ਸਿਹਤ ਵਿਭਾਗ ਵੱਲੋਂ ਦੁਕਾਨਾਂ ਤੇ ਰੇਹਡ਼ੀਆਂ ਦੀ ਚੈਕਿੰਗ

Tuesday, Jun 26, 2018 - 12:12 AM (IST)

ਸਿਹਤ ਵਿਭਾਗ ਵੱਲੋਂ ਦੁਕਾਨਾਂ ਤੇ ਰੇਹਡ਼ੀਆਂ ਦੀ ਚੈਕਿੰਗ

ਫਤਿਹਗਡ਼੍ਹ ਚੂਡ਼ੀਆਂ,  (ਬਿਕਰਮਜੀਤ)-  ਕੈਪਟਨ ਸਰਕਾਰ ਵੱਲੋਂ ਪੰਜਾਬ ਨੂੰ ਸਿਹਤਮੰਦ ਬਣਾਉਣ ਅਤੇ ਸਵੱਛ ਵਾਤਾਵਰਣ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ‘ਮਿਸ਼ਨ ਤੰਦਰੁਸਤ ਪੰਜਾਬ’  ਤਹਿਤ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਭੁਪਿੰਦਰ ਸਿੰਘ ਦਾਲਮ ਅਤੇ ਸੀ. ਐੱਚ. ਸੀ. ਫਤਿਹਗਡ਼੍ਹ ਚੂਡ਼ੀਆਂ ਦੇ ਐੱਸ. ਐੱਮ. ਓ. ਡਾ. ਅਰੁਣ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਜਿਨ੍ਹਾਂ ਵਿਚ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਪਰਮਜੀਤ ਸਿੰਘ, ਹੈਲਥ ਇੰਸਪੈਕਟਰ ਸੁਖਦੇਵ ਸਿੰਘ ਗਿੱਲ, ਜੂਨੀਅਰ ਸਹਾਇਕ ਪਲਵਿੰਦਰ ਸਿੰਘ, ਕਲਰਕ ਹਰਜਿੰਦਰ ਸਿੰਘ ਆਦਿ ਵੱਲੋਂ ਸਾਂਝੇ ਤੌਰ ’ਤੇ ਦੁਕਾਨਾਂ, ਰੇਹਡ਼ੀਆਂ, ਦੁੱਧ ਵਾਲੀਆਂ ਡੇਅਰੀਆਂ, ਹਲਵਾਈ ਦੀਆਂ ਦੁਕਾਨਾਂ, ਫਾਸਟ ਫੂਡ ਦੀਆਂ ਰੇਹਡ਼ੀਆਂ, ਢਾਬੇ, ਚਿਕਨ ਹਾਊਸ, ਟਾਇਰਾਂ ਵਾਲੀਆਂ ਦੁਕਾਨਾਂ ਆਦਿ ਦੀ ਚੈਕਿੰਗ ਕੀਤੀ ਗਈ। 
ਇਸ ਦੌਰਾਨ ਉਕਤ ਅਧਿਕਾਰੀਆਂ ਵੱਲੋਂ ਪਲਾਸਟਿਕ ਦੇ ਲਿਫਾਫ਼ੇ ਜ਼ਬਤ ਕੀਤੇ ਗਏ ਅਤੇ ਦੁਕਾਨਦਾਰਾਂ ਨੂੰ ਆਪਣੇ ਆਸੇ-ਪਾਸੇ ਗੰਦਗੀ ਨਾ ਫ਼ੈਲਾਉਣ ਬਾਰੇ ਜਾਗਰੂਕ ਕੀਤਾ।  ਇਸਦੇ ਨਾਲ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਟਾਇਰਾਂ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਡੇਂਗੂ ਦੀ ਰੋਕਥਾਮ ਲਈ ਸਰਵਿਸ ਸਟੇਸ਼ਨਾਂ ’ਤੇ ਖਡ਼੍ਹੇ ਪਾਣੀ ਉਪਰ ਕਾਲੇ ਤੇਲ ਦਾ ਵੀ ਛਿਡ਼ਕਾਅ ਕਰਵਾਇਆ ਗਿਆ ਤਾਂ ਜੋ ਡੇਂਗੂ ਦਾ ਲਾਰਵਾ ਫ਼ੈਲਣ ਨਾਲ ਕਿਸੇ ਨੂੰ ਨੁਕਸਾਨ ਨਾ ਪਹੁੰਚੇ। ਇਸ  ਦੌਰਾਨ ਸੈਨੇਟਰੀ ਇੰਸਪੈਕਟਰ ਪਰਮਜੀਤ ਸਿੰਘ ਅਤੇ ਹੈਲਥ ਇੰਸਪੈਕਟਰ ਸੁਖਦੇਵ ਸਿੰਘ ਨੇ ਫਾਸਟ ਫੂਡ ਅਤੇ ਫਲ-ਫਰੂਟ ਦੀਆਂ ਰੇਹਡ਼ੀਆਂ, ਤੰਬਾਕੂ ਵਿਕਰੇਤਾਵਾਂ ਆਦਿ ਨੂੰ ਗੰਦਗੀ ਭਰਿਆ ਸਾਮਾਨ ਵੇਚਣ ’ਤੇ ਚਲਾਨ ਕੀਤੇ ਅਤੇ ਬਣਦਾ ਜੁਰਮਾਨਾ ਵਸੂਲ ਕੀਤਾ। ਉਨ੍ਹਾਂ ਦੁਕਾਨਦਾਰਾਂ ਅਤੇ ਰੇਹਡ਼ੀ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਗੰਦਗੀ ਫ਼ੈਲਾਉਣ ਤੋਂ ਗੁਰੇਜ਼ ਕਰਨ। ਇਸ ਦੌਰਾਨ ਫਰੂਟ ਵਾਲੀਆਂ ਰੇਹਡ਼ੀਆਂ ਅਤੇ ਦੁਕਾਨਾਂ ਤੋਂ ਗਲੇ-ਸਡ਼ੇ  ਫਲਾਂ ਨੂੰ ਮੌਕੇ ’ਤੇ ਨਸ਼ਟ ਕੀਤਾ।
 


Related News