ਤਕੀਪੁਰ ਕੋਰੋਨਾ ਦੁਖਾਂਤ ਤੋਂ ਬਾਅਦ ਮੁਸਤੈਦ ਹੋਇਆ ਸਿਹਤ ਵਿਭਾਗ, 74 ਕੋਰੋਨਾ ਨਮੂਨੇ ਆਏ ਨੇਗੈਟਿਵ

Monday, May 10, 2021 - 11:14 PM (IST)

ਤਕੀਪੁਰ ਕੋਰੋਨਾ ਦੁਖਾਂਤ ਤੋਂ ਬਾਅਦ ਮੁਸਤੈਦ ਹੋਇਆ ਸਿਹਤ ਵਿਭਾਗ, 74 ਕੋਰੋਨਾ ਨਮੂਨੇ ਆਏ ਨੇਗੈਟਿਵ

ਲੌਂਗੋਵਾਲ, (ਵਸ਼ਿਸ਼ਟ)- ਪਿੰਡ ਤਕੀਪੁਰ ਚ ਇਕ ਪਰਿਵਾਰ ਦੇ ਚਾਰ ਜੀਆਂ ਦੀ ਬਲੀ ਲੈਣ ਵਾਲੇ ਵਾਪਰੇ ਕੋਰੋਨਾ ਦੁਖਾਂਤ ਦੀ ਚਿੰਤਾ ਵਿਚ ਡੁੱਬੇ ਪਿੰਡ ਦੇ ਲੋਕਾਂ ਨੂੰ ਅੱਜ ਉਸ ਵੇਲੇ ਕੁਝ ਰਾਹਤ ਮਹਿਸੂਸ ਹੋਈ ਜਦ ਸਿਹਤ ਵਿਭਾਗ ਦੀ ਟੀਮ ਨੇ ਮੁਸਤੈਦ ਹੁੰਦਿਆਂ ਦੋ ਦਿਨਾਂ ’ਚ ਲਏ ਕੋਵਿਡ-19 ਦੇ 74 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆ ਗਈ। ਸਿਹਤ ਵਿਭਾਗ ਦੀ ਟੀਮ ਵੱਲੋਂ ਦੋ ਦਿਨਾਂ ਤੋਂ ਪਿੰਡ ਵਿਚ ਡੇਰੇ ਲਗਾਏ ਹੋਏ ਹਨ । ਇਸ ਸਬੰਧ ’ਚ ਐੱਸ.ਐੱਮ.ਓ. ਡਾ.ਅੰਜੂ ਸਿੰਗਲਾ ਨੇ ਦੱਸਿਆ ਕਿ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੱਲ ਪਿੰਡ ਵਿੱਚੋਂ 38 ਅਤੇ ਅੱਜ 36 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਰਾਹਤ ਦੀ ਖਬਰ ਇਹ ਹੈ ਕਿ ਸਾਰੀਆਂ ਹੀ ਰਿਪੋਰਟਾਂ ਨੈਗੇਟਿਵ ਆਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸੈਂਪਲਿੰਗ ਪੀਡ਼ਤ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਨੇੜਲੇ ਗੁਆਂਢੀਆਂ ਅਤੇ ਹੋਰਨਾਂ ਲੋਕਾਂ ਦੀ ਕੀਤੀ ਗਈ ਸੀ।ਡਾ.ਸਿੰਗਲਾ ਨੇ ਦੱਸਿਆ ਕਿ ਇਸ ਦੌਰਾਨ ਹੀ ਪਿੰਡ ’ਚ ਟੀਕਾਕਰਨ ਕੈਂਪ ਵੀ ਲਗਾਇਅ ਗਿਆ। ਜਿਸ ਦੌਰਾਨ 9 ਵਿਅਕਤੀਆਂ ਦੀ ਵੈਕਸੀਨੇਸ਼ਨ ਵੀ ਕੀਤੀ ਗਈ। ਪਿੰਡ ਦੀ ਸਰਪੰਚ ਮਨਜੀਤ ਕੌਰ ਅਤੇ ਯੂਥ ਆਗੂ ਧਰਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਸਾਬਕਾ ਸਰਪੰਚ ਤਰਲੋਕ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਹੋਈਆ ਦਰਦਨਾਕ 4 ਮੌਤਾਂ ਤੋਂ ਬਾਅਦ ਪਿੰਡ ਵਾਸੀ ਦਹਿਸ਼ਤ ਦੇ ਮਾਹੌਲ ਵਿਚ ਸਨ। ਜਿਸ ’ਤੇ ਗਰਾਮ ਪੰਚਾਇਤ ਨੇ ਸਾਵਧਾਨੀਆਂ ਵਰਤਣ ਦੇ ਨਾਲ ਨਾਲ ਸਮੂਹ ਪਿੰਡ ਵਾਸੀਆਂ ਦਾ ਕੋਰੋਨਾ ਟੈਸਟ ਅਤੇ ਟੀਕਾਕਰਨ ਕਰਵਾਉਣ ਦਾ ਫ਼ੈਸਲਾ ਲਿਆ ਹੈ।

ਪੰਚਾਇਤ ਨੇ ਇਹ ਯਕੀਨੀ ਬਣਾਇਆਾ ਹੈ ਕਿ ਪਿੰਡ ਵਾਸੀ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਨਾਉਣ ਸਮੇਤ ਪੂਰੀ ਤਰ੍ਹਾਂ ਨਾਲ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ। ਆਗੂਆਂ ਨੇ ਦੱਸਿਆ ਕਿ ਬਾਕੀ ਰਹਿੰਦੇ ਪਿੰਡ ਵਾਸੀਆਂ ਦਾ ਵੀ ਕੋਰੋਨਾ ਟੈਸਟ ਕਰਵਾਇਆ ਜਾਵੇਗਾ।

ਪਿੰਡ ਦੇ ਲੋਕਾਂ ਨੂੰ ਭਾਵੇਂ ਕੋਰੋਨਾ ਟੈਸਟਾਂ ਦੀਆਂ ਰਿਪੋਰਟਾਂ ਤੋਂ ਬਾਅਦ ਕੁਝ ਰਾਹਤ ਮਿਲੀ ਹੈ ਪਰ ਅਗਾਓ ਬਚਾਓ ਨੂੰ ਲੈ ਕੇ ਅੰਦਰੂਨੀ ਦਸ਼ਹਿਤ ਉਸੇ ਤਰ੍ਹਾਂ ਬਰਕਰਾਰ ਹੈ। ਜਿਸ ਦੀ ਬਦੌਲਤ ਪਿੰਡ ਦੀਆਂ ਗਲੀਆਂ ਸੜਕਾਂ ਅਤੇ ਸੱਥਾਂ ’ਤੇ ਕੋਈ ਰੌਣਕ ਨਹੀਂ ਹੈ। ਜ਼ਿਆਦਾਤਰ ਲੋਕ ਆਪਣੇ ਘਰਾਂ ’ਚ ਹੀ ਰਹਿਣਾ ਪਸੰਦ ਕਰਦੇ ਹਨ । ਕੋਰੋਨਾ ਟੈਸਟ ਅਤੇ ਟੀਕਾਕਰਨ ਕਰਵਾਉਣ ਸਮੇਂ ਵੀ ਪਿੰਡ ਦੇ ਲੋਕ ਹਦਾਇਤਾਂ ਦਾ ਪਾਲਣ ਕਰਦੇ ਨਜ਼ਰ ਆਏ।


author

Bharat Thapa

Content Editor

Related News