ਸਿਹਤ ਵਿਭਾਗ ਆਪਣੇ ਹੀ ਸਕੱਤਰ ਦੇ ਨਿਰਦੇਸ਼ਾਂ ਦਾ ਨਹੀਂ ਕਰ ਰਿਹਾ ਪਾਲਣ
Thursday, Mar 19, 2020 - 11:52 PM (IST)
ਅੰਮ੍ਰਿਤਸਰ, (ਦਲਜੀਤ ਸ਼ਰਮਾ)— ਸਿਹਤ ਵਿਭਾਗ ਕਰੋਨਾ ਵਾਇਰਸ ਦੇ ਸਬੰਧ 'ਚ ਜਾਰੀ ਆਪਣੇ ਹੀ ਵਿਭਾਗ ਦੇ ਸਕੱਤਰ ਦੇ ਨਿਰਦੇਸ਼ਾਂ ਨੂੰ ਨਹੀਂ ਮੰਨ ਰਿਹਾ ਹੈ । ਵਿਭਾਗ ਵਲੋਂ ਜਾਰੀ ਕੀਤੇ ਗਏ ਮਾਪਦੰਡਾਂ ਨੂੰ ਅਣਦੇਖਾ ਕਰਦੇ ਹੋਏ ਸਰਕਾਰੀ ਰੀ-ਹੈਬ ਕੇਂਦਰ 'ਚ 43 ਯਾਤਰੀਆਂ ਸਮੇਤ 20 ਤੋਂ ਜ਼ਿਆਦਾ ਡਾਕਟਰ ਅਤੇ ਹੋਰ ਸਟਾਫ ਨੂੰ ਇਕੱਠਿਆਂ ਹੀ ਇਕ ਹੀ ਕੇਂਦਰ 'ਚ ਰੱਖਿਆ ਗਿਆ ਹੈ। ਸਕੱਤਰ ਦੇ ਨਿਰਦੇਸ਼ਾਂ ਨੂੰ ਠੇਂਗਾ ਵਿਖਾਉਂਦੇ ਹੋਏ ਅਧਿਕਾਰੀ ਆਪਣੇ ਹੀ ਹੁਕਮ ਆਪਣੇ ਹੀ ਵਿਭਾਗ ਤੇ ਲਾਗੂ ਨਹੀਂ ਕਰਵਾ ਰਹੇ ਹਨ ਦੂਸਰੇ ਤੋਂ ਕੀ ਕਰਵਾਉਣਗੇ, ਇਹ ਇਕ ਵੱਡਾ ਸਵਾਲ ਹੈ।
ਜਾਣਕਾਰੀ ਅਨੁਸਾਰ ਸਿਹਤ ਸਕੱਤਰ ਵਲੋਂ ਬੁੱਧਵਾਰ ਨੂੰ ਜਾਰੀ ਨਿਰਦੇਸ਼ਾਂ ਦੇ ਅਨੁਸਾਰ ਇਕ ਜਗ੍ਹਾ ਤੇ 50 ਵਿਅਕਤੀਆਂ ਦੇ ਰਹਿਣ ਤੇ ਪਾਬੰਦੀ ਲਗਾ ਦਿੱਤੀ ਸੀ। ਪਰ ਸਰਕਾਰ ਵਲੋਂ ਵੀਰਵਾਰ ਇਸ ਪਾਬੰਦੀ ਦੀ ਸੰਖਿਆ ਨੂੰ ਘੱਟ ਕਰਦੇ ਹੋਏ 20 ਕਰ ਦਿੱਤਾ ਗਿਆ ਹੈ। ਸਰਕਾਰ ਦੇ ਨਿਰਦੇਸ਼ਾਂ ਦੇ ਉਲਟ ਜਾ ਕੇ ਰੀ ਹੈਬ ਕੇਂਦਰ ਵਿੱਚ ਅਟਾਰੀ ਬਾਰਡਰ ਤੋਂ ਪਾਕਿਸਤਾਨ ਤੋਂ ਆਏ 43 ਯਾਤਰੀਆਂ ਨੂੰ ਜਿੱਥੇ ਰੱਖਿਆ ਗਿਆ ਹੈ, ਉੱਥੇ ਹੀ 4 ਤੋਂ ਜ਼ਿਆਦਾ ਡਾਕਟਰ, 2 ਸਟਾਫ਼ ਨਰਸਾਂ, 5 ਦਰਜਾ ਚਾਰ ਕਰਮਚਾਰੀ, 10 ਸਫ਼ਾਈ ਸੇਵਕਾਂ ਸਮੇਤ ਇਕ ਦਰਜਨ ਤੋਂ ਜ਼ਿਆਦਾ ਪੰਜਾਬ ਪੁਲਸ ਦੇ ਕਰਮਚਾਰੀ ਕੇਂਦਰ 'ਚ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਸਰਕਾਰੀ ਨਿਯਮਾਂ ਦਾ ਕਿੱਥੇ ਪਾਲਣ ਹੋ ਰਿਹਾ ਹੈ । ਇਸ ਦਾ ਸਹਿਜੇ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸੂਤਰ ਦੱਸਦੇ ਹਨ ਕਿ ਪ੍ਰਸ਼ਾਸਨ ਵਲੋਂ ਯਾਤਰੀਆਂ ਨੂੰ ਪ੍ਰਾਈਵੇਟ ਹੋਟਲਾਂ 'ਚ ਰਹਿਣ ਦੇ ਲਈ ਰੂਪ ਰੇਖਾ ਤਿਆਰ ਕੀਤੀ ਗਈ ਸੀ ਪਰ ਇਕ ਹੋਟਲ ਮਾਲਿਕ ਵਲੋਂ ਕੋਰੋਨਾ ਵਾਇਰਸ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ, ਉੱਥੇ ਹੀ ਹੁਣ ਪ੍ਰਸ਼ਾਸਨ ਵਲੋਂ ਯਾਤਰੀਆਂ ਨੂੰ ਕਿਹਾ ਗਿਆ ਹੈ ਕਿ ਜਦ ਇਹ ਪ੍ਰਾਈਵੇਟ ਹੋਟਲ 'ਚ ਜਾਣਾ ਚਾਹੁੰਦੇ ਹਨ ਤਾਂ ਉਹ ਆਪਣੇ ਖਰਚੇ 'ਤੇ ਖ਼ੁਦ ਜਾ ਸਕਦੇ ਹਨ। ਉਧਰ ਕੇਂਦਰ 'ਚ ਦਾਖਲ 433 ਯਾਤਰੀਆਂ 'ਚੋਂ ਕਈਆਂ ਨੇ ਬੈਡਮਿੰਟਨ ਖੇਡਿਆ ਤੇ ਸਿਵਲ ਸਰਜਨ ਨੇ ਉਨ੍ਹਾਂ ਦੀ ਕੌਂਸਲਿੰਗ ਕੀਤੀ ।