ਦੀਵੇ ਥੱਲੇ ਹਨ੍ਹੇਰਾ : ਸਿਹਤ ਮਹਿਕਮੇ ਦੇ ਆਪਣੇ ਘਰ ਨਿਯਮਾਂ ਦੀ ਪਾਲਣਾ ਨਾਹ ਦੇ ਬਰਾਬਰ

Tuesday, Jun 09, 2020 - 05:42 PM (IST)

ਦੀਵੇ ਥੱਲੇ ਹਨ੍ਹੇਰਾ : ਸਿਹਤ ਮਹਿਕਮੇ ਦੇ ਆਪਣੇ ਘਰ ਨਿਯਮਾਂ ਦੀ ਪਾਲਣਾ ਨਾਹ ਦੇ ਬਰਾਬਰ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) : ਕੋਵਿਡ-19 ਹੋਵੇ ਜਾਂ ਫ਼ਿਰ ਕੋਈ ਹੋਰ ਮਹਾਮਾਰੀ, ਹਰ ਵਾਰ ਲੋਕਾਂ ਨੂੰ ਹਦਾਇਤਾਂ ਜਾਰੀ ਕਰਨ ਵਾਲੇ ਸਿਹਤ ਮਹਿਕਮੇ ਦੇ ਆਪਣੇ ਘਰ ਨਿਯਮਾਂ ਦੀ ਪਾਲਣਾ ਨਾਹ ਦੇ ਬਰਾਬਰ ਹੈ। ਅਜਿਹੀ ਤਸਵੀਰ ਇਸ ਵਕਤ ਓਟ ਸੈਂਟਰਾਂ 'ਚ ਆਮ ਹੀ ਦੇਖੀ ਜਾ ਸਕਦੀ ਹੈ, ਜਿੱਥੇ ਨਸ਼ਾ ਛੱਡਣ ਵਾਲੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਪਰ ਲੋਕਾਂ 'ਚ ਸਮਾਜਿਕ ਦੂਰੀ ਦੀ ਪਾਲਣਾ ਕਿਧਰੇ ਵੀ ਵਿਖਾਈ ਨਹੀਂ ਦੇ ਰਹੀ। ਸਰਕਾਰ ਵੱਲੋਂ ਨਸ਼ਾ ਛੱਡਣ ਦੀ ਦਵਾਈ ਦੇਣ ਲਈ ਸਰਕਾਰੀ ਹਸਪਤਾਲਾਂ ਵਿੱਚ ਬਣਾਏ ਗਏ ਓਟ ਸੈਂਟਰਾਂ 'ਤੇ ਵੱਡੀ ਤਾਦਾਦ ਵਿੱਚ ਇਕੱਠ ਵੇਖਿਆ ਜਾ ਸਕਦਾ ਹੈ। 

ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਉੱਡਾ ਰਹੀਆਂ ਸਮਾਜਿਕ ਦੂਰੀ ਦੀਆਂ ਧੱਜੀਆਂ  
ਸਥਾਨਕ ਸਿਵਲ ਹਸਪਤਾਲ ਵਿਖੇ ਬਣੇ ਓਟ ਸੈਂਟਰ 'ਚ ਮਰੀਜ਼ਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਉਂਦੀਆਂ ਨਜ਼ਰ ਆਉਂਦੀਆਂ ਹਨ। ਸਿਹਤ ਮਹਿਕਮੇ ਵੱਲੋਂ ਆਮ ਲੋਕਾਂ ਨੂੰ ਤਾਂ ਇਹ ਹਦਾਇਤ ਕੀਤੀ ਜਾ ਰਹੀ ਹੈ ਕਿ ਕੋਰੋਨਾ ਦੀ ਬੀਮਾਰੀ ਤੋਂ ਬਚਣ ਲਈ ਲੋਕ ਸਮਾਜਿਕ ਦੂਰੀ ਬਣਾਕੇ ਰੱਖਣ, ਉਥੇ ਹੀ ਸਿਹਤ ਮਹਿਕਮੇ ਅਧੀਨ ਚੱਲ ਰਹੇ ਸਰਕਾਰੀ ਹਸਪਤਾਲ ਵਿਖੇ ਸਮਾਜਿਕ ਦੂਰੀ ਨਾਂ ਦੀ ਕੋਈ ਚੀਜ਼ ਫ਼ਿਲਹਾਲ ਨਜ਼ਰ ਨਹੀਂ ਆ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਇੰਨ੍ਹਾਂ ਵਿਅਕਤੀਆਂ ਨੂੰ ਪਹਿਲਾਂ ਇੱਕਦਿਨ ਦੀ ਦਵਾਈ ਦਿੱਤੀ ਜਾਂਦੀ ਸੀ ਅਤੇ ਤਾਲਾਬੰਦੀ ਦੌਰਾਨ ਇਹ ਦਵਾਈ 15 ਦਿਨ ਅਤੇ ਫ਼ਿਰ 21 ਦਿਨ ਦੀ ਕਰ ਦਿੱਤੀ ਗਈ ਪਰ ਹੁਣ ਫ਼ਿਰ ਤੋਂ ਦਵਾਈ ਚਾਰ ਤੋਂ ਪੰਜ ਦਿਨ ਦੀ ਕਰ ਦਿੱਤੀ ਗਈ ਹੈ, ਜਿਸ ਕਰਕੇ ਹਸਪਤਾਲ ਵਿੱਚ ਓਟ ਸੈਂਟਰ ਦੇ ਬਾਹਰ ਲੰਬੀਆਂ ਕਤਾਰਾਂ ਨਜ਼ਰ ਆਉਂਦੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨੇੜੇ ਦੇ ਸਿਹਤ ਕੇਂਦਰ ਚੱਕ ਸ਼ੇਰੇਵਾਲਾ ਅਤੇ ਦੋਦਾ ਵਿਖੇਵੀ ਦਵਾਈ ਨਾ ਪਹੁੰਚਣ ਕਾਰਨ ਉਥੋਂ ਦੇ ਓਟ ਸੈਂਟਰਾਂ ਤੋਂ ਦਵਾਈ ਲੈਣ ਵਾਲੇ ਵਿਅਕਤੀ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਪਹੁੰਚਣੇ ਸ਼ੁਰੂ ਹੋ ਗਏ, ਜਿਸ ਕਾਰਨ ਇਹ ਕਤਾਰਾਂ ਹੋਰ ਵੀ ਲੰਬੀਆਂ ਹੋ ਗਈਆਂ ਹਨ। ਕਤਾਰਾਂ ਵਿੱਚ ਖੜ੍ਹੇ ਵਿਅਕਤੀ ਜਿੱਥੇ ਗਰਮੀ ਤੋਂ ਪਰੇਸ਼ਾਨ ਹਨ, ਉਥੇ ਹੀ ਇਹ ਗੱਲ ਵੀ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ ਕਿ ਕਿਤੇ ਨਸ਼ੇ ਜਿਹੀ ਨਾਮੁਰਾਦ ਬੀਮਾਰੀ ਨੂੰ ਛੱਡਦਿਆਂ ਛੱਡਦਿਆਂ ਉਹ ਕੋਰੋਨਾ ਜਿਹੀ ਅਲਾਮਤ ਨਾ ਸਹੇੜ ਲੈਣ।

PunjabKesari

ਕਤਾਰਾਂ ਵਿੱਚ ਖੜ੍ਹੇ ਵਿਅਕਤੀਆਂ ਦੀ ਮੰਗ
ਪਿੰਡ ਆਸਾ ਬੁੱਟਰ ਵਾਸੀ ਜਰਨੈਲ ਸਿੰਘ, ਸ੍ਰੀ ਮੁਕਤਸਰ ਸਾਹਿਬ ਵਾਸੀ ਦਰਸ਼ਨ ਸਿੰਘ, ਹਰਜੀਤ ਸਿੰਘ, ਗੁਰਵਿੰਦਰ ਸਿੰਘ, ਰਵੀ ਕੁਮਾਰ ਆਦਿ ਨੇ ਦੱਸਿਆ ਕਿ ਦਵਾਈ ਹੁਣ ਚਾਰ ਦਿਨ ਦੀ ਦਿੱਤੀ ਜਾ ਰਹੀ ਹੈ ਅਤੇ ਚਾਰ ਦਿਨ ਬਾਅਦ ਫ਼ਿਰ ਉਨ੍ਹਾਂ ਨੂੰ ਇਸੇ ਤਰ੍ਹਾਂ ਹੀ ਕਤਾਰਾਂ ਵਿੱਚ ਲੱਗ ਕੇ ਦਵਾਈ ਲੈਣੀ ਪਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਇਹ ਦਵਾਈ 15 ਜਾਂ 21 ਦਿਨਾਂ ਦੀ ਦੇਵੇ ਜਿਸ ਨਾਲ ਜਿੱਥੇ ਇਕੱਠ ਘਟੇਗਾ, ਉਥੇ ਹੀ ਦਵਾਈ ਲੈਣ ਵਾਲੇ ਵਿਅਕਤੀਆਂ ਨੂੰ ਵੀ ਵਾਰ-ਵਾਰ ਹਸਪਤਾਲ ਦੇ ਚੱਕਰ ਨਾ ਲਗਾਉਣੇ ਪੈਣਗੇ।

ਨੇੜਲੇ ਸੈਂਟਰਾਂ ਵਿੱਚ ਪਹੁੰਚ ਗਈ ਹੈ ਦਵਾਈ : ਸਿਵਲ ਸਰਜਨ
ਇਸ ਮਾਮਲੇ ਸਬੰਧੀ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੱਛੋਂ ਸਪਲਾਈ ਘੱਟ ਹੋਣ ਕਰਕੇ ਪਹਿਲਾਂ ਦਵਾਈ ਨਜ਼ਦੀਕੀ ਸੈਂਟਰਾਂ 'ਚ ਨਹੀਂ ਪੁੱਜੀ ਸੀ, ਜਿਸ ਕਰਕੇ ਇਹ ਲੰਬੀਆਂ ਕਤਾਰਾਂ ਲੱਗੀਆਂ ਸਨ। ਹੁਣ ਦਵਾਈ ਨਜ਼ਦੀਕ ਸੈਂਟਰਾਂ ਵਿੱਚ ਪਹੁੰਚ ਗਈ ਹੈ ਅਤੇ ਹਦਾਇਤਾਂ ਅਨੁਸਾਰ ਇਸਦੀ ਵੰਡ ਕੀਤੀ ਜਾ ਰਹੀ ਹੈ, ਜਿਸ ਉਪਰੰਤ ਓਟ ਸੈਂਟਰਾਂ ਦੇ ਬਾਹਰ ਇਕੱਠ ਘੱਟ ਜਾਵੇਗਾ।


author

Anuradha

Content Editor

Related News