ਫੈਕਟਰੀ 'ਤੇ ਛਾਪੇ ਦੌਰਾਨ 550 ਕਿਲੋ ਨਕਲੀ ਪਨੀਰ ਬਰਾਮਦ, ਕੀਤਾ ਨਸ਼ਟ (ਤਸਵੀਰਾਂ)

Thursday, Aug 23, 2018 - 09:14 AM (IST)

ਫੈਕਟਰੀ 'ਤੇ ਛਾਪੇ ਦੌਰਾਨ 550 ਕਿਲੋ ਨਕਲੀ ਪਨੀਰ ਬਰਾਮਦ, ਕੀਤਾ ਨਸ਼ਟ (ਤਸਵੀਰਾਂ)

ਸਮਰਾਲਾ (ਗਰਗ) : ਪੰਜਾਬ 'ਚ ਮਿਲਾਵਟਖੋਰੀ ਨੂੰ ਰੋਕਣ ਲਈ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਰਕਾਰ ਵੱਲੋਂ ਚੁੱਕੇ ਜਾ ਰਹੇ ਸਖ਼ਤ ਕਦਮਾਂ ਅਧੀਨ ਸਿਹਤ ਵਿਭਾਗ ਦੀ ਇਕ ਟੀਮ ਨੇ ਬੁੱਧਵਾਰ ਦੇਰ ਰਾਤ ਇਕ ਵੱਡੀ ਕਾਰਵਾਈ ਕਰਦਿਆਂ ਸਮਰਾਲਾ ਨੇੜੇ ਦੇ ਪਿੰਡ ਜਟਾਣਾ (ਖਮਾਣੋਂ) ਵਿਖੇ ਮਿਲਕ ਉਤਪਾਦ ਤਿਆਰ ਕਰਨ ਵਾਲੀ ਇਕ ਫੈਕਟਰੀ 'ਤੇ ਛਾਪਾਮਾਰੀ ਕੀਤੀ। ਵਿਭਾਗ ਦੀ ਉੱਚ ਪੱਧਰੀ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਇਸ ਕਾਰਵਾਈ ਦੌਰਾਨ ਦੇਰ ਰਾਤ 12 ਵਜੇ ਤੱਕ ਇਹ ਛਾਪੇਮਾਰੀ ਜਾਰੀ ਰਹੀ। 

PunjabKesari

ਇਸ ਦੌਰਾਨ ਟੀਮ ਦੀ ਅਗਵਾਈ ਕਰ ਰਹੀ ਫੂਡ ਸੇਫਟੀ ਅਫ਼ਸਰ ਜਸਪਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਇਸ ਫੈਕਟਰੀ 'ਚੋਂ 550 ਕਿਲੋ ਅਜਿਹਾ ਤਿਆਰ ਕੀਤਾ ਪਨੀਰ ਬਰਾਮਦ ਹੋਇਆ, ਜੋ ਕਿ ਕਿਸੇ ਇਨਸਾਨ ਦੇ ਖਾਣ ਲਾਇਕ ਨਹੀਂ ਸੀ। ਇਸ ਪਨੀਰ ਨੂੰ ਖਾਣ ਨਾਲ ਸਿਹਤ ਵਿਗੜ ਸਕਦੀ ਸੀ, ਇਸ ਲਈ ਸਾਰੇ ਪਨੀਰ ਨੂੰ ਕਬਜ਼ੇ ਵਿੱਚ ਲੈ ਕੇ ਸਿਹਤ ਟੀਮ ਨੇ ਆਪਣੀ ਨਿਗਰਾਨੀ ਅਧੀਨ ਇਸ ਨੂੰ ਮੌਕੇ 'ਤੇ ਹੀ ਨਸ਼ਟ ਕਰਵਾ ਦਿੱਤਾ। ਇਸ ਤੋਂ ਇਲਾਵਾ ਫੈਕਟਰੀ 'ਚ ਸਟੋਰ ਕੀਤਾ ਕਈ ਕੁਇੰਟਲ ਦੁੱਧ ਅਤੇ ਕਰੀਮ ਦੀ ਕੁਆਲਟੀ ਚੈੱਕ ਕਰਨ ਲਈ ਵੀ ਸਿਹਤ ਟੀਮ ਨੇ ਇਨ੍ਹਾਂ ਦੀ ਸੈਪਲਿੰਗ ਕਰਕੇ ਟੈਸਟ ਲਈ ਇਨ੍ਹਾਂ ਨੂੰ ਤੁਰੰਤ ਸਰਕਾਰੀ ਲੈਬਾਰਟਰੀ ਵਿੱਚ ਭੇਜ ਦਿੱਤਾ ਹੈ।

PunjabKesari

ਫੂਡ ਸੇਫਟੀ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ ਸਾਰੀ ਰਿਪੋਰਟ ਆ ਜਾਵੇਗੀ, ਉਸ ਤੋਂ ਬਾਅਦ ਇਸ ਫੈਕਟਰੀ ਖਿਲਾਫ਼ ਅਗਲੀ ਕਾਰਵਾਈ ਕੀਤੀ ਜਾਵੇਗੀ। ਪਰ ਮੁੱਢਲੇ ਤੌਰ 'ਤੇ ਪ੍ਰਾਪਤ ਹੋਈਆਂ ਸੂਚਨਾਵਾਂ ਮੁਤਾਬਕ ਫੂਡ ਸੇਫਟੀ ਟੀਮ ਨੂੰ ਇਸ ਛਾਪੇਮਾਰੀ ਦੌਰਾਨ ਵੱਡੀ ਕਾਮਯਾਬੀ ਮਿਲੀ ਹੈ। ਫੂਡ ਸੇਫਟੀ ਟੀਮ ਵੱਲੋਂ ਫੈਕਟਰੀ 'ਤੇ ਛਾਪੇਮਾਰੀ ਕਰਨ ਮੌਕੇ ਪੁਲਸ ਵੀ ਹਾਜ਼ਰ ਰਹੀ ਅਤੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਫੈਕਟਰੀ ਦੇ ਅੰਦਰ ਨਹੀਂ ਸੀ ਜਾਣ ਦਿੱਤਾ ਜਾ ਰਿਹਾ।


Related News