ਸਿਹਤ ਵਿਭਾਗ ਨੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਲਾਏ ਮੈਡੀਕਲ ਕੈਂਪ
Wednesday, Aug 28, 2019 - 08:23 PM (IST)

ਮੋਹਾਲੀ, (ਪਰਦੀਪ) : ਡਿਪਟੀ ਕਮਿਸ਼ਨਰ ਮੋਹਾਲੀ ਗਿਰੀਸ਼ ਦਿਆਲਨ ਦੀਆਂ ਹਦਾਇਤਾਂ ਉਤੇ ਜ਼ਿਲਾ ਪ੍ਰਸ਼ਾਸਨ ਹੜ੍ਹ ਪ੍ਰਭਾਵਤ ਪਿੰਡਾਂ ਵਿਚ ਮੈਡੀਕਲ ਜਾਂਚ ਕੈਂਪ ਲਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਫੌਰੀ ਦਵਾਈ ਦੇ ਕੇ ਪਾਣੀ ਨਾਲ ਹੁੰਦੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਸਿਵਲ ਸਰਜਨ ਮੋਹਾਲੀ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡਾਂ ਵਿਚ ਵੱਖ-ਵੱਖ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ, ਜਿਨ੍ਹਾਂ ਹੁਣ ਤਕ 36 ਪਿੰਡਾਂ ਦੀ ਵਸੋਂ ਦਾ ਮੁਆਇਨਾ ਕੀਤਾ ਅਤੇ ਦਵਾਈਆਂ ਤੇ ਹੋਰ ਡਾਕਟਰੀ ਸਹੂਲਤਾਂ ਮੁਹੱਈਆ ਕੀਤੀਆਂ। ਇਨ੍ਹਾਂ ਵਿਚ ਡੇਰਾਬੱਸੀ ਦੇ ਪਿੰਡ ਮੀਰਪੁਰ, ਮੁਬਾਰਕਪੁਰ, ਭਾਂਖਰਪੁਰ, ਕਕਰਾਲੀ, ਦੱਫਰਪੁਰ ਅਤੇ ਲਾਲਡ਼ੂ ਇਲਾਕੇ ਦੇ ਅਮਰਪੁਰਾ ਕਲੋਨੀ, ਗੁਰੂ ਨਾਨਕ ਕਾਲੋਨੀ, ਪ੍ਰੀਤ ਵਿਹਾਰ, ਸਾਦਿਕ ਦੀਆਂ ਝੁੰਗੀਆਂ ਅਤੇ ਆਰ. ਬੀ. ਟੀ. ਭੱਠਾ ਸ਼ਾਮਲ ਹਨ।
ਡਾ. ਮਨਜੀਤ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਬਲੌਂਗੀ, ਸੋਹਾਣਾ, ਸਨੇਟਾ, ਨਿਹੋਲਕਾ, ਸਲੇਮਪੁਰ, ਸਿਆਲਬਾ ਮਾਜਰੀ, ਸਲੀਮਪੁਰ, ਮੁੱਲਾਂਪੁਰ ਸੋਢੀਆਂ, ਦੁਸਾਰਨਾ, ਮਹਿਰਮਪੁਰ ਟੱਪਰੀਆਂ, ਬਡ਼ੋਦੀ, ਮਿਰਜਾਪੁਰ, ਮੂਧੋ ਸੰਗਤੀਆਂ, ਗੁੰਨੋ ਮਾਜਰਾ, ਫਤਹਿਗਡ਼੍ਹ, ਰਾਮਪੁਰ ਟੱਪਰੀਆਂ, ਮੁੱਲਾਂਪੁਰ ਟੱਪਰੀਆਂ, ਰਤਨਗਡ਼੍ਹ, ਨਗਲੀਆ, ਸੁਹਾਲੀ, ਰਕੌਲੀ, ਨਨਹੇਡ਼ੀਆਂ ਅਤੇ ਚਨਾਲੋਂ ਵਿੱਚ ਵੀ ਮੈਡੀਕਲ ਜਾਂਚ ਕੈਂਪ ਲਾਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੈਡੀਕਲ ਜਾਂਚ ਕੈਂਪਾਂ ਦੌਰਾਨ ਦਵਾਈਆਂ, ਕਲੋਰੀਨ ਦੀਆਂ ਗੋਲੀਆਂ ਅਤੇ ਓ. ਆਰ. ਐੱਸ. ਦੇ ਪੈਕੇਟ ਵੰਡੇ ਗਏ।