ਮਹਿਲਾ ਹੈੱਡ ਕਾਂਸਟੇਬਲ ਦੇ ਪਤੀ ਨੇ ਲਿਆ ਫਾਹਾ; ਮੌਤ
Tuesday, Sep 19, 2017 - 05:09 AM (IST)
ਹੁਸ਼ਿਆਰਪੁਰ, (ਜ.ਬ.)- ਮਾਨਸਿਕ ਤੌਰ 'ਤੇ ਪ੍ਰੇਸ਼ਾਨ ਮਹਿਲਾ ਹੈੱਡ ਕਾਂਸਟੇਬਲ ਦੇ ਪਤੀ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਆਪਣੇ ਪਿੱਛੇ ਇਕ ਲੜਕਾ, ਲੜਕੀ ਤੇ ਪਤਨੀ ਛੱਡ ਗਿਆ ਹੈ। ਥਾਣਾ ਸਦਰ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਮਲੇਸ਼ ਕੌਰ ਨੇ ਦੱਸਿਆ ਕਿ ਉਹ ਬਾਲ ਸੁਧਾਰ ਘਰ 'ਚ ਹੈੱਡ ਕਾਂਸਟੇਬਲ ਵਜੋਂ ਤਾਇਨਾਤ ਹੈ। ਉਸ ਦਾ ਪਤੀ ਗੁਰਚਰਨ ਸਿੰਘ (51) ਪੁੱਤਰ ਬਿੱਕਰ ਸਿੰਘ ਵਾਸੀ ਬਜਵਾੜਾ ਅੱਜ ਸਵੇਰੇ ਉਸ ਨੂੰ ਡਿਊਟੀ 'ਤੇ ਛੱਡ ਕੇ ਗਿਆ ਸੀ ਅਤੇ ਉਸ ਦਾ ਲੜਕਾ ਪ੍ਰਭਸਿਮਰਨ ਸਿੰਘ ਵੀ ਸਕੂਲ ਚਲਾ ਗਿਆ ਸੀ। ਦੁਪਹਿਰ 12 ਵਜੇ ਦੇ ਕਰੀਬ ਜਦੋਂ ਉਸ ਦਾ ਬੇਟਾ ਘਰ ਆਇਆ ਤਾਂ ਉਸ ਨੇ ਆਪਣੇ ਪਿਤਾ ਨੂੰ ਪੱਖੇ ਨਾਲ ਲਟਕਦਿਆਂ ਦੇਖ ਕੇ ਉਸ ਨੂੰ ਫੋਨ ਕੀਤਾ। ਜਦੋਂ ਉਹ ਘਰ ਪਹੁੰਚੀ ਤਾਂ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ। ਕਮਲੇਸ਼ ਕੌਰ ਨੇ ਦੱਸਿਆ ਕਿ ਮ੍ਰਿਤਕ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਸ ਦੌਰਾਨ ਸ਼ਰਾਬ ਪੀਣ ਦਾ ਵੀ ਆਦੀ ਹੋ ਗਿਆ ਸੀ।
ਥਾਣਾ ਸਦਰ ਦੀ ਪੁਲਸ ਦੇ ਏ. ਐੱਸ. ਆਈ. ਸੇਵਾ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਪੰਚਨਾਮਾ ਤਿਆਰ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ।
