ਸਿਹਤ ਵਿਭਾਗ ਵੱਲੋਂ ਮਿਡ-ਡੇਅ-ਮੀਲ ਦੀ ਚੈਕਿੰਗ, ਜਾਰੀ ਕੀਤੇ ਦਿਸ਼ਾ-ਨਿਰਦੇਸ਼
Wednesday, Nov 27, 2024 - 12:59 PM (IST)
ਭਗਤਾ ਭਾਈ (ਪਰਵੀਨ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੂਕਾ ਲੜਕੇ 'ਚ ਸਿਹਤ ਵਿਭਾਗ ਦੀ ਟੀਮ ਵੱਲੋਂ ਮਿਡ-ਡੇਅ-ਮੀਲ ਦੀ ਗੁਣਵੱਤਾ ਚੈੱਕ ਕਰਨ ਲਈ ਸਕੂਲ ਦਾ ਅਚਾਨਕ ਦੌਰਾ ਕੀਤਾ ਗਿਆ। ਸਿਹਤ ਵਿਭਾਗ ਦੀ ਇਸ ਟੀਮ ਦੀ ਅਗਵਾਈ ਡਾਕਟਰ ਸੁਮਿਤ ਮਿੱਤਲ ਕਰ ਰਹੇ ਸਨ। ਟੀਮ ਵਿੱਚ ਕੁਲਵਿੰਦਰ ਸਿੰਘ (ਫਾਰਮਾਸਿਸਟ) ਅਤੇ ਬਲਰਾਮ ਸਿੰਘ ਵੀ ਸ਼ਾਮਲ ਸਨ। ਸਕੂਲ ਪ੍ਰਬੰਧਨ ਵੱਲੋਂ ਇਸ ਮੁਹਿੰਮ ਦੌਰਾਨ ਸਕੂਲ ਇੰਚਾਰਜ ਜਸਵਿੰਦਰ ਸਿੰਘ ਅਤੇ ਮਿਡ-ਡੇਅ-ਮੀਲ ਇੰਚਾਰਜ ਗੁਰਸੇਵਕ ਸਿੰਘ ਹਾਜ਼ਰ ਰਹੇ।
ਟੀਮ ਨੇ ਮਿਡ-ਡੇਅ-ਮੀਲ ਦੀ ਪਕਾਈ ਅਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਜਾਂਚ ਕੀਤੀ। ਸਿਹਤ ਵਿਭਾਗ ਨੇ ਭੋਜਨ ਦੀ ਸਫ਼ਾਈ, ਪਕਾਉਣ ਦੇ ਤਰੀਕੇ ਅਤੇ ਗੋਦਾਮ ਵਿੱਚ ਸਾਮਾਨ ਦੇ ਸਟੋਰ ਕਰਨ ਦੇ ਮਿਆਰਾਂ ਦੀ ਵੀ ਜਾਂਚ ਕੀਤੀ। ਇਸ ਮੌਕੇ ਡਾਕਟਰ ਸੁਮਿਤ ਮਿੱਤਲ ਨੇ ਕਿਹਾ ਕਿ ਸਿਹਤਮੰਦ ਭੋਜਨ ਵਿਦਿਆਰਥੀਆਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਸਾਡੇ ਵੱਲੋਂ ਕੀਤੀ ਗਈ ਜਾਂਚ ਦੌਰਾਨ ਜ਼ਿਆਦਾਤਰ ਚੀਜ਼ਾਂ ਸਿਰੇ ਤੋਂ ਠੀਕ ਪਾਈਆਂ ਗਈਆਂ ਹਨ।
ਸਾਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭੋਜਨ ਸਫ਼ਾਈ ਵਾਲੇ ਮਾਪਦੰਡਾਂ ਦੇ ਅਨੁਸਾਰ ਹੋਵੇ, ਜਿਸ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਸਕੂਲ ਇੰਚਾਰਜ ਜਸਵਿੰਦਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਨੇ ਜੋ ਸੁਝਾਅ ਦਿੱਤੇ ਹਨ, ਅਸੀਂ ਉਨ੍ਹਾਂ ਨੂੰ ਤੁਰੰਤ ਅਪਨਾਉਣ ਦਾ ਯਤਨ ਕਰਾਂਗੇ। ਮਿਡ-ਡੇਅ-ਮੀਲ ਸਕੀਮ ਦੇ ਤਹਿਤ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਭੋਜਨ ਮਿਲਣਾ ਅਸੀਂ ਯਕੀਨੀ ਬਣਾਵਾਂਗੇ।