ਸਿਹਤ ਵਿਭਾਗ ਦੇ ਦਾਅਵੇ ਹੋਏ ਹਵਾ, ਕਰਮਚਾਰੀ ਖੁਦ ਸਟਾਫ ਨੂੰ ਉਪਲੱਬਧ ਕਰਵਾ ਰਹੇ ਮਾਸਕ

04/04/2020 9:07:54 PM

ਅੰਮ੍ਰਿਤਸਰ,(ਦਲਜੀਤ ਸ਼ਰਮਾ)- ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰੀ ਹਸਪਤਾਲਾਂ 'ਚ ਕੀਤੇ ਗਏ ਦਾਅਵੇ ਹਵਾ ਹੋ ਰਹੇ ਹਨ । ਹਸਪਤਾਲਾਂ ਦੇ ਕਰਮਚਾਰੀ ਖੁਦ ਐਨ-95 ਮਾਸਕ ਲੈ ਕੇ ਕਰਮਚਾਰੀਆਂ ਨੂੰ ਉਪਲੱਬਧ ਕਰਵਾ ਰਹੇ ਹਨ । ਸਿਹਤ ਵਿਭਾਗ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਜਸਬੀਰ ਕੌਰ ਵੱਲੋਂ ਅੱਜ ਜਿਲਾ ਪੱਧਰ ਸਿਵਲ ਹਸਪਤਾਲ ਨੂੰ 100 ਤੋਂ ਜ਼ਿਆਦਾ ਮਾਸਕ ਦਿੱਤੇ ਗਏ ਹਨ । ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਪੰਡਤ ਰਾਕੇਸ਼ ਸ਼ਰਮਾ ਤੇ ਹਸਪਤਾਲ ਦੇ ਐਸ. ਐਮ. ਓ. ਡਾਕਟਰ ਚਰਨਜੀਤ ਅਤੇ ਡਾ. ਅਰੁਣ ਵੀ ਮੌਜੂਦ ਸਨ । ਪ੍ਰਧਾਨ ਜਸਵੀਰ ਕੌਰ ਨੇ ਕਿਹਾ ਕਿ ਐਨ-95 ਮਾਸਕ ਹਸਪਤਾਲ ਦੇ ਕਰਮਚਾਰੀਆਂ ਨੂੰ ਇਸ ਲਈ ਦਿੱਤੇ ਗਏ ਹਨ ਕਿ ਉਹ ਖੁਦ ਸੁਰੱਖਿਅਤ ਰਹਿ ਕੇ ਮਰੀਜ਼ਾਂ ਦੀ ਸੇਵਾ ਕਰ ਸਕਣ । ਉਨ੍ਹਾਂ ਦੱਸਿਆ ਕਿ 100 ਦੇ ਕਰੀਬ ਮਾਸਕ ਸਿਵਲ ਸਰਜਨ ਨੂੰ ਵੀ ਦਿੱਤੇ ਜਾਣਗੇ ।

ਉੱਧਰ ਦੂਜੇ ਪਾਸੇ ਹਸਪਤਾਲ ਦੇ ਐਸ. ਐਮ. ਓ ਡਾਕਟਰ ਚਰਨਜੀਤ ਤੇ ਡਾਕਟਰ ਅਰੁਣ ਨੇ ਕਿਹਾ ਕਿ ਪ੍ਰਧਾਨ ਜਸਬੀਰ ਕੌਰ ਵੱਲੋਂ ਕੀਤੀ ਗਈ ਕੋਸ਼ਿਸ਼ ਚੰਗੀ ਹੈ । ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਾਕੇਸ਼ ਦੇ ਸ਼ਰਮਾ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਪ੍ਰਧਾਨ ਜੋ ਇੱਕ ਸਟਾਫ ਨਰਸ ਹੈ, ਆਪਣੇ ਆਪ ਇਸ ਮਹਾਮਾਰੀ ਵਿਚ ਆਪਣੇ ਕਰਮਚਾਰੀਆਂ ਨੂੰ ਬਚਾਉਣ ਲਈ ਮਾਸਕ ਵੰਡ ਕੇ ਇੱਕ ਨਵੀਂ ਮਿਸਾਲ ਪੈਦਾ ਕਰ ਰਹੀ ਹੈ । ਮੈਡੀਕਲ ਕਾਲਜ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਵੀ ਚਾਹੀਦਾ ਹੈ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਬਜਟ 'ਚੋਂ ਕਰਮਚਾਰੀਆਂ ਨੂੰ ਜਲਦੀ ਮਾਸਕ ਅਤੇ ਸੈਨੇਟਾਈਜ਼ਰ ਉਪਲੱਬਧ ਕਰਵਾਏ ਜਾਣ । ਸ਼ਰਮਾ ਨੇ ਦੱਸਿਆ ਕਿ ਮੈਡੀਕਲ ਕਾਲਜ ਪ੍ਰਸ਼ਾਸਨ ਦੇ ਕੋਲ ਕਰੋੜਾਂ ਰੁਪਏ ਆਏ ਹੋਏ ਹਨ, ਜੇਕਰ ਉਹ ਕਰਮਚਾਰੀਆਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਉਪਲੱਬਧ ਕਰਵਾ ਦਿੰਦੇ ਹਨ ਤਾਂ ਉਨ੍ਹਾਂ 'ਚ ਪੈਦਾ ਹੋਇਆ ਰੋਸ ਦੂਰ ਹੋ ਜਾਵੇਗਾ ਅਤੇ ਉਹ ਨਿਡਰਤਾ ਨਾਲ ਮਰੀਜ਼ਾਂ ਦੀ ਸੇਵਾ ਕਰ ਸਕਣਗੇ । ਉੱਧਰ ਦੂਜੇ ਪਾਸੇ ਸਿਵਲ ਸਰਜਨ ਦਫ਼ਤਰ ਨਾਲ ਸਿਹਤ ਕਰਮਚਾਰੀਆਂ ਲਈ ਮਨਾ ਕਰਨ ਦੇ ਬਾਅਦ ਵਿਭਾਗ ਦੇ ਨੌਜਵਾਨ ਸੀਨੀਅਰ ਸਰਜਨ ਡਾ. ਮਨਦੀਪ ਸਿੰਘ ਵੱਲੋਂ ਖੁਦ ਐਨ-95 ਮਾਸਕ ਖਰੀਦ ਕੇ ਆਪਣੇ ਕਰਮਚਾਰੀਆਂ ਨੂੰ ਉਪਲੱਬਧ ਕਰਵਾਏ ਗਏ ਹਨ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਜਿਲਾ ਪੱਧਰ ਸਿਵਲ ਹਸਪਤਾਲ ਸਮੇਤ ਹੋਰ ਸਥਾਨਾਂ ਨੂੰ ਨਾ ਮਾਤਰ ਹੀ ਐਨ-95 ਮਾਸਕ ਦਿੱਤੇ ਗਏ ਹਨ, ਜਦ ਕਿ ਬਾਕੀ ਕਰਮਚਾਰੀ ਬਿਨਾਂ ਮਾਸਕ ਨਾਲ ਕੰਮ ਕਰ ਰਹੇ ਹਨ ।


Deepak Kumar

Content Editor

Related News