਾਉਣ ਦੇ ਫੈਸਲੇ ਦਾ ਸਵਾਗਤ ਕਰਦਿਆ ਕਿਹਾ ਕਿ ਇਸ ਨਾਲ ਹਾਲਾਤ ਨੂੰ ਕੰਟਰੋਲ ਕਰਨ 'ਚ ਮਦਦ ਮਿਲੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆ ਕਿਹਾ ਕਿ ਉਹ ਆਪਣੀਆਂ ਜਾਨਾਂ ਬਚਾਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦਾ ਸਖ਼ਤੀ ਨਾਲ ਪਾਲਣ ਕਰਨ। ਉਨ੍ਹਾਂ ਕਿਹਾ ਕਿ ਲੋਕ ਕਰਫਿਊ ਦਾ ਪੂਰੀ ਤਰ੍ਹਾਂ ਪਾਲਣ ਕਰਨ ਕਿਉਂਕਿ ਇਸ 'ਚ ਹੀ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਭਲਾ ਹੈ।

ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਨੇ ਘੇਰਿਆ ਪੰਜਾਬ, ਇਕੋ ਦਿਨ 'ਚ 6 ਮਾਮਲੇ ਪਾਜ਼ੇਟਿਵ

ਉਨ੍ਹਾਂ ਪਿੰਡਾਂ ਦੇ ਸਰਪੰਚਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸ਼ਹਿਰਾਂ 'ਚ ਕੌਂਸਲਰਾਂ ਅਤੇ ਮੰਦਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਔਖੀ ਘੜੀ ਵਿੱਚ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਉਣ। ਉਨ੍ਹਾਂ ਕਿਹਾ ਜੋ ਲੋਕ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਨਹੀਂ ਕਰ ਰਹੇ ਹਨ, ਉਨ੍ਹਾਂ ਲੋਕਾਂ ਨੂੰ ਚੀਨ ਅਤੇ ਇਟਲੀ ਦੇ ਲੋਕਾਂ ਦਾ ਹਸ਼ਰ ਸਾਹਮਣੇ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਤੋਂ ਸਬਕ ਲੈਣਾ ਚਾਹੀਦਾ ਹੈ। ਅੰਤ 'ਚ ਉਨ੍ਹਾਂ ਕਿਹਾ ਸਾਨੂੰ ਇਸ ਸੰਕਟ ਨੂੰ ਟਾਲਣ ਲਈ ਜਿਥੇ ਪੂਰੀ ਤਰ੍ਹਾਂ ਸਾਵਧਾਨੀ ਵਰਤਣੀ ਚਾਹੀਦੀ ਹੈ, ਉਥੇ ਸਾਨੂੰ ਨਿਤਨੇਮ ਅਤੇ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਇਸ ਸੰਕਟਮਈ ਸਥਿਤੀ 'ਚੋਂ ਬਾਹਰ ਨਿਕਲਣ ਵਾਸਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਸਨਮੁੱਖ ਦੋਵੇਂ ਟਾਈਮ ਅਰਦਾਸ ਕਰਨੀ ਚਾਹੀਦੀ ਹੈ ।

ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਦਾ ਖੌਫ : ਸੰਨੀ ਦਿਓਲ ਵਲੋਂ ਲੋਕਾਂ ਨੂੰ ਅਪੀਲ (ਵੀਡੀਓ)


Anuradha

Content Editor

Related News