ਕੋਰੋਨਾ ਵਾਇਰਸ : 11 ਇਲਾਕਿਆਂ ਵਿਚ ਸਿਹਤ ਵਿਭਾਗ ਦਾ ਸਰਵੇ, 41 ਸੈਂਪਲ ਲਏ
Wednesday, Jun 24, 2020 - 07:30 AM (IST)
ਸ਼ਾਹਕੋਟ, (ਤ੍ਰੇਹਨ)-ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਧਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਨੇ ਮੰਗਲਵਾਰ ਨੂੰ ਵੱਡੇ ਪੱਧਰ ’ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਟੀਮਾਂ ਨੇ ਇਕੱਠਿਆਂ 11 ਇਲਾਕਿਆਂ ਵਿਚ ਸਰਵੇ ਕੀਤਾ ਅਤੇ ਕੋਰੋਨਾ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਸੂਚੀ ਤਿਆਰ ਕੀਤੀ। ਇਸ ਦਰਮਿਆਨ 26 ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ, ਜਦਕਿ ਇਨ੍ਹਾਂ ਸੰਪਰਕਾਂ ਸਮੇਤ 41 ਲੋਕਾਂ ਦਾ ਸੀ. ਐੱਚ. ਸੀ. ਸ਼ਾਹਕੋਟ ਵਿਖੇ ਕੋਰੋਨਾ ਟੈਸਟ ਕੀਤਾ ਗਿਆ। ਟੈਸਟ ਕਰਵਾਉਣ ਵਾਲਿਆਂ ਵਿਚ ਪਾਜ਼ੀਟਿਵ ਆਏ ਕਰਿਆਨਾ ਦੁਕਾਨਦਾਰ ਅਤੇ ਪੁਲਸ ਮੁਲਾਜ਼ਮ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹਨ।
ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਮੰਗਲਵਾਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਨੇ ਸ਼ਾਹਕੋਟ ਸ਼ਹਿਰੀ ਖੇਤਰ ਅਤੇ ਪਿੰਡਾਂ ਵਿਚ ਇਕੱਠਿਆਂ ਸਰਵੇ ਸ਼ੁਰੂ ਕੀਤਾ। ਸ਼ਾਹਕੋਟ ਦੇ ਮੁਹੱਲਾ ਆਜ਼ਾਦ ਨਗਰ, ਧੂੜਕੋਟ, ਬਾਂਸਾਂ ਵਾਲਾ ਬਾਜ਼ਾਰ ਅਤੇ ਨਿਊ ਕਰਤਾਰ ਨਗਰ ਵਿਖੇ ਸਰਵੇ ਕੀਤਾ ਗਿਆ। ਇਸੇ ਤਰ੍ਹਾਂ ਬਾਹਮਣੀਆਂ, ਬਾਹਮਣੀਆਂ ਖੁਰਦ, ਭੋਏਪੁਰ, ਥੰਮੂਵਾਲ, ਸਾਂਦਾ, ਤਲਵੰਡੀ ਸੰਘੇੜਾ ਅਤੇ ਸੈਦਪੁਰ ਝਿੜੀ ਵਿਖੇ ਟੀਮਾਂ ਨੇ ਸਰਵੇ ਕੀਤਾ ਅਤੇ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਲਿਸਟ ਬਣਾਈ। ਡਾ. ਦੁੱਗਲ ਨੇ ਦੱਸਿਆ ਕਿ ਸੀ. ਐੱਚ. ਸੀ. ਵਿਖੇ ਮੰਗਲਵਾਰ ਨੂੰ 41 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਜਦਕਿ ਨਵਾਂ ਕੋਈ ਕੇਸ ਨਹੀਂ ਆਇਆ।
ਬੀ. ਈ. ਈ. ਚੰਦਨ ਮਿਸ਼ਰਾ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਨੇ ਮੰਗਲਵਾਰ ਨੂੰ 1,744 ਘਰਾਂ ਦਾ ਸਰਵੇ ਕੀਤਾ ਅਤੇ 4,413 ਲੋਕਾਂ ਦੀ ਸਕ੍ਰੀਨਿੰਗ ਕੀਤੀ। ਇਸ ਦਰਮਿਆਨ 26 ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ। ਉਨ੍ਹਾਂ ਲੋਕਾਂ ਤੋਂ ਅਪੀਲ ਕੀਤੀ ਕਿ ਜੇਕਰ ਉਹ ਜਾਂ ਪਰਿਵਾਰ ਦਾ ਕੋਈ ਵਿਅਕਤੀ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਇਆ ਹੈ, ਤਾਂ ਉਹ ਇਸ ਬਾਰੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਜ਼ਰੂਰ ਜਾਣਕਾਰੀ ਦੇਣ, ਤਾਂ ਜੋ ਸਮੇਂ ਸਿਰ ਢੁੱਕਵੀਂ ਕਾਰਵਾਈ ਕੀਤੀ ਜਾ ਸਕੇ ਅਤੇ ਕਮਿਊਨਿਟੀ ਟ੍ਰਾਂਸਮਿਸ਼ਨ ਨੂੰ ਰੋਕਿਆ ਜਾ ਸਕੇ। ਅਜਿਹੀ ਜਾਣਕਾਰੀ ਨੂੰ ਲੁਕਾਉਣਾ ਉਨ੍ਹਾਂ ਦੇ ਹੀ ਪਰਿਵਾਰਾਂ ਲਈ ਘਾਤਕ ਹੋ ਸਕਦਾ ਹੈ।