ਗੁਰੂ ਨਗਰੀ ਅੰਮ੍ਰਿਤਸਰ ''ਚ ਵਧਦਾ ਜਾ ਰਿਹੈ ਇਹ ਖ਼ਤਰਾ, ਫ਼ੇਲ੍ਹ ਸਾਬਿਤ ਹੋ ਰਹੇ ਵਿਭਾਗ ਦੇ ਦਾਅਵੇ

Saturday, Aug 12, 2023 - 06:27 PM (IST)

ਗੁਰੂ ਨਗਰੀ ਅੰਮ੍ਰਿਤਸਰ ''ਚ ਵਧਦਾ ਜਾ ਰਿਹੈ ਇਹ ਖ਼ਤਰਾ, ਫ਼ੇਲ੍ਹ ਸਾਬਿਤ ਹੋ ਰਹੇ ਵਿਭਾਗ ਦੇ ਦਾਅਵੇ

ਅੰਮ੍ਰਿਤਸਰ (ਦਲਜੀਤ)- ਜ਼ਿਲ੍ਹੇ ਵਿਚ ਡੇਂਗੂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸਿਹਤ ਵਿਭਾਗ ਦਾ ਸਿਸਟਮ ਵੀ ਬੀਮਾਰੀਆਂ ਦੀ ਰੋਕਥਾਮ ਵਿਚ ਨਾਕਾਮ ਸਾਬਤ ਹੋ ਰਿਹਾ ਹੈ। ਵਿਭਾਗ ਵੱਲੋਂ ਜ਼ਿਲ੍ਹੇ ਦੇ 86 ਮਰੀਜ਼ਾਂ ਦੇ ਅੰਕੜੇ ਸਰਕਾਰੀ ਪੱਧਰ ’ਤੇ ਜਾਰੀ ਕੀਤੇ ਗਏ ਹਨ, ਜਦੋਂਕਿ ਵਿਭਾਗ ਦੀ ਕੁੰਭਕਰਨੀ ਨੀਂਦ ਕਾਰਨ ਜ਼ਿਲ੍ਹੇ ਵਿਚ ਡੇਂਗੂ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਗਿਣਤੀ ਹਜ਼ਾਰਾਂ ਦੀ ਤਦਾਦ ਵਿਚ ਹੈ। ਵਿਭਾਗ ਵੱਲੋਂ ਹਫ਼ਤੇ ਵਿਚ ਇਕ ਵਾਰ ਸ਼ੁੱਕਰਵਾਰ ਨੂੰ ਡੇਂਗੂ ਖ਼ਿਲਾਫ਼ ਵਿੱਢੀ ਗਈ ਜੰਗੀ ਮੁਹਿੰਮ ਵੀ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਫ਼ੇਲ ਸਾਬਤ ਹੋ ਰਹੀ ਹੈ। ਸਰਕਾਰੀ ਤੰਤਰ ਦੀ ਬਦਹਾਲੀ ਦੇਖੋ, ਅਜੇ ਤੱਕ ਜ਼ਿਲ੍ਹੇ ਦੀਆਂ ਬਹੁਤੀਆਂ ਥਾਵਾਂ ’ਤੇ ਡੇਂਗੂ ਦੀ ਰੋਕਥਾਮ ਲਈ ਨਾ ਤਾਂ ਸਪਰੇਅ ਕੀਤੀ ਗਈ ਹੈ ਅਤੇ ਨਾ ਹੀ ਆਮ ਲੋਕਾਂ ਨੂੰ ਇਸ ਬੀਮਾਰੀ ਦੇ ਲੱਛਣਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਸਥਿਤੀ ਇਹ ਹੈ ਕਿ ਸਿਵਲ ਸਰਜਨ ਦਫ਼ਤਰ ਦੇ ਅਧਿਕਾਰੀ ਸਰਕਾਰੀ ਫ਼ਾਈਲਾਂ ਵਿਚ ਹੀ ਡੇਂਗੂ ’ਤੇ ਕਾਬੂ ਪਾਉਣ ਦਾ ਦਾਅਵਾ ਕਰਦੇ ਹੋਏ ਆਪਣੀ ਪਿੱਠ ਖੁਦ ਥਪਥਪਾਉਣ ਲੱਗੇ ਹਨ।

ਜਾਣਕਾਰੀ ਅਨੁਸਾਰ ਮਲੇਰੀਆ ਵਾਂਗ ਡੇਂਗੂ ਬੁਖਾਰ ਵੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਨ੍ਹਾਂ ਮੱਛਰਾਂ ਨੂੰ ‘ਏਡੀਜ਼ ਮੱਛਰ’ ਕਿਹਾ ਜਾਂਦਾ ਹੈ ਜੋ ਬਹੁਤ ਹੀ ਢੀਠ ਹੁੰਦੇ ਹਨ ਅਤੇ ਦਿਨ ਵੇਲੇ ਵੀ ਕੱਟਦੇ ਹਨ। ਇਹ ਬੀਮਾਰੀ ਬਰਸਾਤੀ ਮੌਸਮ ਅਤੇ ਇਸ ਤੋਂ ਤੁਰੰਤ ਬਾਅਦ ਦੇ ਮਹੀਨਿਆਂ (ਜਿਵੇਂ ਕਿ ਜੁਲਾਈ ਤੋਂ ਅਕਤੂਬਰ) ਵਿਚ ਸਭ ਤੋਂ ਵੱਧ ਪ੍ਰਚਲਿਤ ਹੁੰਦੀ ਹੈ। ਜ਼ਿਲ੍ਹੇ ਵਿਚ ਸਿਹਤ ਵਿਭਾਗ ਵੱਲੋਂ ਡੇਂਗੂ ਤੋਂ ਪੀੜਤ ਮਰੀਜ਼ਾਂ ਦਾ ਅੰਕੜਾ 86 ਜਾਰੀ ਕੀਤਾ ਗਿਆ ਹੈ, ਜਦਕਿ ਹਕੀਕਤ ਇਹ ਹੈ ਕਿ ਸਿਹਤ ਵਿਭਾਗ ਸਰਕਾਰੀ ਦਫ਼ਤਰ ਵਿਚ ਬੈਠ ਕੇ ਡੇਂਗੂ ਦੀ ਰੋਕਥਾਮ ਲਈ ਯੋਜਨਾਵਾਂ ਬਣਾ ਰਿਹਾ ਹੈ, ਜਦਕਿ ਅਸਲੀਅਤ ਵਿਚ ਹੇਠਲੇ ਪੱਧਰ ’ਤੇ ਕੋਈ ਕੰਮ ਨਹੀਂ ਹੋ ਰਿਹਾ। ਜ਼ਿਲ੍ਹੇ ਵਿਚ ਡੇਂਗੂ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਇਹ ਵੀ ਪੜ੍ਹੋ- ਹਰਸਿਮਰਤ ਬਾਦਲ ਨੇ ਲੋਕ ਸਭਾ ’ਚ ਮੁੜ ਉਭਾਰਿਆ ਬੰਦੀ ਸਿੰਘਾਂ ਦਾ ਮਸਲਾ, ਅਮਿਤ ਸ਼ਾਹ ਨੂੰ ਪੁੱਛੇ ਤਿੱਖੇ ਸਵਾਲ

ਵਿਭਾਗ 86 ਮਰੀਜ਼ਾਂ ਦਾ ਦਾਅਵਾ ਕਰ ਰਿਹਾ ਹੈ ਜਦੋਂਕਿ ਅਸਲ ਵਿਚ ਇਹ ਮਰੀਜ਼ ਵੱਡੀ ਗਿਣਤੀ ਵਿਚ ਹਨ। ਸਿਹਤ ਵਿਭਾਗ ਵੱਲੋਂ ਬੀਤੇ ਦਿਨ ਅੰਮ੍ਰਿਤਸਰ ਵਿਚ ਨਿਰੀਖਣ ਦੌਰਾਨ ਆਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਵਿਚ ਡੇਂਗੂ ਦੀ ਸਥਿਤੀ ਕਾਬੂ ਹੇਠ ਹੈ, ਜਦਕਿ ਸੱਚਾਈ ਇਹ ਹੈ ਕਿ ਡੇਂਗੂ ਦੀ ਸਥਿਤੀ ਦਿਨੋਂ-ਦਿਨ ਲਗਾਤਾਰ ਵਿਗੜਦੀ ਜਾ ਰਹੀ ਹੈ। ਲੋਕਾਂ ਵਿਚ ਭਾਰੀ ਦਹਿਸ਼ਤ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਬਹੁਤੀਆਂ ਥਾਵਾਂ ’ਤੇ ਡੇਂਗੂ ਦੀ ਬੀਮਾਰੀ ਦੀ ਰੋਕਥਾਮ ਲਈ ਨਾ ਤਾਂ ਛਿੜਕਾਅ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਲੋਕਾਂ ਦੇ ਘਰਾਂ ਵਿੱਚ ਡੇਂਗੂ ਦਾ ਲਾਰਵਾ ਲਗਾਤਾਰ ਵੱਧ ਰਿਹਾ ਹੈ ਅਤੇ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।

ਸਰਕਾਰੀ ਸਿਸਟਮ ਦੀ ਲਾਪਰਵਾਹੀ ਦੇਖੀ ਜਾਵੇ ਤਾਂ ਮੀਡੀਆ ਤੱਕ ਸਹੀ ਜਾਣਕਾਰੀ ਨਹੀਂ ਪਹੁੰਚਦੀ, ਇਸੇ ਕਰ ਕੇ ਜ਼ਿਲ੍ਹਾ ਮਲੇਰੀਆ ਅਫ਼ਸਰ ਅਤੇ ਹੋਰ ਅਧਿਕਾਰੀ ਡੇਂਗੂ ਦਾ ਡਾਟਾ ਰੋਜ਼ਾਨਾ ਮੀਡੀਆ ਨੂੰ ਨਹੀਂ ਦੇ ਰਹੇ। ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਡਾਕਟਰਾਂ ਦੇ ਕਲੀਨਿਕਾਂ ਵਿਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਵਿਭਾਗ ਵੱਲੋਂ ਡੇਂਗੂ ਦੀ ਸਥਿਤੀ ਕਾਬੂ ਹੇਠ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਸ਼ੁੱਕਰਵਾਰ ਨੂੰ ਡੇਂਗੂ ਵਿਰੁੱਧ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ, ਪਰ ਅਫ਼ਸੋਸ ਦੀ ਗੱਲ ਹੈ ਕਿ ਸਿਵਲ ਸਰਜਨ ਦਫ਼ਤਰ ਵਿਚ ਕੁਰਸੀ ਦੇ ਨਾਲ ਜੁੜ ਕੇ ਬੈਠੇ ਅਧਿਕਾਰੀ ਇਸ ਮੁਹਿੰਮ ਨੂੰ ਠੰਡੇ ਬਸਤੇ ਵਿਚ ਪਾ ਰਹੇ ਹਨ ਅਤੇ ਕੋਈ ਠੋਸ ਉਪਰਾਲਾ ਕਰਦੇ ਦਿਖਾਈ ਨਹੀਂ ਦੇ ਰਹੇ ਹਨ।

ਇਹ ਵੀ ਪੜ੍ਹੋ- ਵਿਧਾਇਕ ਸਮੇਤ 7 ਬੰਦਿਆਂ ਦਾ ਕਾਤਲ ਗੈਂਗਸਟਰ ਲੁਧਿਆਣਾ ਤੋਂ ਗ੍ਰਿਫ਼ਤਾਰ, 10 ਸਾਲਾਂ ਤੋਂ ਚੱਲ ਰਿਹਾ ਸੀ ਫ਼ਰਾਰ

ਡੇਂਗੂ ਦੀ ਬੀਮਾਰੀ ਦੇ ਲੱਛਣ

ਸਿਹਤ ਸੇਵਾਵਾਂ ਦੇ ਮਾਹਿਰ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਡੇਂਗੂ ਦੇ ਬੀਮਾਰੀ ਦੇ ਲੱਛਣਾਂ ਵਿਚ ਡੇਂਗੂ ਹੈਮਰੈਜਿਕ ਬੁਖਾਰ, ਤੇਜ਼ ਬੁਖਾਰ, ਲਿੰਫ਼ ਅਤੇ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ, ਨੱਕ ਅਤੇ ਮਸੂੜਿਆਂ ਤੋਂ ਖੂਨ ਵਗਣਾ, ਜਿਗਰ ਦਾ ਵਧਣਾ ਅਤੇ ਸੰਚਾਰ ਪ੍ਰਣਾਲੀ ਜਾਂ ਨਾੜੀ ਦੀ ਅਸਫ਼ਲਤਾ ਇਕ ਦੁਰਲੱਭ ਜਟਿਲਤਾ ਸ਼ਾਮਲ ਹਨ। ਲੱਛਣ ਵੱਡੇ ਪੱਧਰ ’ਤੇ ਖੂਨ ਵਹਿਣ, ਸਦਮਾ ਅਤੇ ਮੌਤ ਵਿਚ ਬਦਲ ਸਕਦੇ ਹਨ, ਜਿਸ ਨੂੰ ਹੱਡੀਆਂ ਨੂੰ ਤੋੜਨ ਵਾਲਾ ਬੁਖਾਰ ਵੀ ਕਿਹਾ ਜਾਂਦਾ ਹੈ। ਹੱਡੀਆਂ ਵਿਚ ਤੇਜ਼ ਦਰਦ ਹੁੰਦਾ ਹੈ, ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਮਰੀਜ਼ ਨੂੰ ਤੁਰੰਤ ਇਸ ਦਾ ਟੈਸਟ ਕਰਵਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਮੱਛਰ ਦਿਨ ਵੇਲੇ ਜਾਂ ਸ਼ਾਮ ਵੇਲੇ ਕੱਟਦਾ ਹੈ। ਇਹ ਮੱਛਰ ਸਾਫ਼ ਪਾਣੀ ਵਿਚ ਪਲਦਾ ਹੈ, ਜੇਕਰ ਪਾਣੀ 4 ਦਿਨਾਂ ਤੋਂ ਵੱਧ ਖੜ੍ਹਾ ਰਹਿੰਦਾ ਹੈ ਤਾਂ ਇਹ ਮੱਛਰ ਇਸ ਵਿੱਚ ਆਪਣਾ ਲਾਰਵਾ ਪੈਦਾ ਕਰ ਲੈਂਦਾ ਹੈ।

ਘਰਾਂ ’ਚ ਨਾ ਹੋਣ ਖੜ੍ਹਾ ਹੋਣ ਦਿਓ ਸਾਫ਼ ਪਾਣੀ

ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਘਰਾਂ ਵਿਚ ਅਤੇ ਆਪਣੇ ਆਲੇ-ਦੁਆਲੇ ਸਾਫ਼ ਪਾਣੀ ਇਕੱਠਾ ਨਾ ਹੋਣ ਦਿੱਤਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਬਰਸਾਤ ਦੇ ਮੌਸਮ ਦੌਰਾਨ ਪਾਰਕ, ਛੱਤ ਅਤੇ ਬਾਹਰ ਕੋਈ ਟਾਇਰ ਜਾਂ ਪਲਾਸਟਿਕ ਦਾ ਸਾਮਾਨ ਪਿਆ ਹੋਵੇ ਤਾਂ ਉਸ ਵਿਚ ਪਏ ਪਾਣੀ ਨੂੰ ਸਮੇਂ-ਸਮੇਂ ’ਤੇ ਨਸ਼ਟ ਕੀਤਾ ਜਾਵੇ। ਕੂਲਰ ਵਿਚ ਜ਼ਿਆਦਾ ਦੇਰ ਤੱਕ ਪਾਣੀ ਨਹੀਂ ਰੱਖਣਾ ਚਾਹੀਦਾ, ਜੇਕਰ ਡੇਂਗੂ ਦੇ ਕੋਈ ਵੀ ਲੱਛਣ ਨਜ਼ਰ ਆਉਣ ਤਾਂ ਤੁਰੰਤ ਆਪਣਾ ਟੈਸਟ ਕਰਵਾ ਕੇ ਇਸ ਦਾ ਇਲਾਜ ਸ਼ੁਰੂ ਕਰਵਾਇਆ ਜਾਵੇ।

ਇਹ ਵੀ ਪੜ੍ਹੋ- ਸਪਲੀਮੈਂਟਰੀ ਪ੍ਰੀਖਿਆਵਾਂ ’ਚ ਵਿਦਿਆਰਥੀ ਨਹੀਂ ਦਿਖਾ ਰਹੇ ਦਿਲਚਸਪੀ, ਪਹਿਲੇ ਪੇਪਰ ’ਚ 40 ਵਿਦਿਆਰਥੀ ਰਹੇ ਗੈਰ ਹਾਜ਼ਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News