ਸਿਹਤ ਵਿਭਾਗ ਦੀ ਟੀਮ ਨੇ ਤੰਬਾਕੂਨੋਸ਼ੀ ਮੁਹਿੰਮ ਤਹਿਤ 5 ਵਿਅਕਤੀਆਂ ਦੇ ਕੱਟੇ ਚਲਾਨ
Monday, Dec 04, 2017 - 01:14 PM (IST)
ਕਪੂਰਥਲਾ (ਮੱਲ੍ਹੀ)— ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਐੱਸ. ਐੱਮ. ਓ. ਕਾਲਾ ਸੰਘਿਆਂ ਡਾ. ਸੀਮਾ ਦੀ ਰਹਿਨੁਮਾਈ ਹੇਠ ਮੈਡੀਕਲ ਅਫਸਰ ਇੰਚਾਰਜ ਭਾਣੋਲੰਙਾ ਡਾ. ਗੁਣਤਾਸ ਦੀ ਦੇਖ-ਰੇਖ 'ਚ ਐਤਵਾਰ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਦੀ ਟੀਮ ਵਲੋਂ ਤੰਬਾਕੂਨੋਸ਼ੀ ਮੁਹਿੰਮ ਤਹਿਤ 5 ਵਿਅਕਤੀਆਂ ਦੇ ਚਲਾਨ ਕੱਟੇ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਨੇ ਆਪਣੇ ਸਾਥੀ ਸਿਹਤ ਵਿਭਾਗ ਦੇ ਅਧਿਕਾਰੀਆਂ ਜਿਨ੍ਹਾਂ 'ਚ ਐੱਸ. ਆਈ. ਗੁਰਪ੍ਰੀਤ ਰੰਧਾਵਾ, ਮਨਰਾਜ ਸਿੰਘ, ਜਗਜੀਤ ਸਿੰਘ, ਅਮਰਜੀਤ ਸਿੰਘ, ਪਰਗਟ ਸਿੰਘ ਬੱਲ ਆਦਿ ਸ਼ਾਮਲ ਸਨ, ਵਲੋਂ ਆਰ. ਸੀ. ਐੱਫ, ਹੁਸੈਨਪੁਰ ਦੇ ਆਸ-ਪਾਸ ਦੁਕਾਨਾਂ ਤੇ ਖੋਖਿਆਂ ਦੀ ਚੈਕਿੰਗ ਕੀਤੀ ਗਈ ਤੇ ਇਨ੍ਹਾਂ ਦੁਕਾਨਦਾਰ ਖੋਖਿਆਂ ਵਾਲਿਆਂ ਵੱਲੋਂ ਸਰਕਾਰ ਦੁਆਰਾ ਪਾਬੰਦੀਸ਼ੁਦਾ ਤੰਬਾਕੂ ਵਸਤਾਂ ਵੇਚਣ ਤੇ ਜੁਰਮ ਤਹਿਤ ਉਨ੍ਹਾਂ ਦੇ ਚਲਾਨ ਕੱਟੇ ਗਏ ਅਤੇ 6 ਹੋਰ ਵਿਅਕਤੀਆਂ ਨੂੰ ਤੰਬਾਕੂ ਸੇਵਨ ਅਤੇ ਵੇਚਣ ਦੇ ਦੋਸ਼ 'ਚ ਵਾਰਨਿੰਗ ਦੇ ਕੇ ਛੱਡਿਆ ਗਿਆ।
ਹੈਲਥ ਇੰਸਪੈਕਟਰ ਰੰਧਾਵਾ ਨੇ ਦੱਸਿਆ ਕਿ ਤੰਬਾਕੂ ਸੇਵਨ ਕਰਨ ਨਾਲ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਸਰਕਾਰ ਅਤੇ ਤੰਬਾਕੂ ਸੇਵਨ ਕਰਨ ਅਤੇ ਵੇਚਣ 'ਤੇ ਪੂਰਨ ਪਾਬੰਦੀ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਨਾਬਾਲਗ ਬੱਚਿਆਂ ਨੂੰ ਨਸ਼ਾ ਵੇਚਣ ਅਤੇ ਸੇਵਨ ਕਰਨ ਦੀ ਪੂਰਨ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ 'ਤੇ ਤੰਬਾਕੂ ਵੇਚਣ ਅਤੇ ਸੇਵਨ ਕਰਨ ਦੀ ਸਖਤ ਮਨਾਹੀ ਹੈ ਅਤੇ ਕਾਨੂੰਨ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
