ਮੋਹਾਲੀ ''ਚ 1,16,760 ਪਰਿਵਾਰਾਂ ਦਾ ਹੋਵੇਗਾ ''ਸਿਹਤ ਬੀਮਾ''

08/06/2019 2:10:23 PM

ਮੋਹਾਲੀ (ਨਿਆਮੀਆਂ) : 'ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ' ਨੂੰ ਮੋਹਾਲੀ 'ਚ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਸੂਬੇ ਭਰ 'ਚ ਇਸ ਯੋਜਨਾ ਦੀ ਰਸਮੀ ਸ਼ੁਰੂਆਤ 20 ਅਗਸਤ ਤੋਂ ਹੋਵੇਗੀ, ਜਿਸ ਤਹਿਤ ਸੂਬੇ ਦੇ 43 ਲੱਖ ਪਰਿਵਾਰਾਂ ਦਾ ਸਿਹਤ ਬੀਮਾ ਕੀਤਾ ਜਾਵੇਗਾ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਸ ਵੱਕਾਰੀ ਯੋਜਨਾ ਤਹਿਤ ਇਕ ਪਰਿਵਾਰ ਦਾ ਸਲਾਨਾ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦਾ ਬੀਮਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੋਹਾਲੀ 'ਚ 1,16,760 ਪਰਿਵਾਰਾਂ ਦਾ ਸਿਹਤ ਬੀਮਾ ਕੀਤਾ ਜਾਵੇਗਾ। ਇਸ ਸਬੰਧੀ ਜ਼ਿਲੇ 'ਚ ਈ-ਕਾਰਡ ਬਣਾਉਣ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਸਿਹਤ ਵਿਭਾਗ ਦੇ ਸੀਨੀਅਰ ਮੈਡੀਕਲ ਅਫਸਰਾਂ, ਏ. ਐੱਨ. ਐੱਮਜ਼ ਤੇ ਹੋਰ ਸਟਾਫ ਨੂੰ ਲੋੜੀਂਦੀ ਸਿਖਲਾਈ ਦੇ ਦਿੱਤੀ ਗਈ ਹੈ।
ਸਿਵਲ ਸਰਜਨ ਨੇ ਮੋਹਾਲੀ ਨੇੜੇ ਖੂਨੀਮਾਜਰਾ ਦੇ ਪਾਲੀਟੈਕਨੀਕਲ ਕਾਲਜ 'ਚ ਚੱਲ ਰਹੇ ਟ੍ਰੇਨਿੰਗ ਸੈਸ਼ਨ 'ਚ ਸ਼ਿਰੱਕਤ ਕੀਤੀ ਅਤੇ ਟ੍ਰੇਨਿੰਗ ਲੈ ਰਹੇ ਕਾਮਨ ਸਰਵਿਸ ਸੈਂਟਰ ਦੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀ ਪਰਿਵਾਰ ਸਰਕਾਰੀ ਅਤੇ ਸੂਚੀਬੱਧ ਨਿਜੀ ਹਸਪਤਾਲਾਂ 'ਚ ਮੁਫਤ ਇਲਾਜ ਕਰਵਾ ਸਕਣਗੇ। ਇਹ ਮੁਲਾਜ਼ਮ ਪਿੰਡ ਪੱਧਰ 'ਤੇ ਜਾ ਕੇ ਇਸ ਯੋਜਨਾ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਗੇ ਅਤੇ ਉਨ੍ਹਾਂ ਦੇ ਈ-ਕਾਰਡ ਬਣਵਾਉਣ 'ਚ ਮਦਦ ਕਰਨਗੇ।  ਸਿਵਲ ਸਰਜਨ ਨੇ ਦੱਸਿਆ ਕਿ ਮੋਹਾਲੀ ਦੇ ਜ਼ਿਲਾ ਹਸਪਤਾਲ, ਵੀ ਕੇਅਰ ਹਸਪਤਾਲ, ਇੰਡਸ ਇੰਟਰਨੈਸ਼ਨਲ ਹਸਪਤਾਲ, ਮਨਜੀਤ ਆਈ ਹਸਪਤਾਲ, ਗਰੇਸ਼ੀਅਨ ਸੁਪਰ ਸਪੈਸ਼ਲਿਟੀ ਹਸਪਤਾਲ, ਬਹਿਗਲ ਇੰਸਟੀਚਿਊਟ ਆਫ ਆਈ. ਟੀ. ਐਂਡ ਰੈਡੀਏਸ਼ਨ ਟੈਕਨਾਲੋਜੀ ਐਂਡ ਬਹਿਗਲ ਹਸਪਤਾਲ, ਚੌਧਰੀ ਹਸਪਤਾਲ ਅਤੇ ਹੋਰ ਸ਼ਾਮਲ ਹਨ, ਜਿੱਥੇ ਲਾਭਪਾਤਰੀ ਪਰਿਵਾਰ ਆਪਣਾ ਇਲਾਜ ਕਰਵਾ ਸਕਦੇ ਹਨ।


Babita

Content Editor

Related News