ਪਹਿਲਾਂ ਤਿੰਨਾਂ ਦੋਸਤਾਂ ਨੇ ਪੀਤੀ ਸ਼ਰਾਬ, ਫਿਰ ਪਾਇਆ ਭੰਗੜਾ, ਅੱਧੇ ਘੰਟੇ ਬਾਅਦ ਵਾਪਰ ਗਈ ਅਣਹੋਣੀ

Thursday, Nov 30, 2023 - 12:14 PM (IST)

ਚੰਡੀਗੜ੍ਹ (ਸੁਸ਼ੀਲ) : ਮੰਗਲਵਾਰ ਤੜਕੇ ਸੈਕਟਰ-17 ਪਰੇਡ ਗਰਾਊਂਡ ਨੇੜੇ ਕਾਰ ਚਾਲਕ ਦਾ ਕਤਲ ਕਰਨ ਵਾਲੇ ਦੋ ਨੌਜਵਾਨਾਂ ਨੂੰ ਕ੍ਰਾਈਮ ਬ੍ਰਾਂਚ ਨੇ ਪੰਚਕੂਲਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਵਿਜੇ ਕੁਮਾਰ ਉਰਫ਼ ਸਿ਼ੰਟੂ (28) ਵਾਸੀ ਹੱਲੋਮਾਜਰਾ ਅਤੇ ਹਰੀ (19) ਵਾਸੀ ਪਿਪਲੀ ਵਾਲਾ ਟਾਊਨ ਮਨੀਮਾਜਰਾ ਵਜੋਂ ਹੋਈ ਹੈ। ਮੁਲਜ਼ਮਾਂ ਨੇ ਦੱਸਿਆ ਕਿ ਅਭਿਸ਼ੇਕ ਨੇ ਗਾਲ੍ਹਾਂ ਕੱਢੀਆਂ ਸਨ। ਜਦੋਂ ਉਸ ਨੂੰ ਗਾਲ੍ਹਾਂ ਕੱਢਣ ਤੋਂ ਰੋਕਿਆ ਤਾਂ ਉਹ ਨਹੀਂ ਮੰਨਿਆ ਅਤੇ ਉਨ੍ਹਾਂ ਵਿਚਕਾਰ ਕੁੱਟਮਾਰ ਹੋ ਗਈ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਅਭਿਸ਼ੇਕ ਦੀ ਮਾਂ ਪੀ. ਜੀ. ਆਈ. ’ਚ ਕੰਮ ਕਰਦੀ ਹੈ ਅਤੇ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਅਭਿਸ਼ੇਕ ਦੀ ਪਤਨੀ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਕੰਮ ਕਰਦੀ ਹੈ। ਘਟਨਾ ਮੰਗਲਵਾਰ ਸਵੇਰੇ 4 ਵਜੇ ਦੇ ਕਰੀਬ ਦੀ ਹੈ। ਸੈਕਟਰ-17 ਥਾਣੇ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਦੋ ਨੌਜਵਾਨ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਏ। ਸੈਕਟਰ-17 ਥਾਣਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਰੇਡ ਗਰਾਊਂਡ ਨੇੜੇ ਗੱਡੀ ਨੰਬਰ ਸੀ. ਐੱਚ. 01 ਬੀ. ਐੱਲ. 9079 'ਚ ਇਕ ਨੌਜਵਾਨ ਖੂਨ ਨਾਲ ਲੱਥਪਥ ਹਾਲਤ ਵਿਚ ਪਿਆ ਹੈ। ਪੀ. ਸੀ. ਆਰ. ਅਤੇ ਥਾਣਾ ਪੁਲਸ ਮੌਕੇ ’ਤੇ ਪਹੁੰਚ ਗਈ। ਨੌਜਵਾਨ ਦੇ ਸਿਰ, ਨੱਕ ਅਤੇ ਕੰਨਾਂ ਵਿਚੋਂ ਖੂਨ ਨਿਕਲ ਰਿਹਾ ਸੀ। ਕਾਰ ਕੋਲ ਇਕ ਟੁੱਟਿਆ ਹੈਲਮੇਟ ਪਿਆ ਸੀ। ਪੀ. ਸੀ. ਆਰ. ਖੂਨ ਨਾਲ ਲੱਥਪਥ ਹਾਲਤ ਵਿਚ ਨੌਜਵਾਨ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਅਭਿਸ਼ੇਕ ਵਿਜ ਵਜੋਂ ਹੋਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਤਲ ਉਸ ਨਾਲ ਸ਼ਰਾਬ ਪੀ ਰਹੇ ਦੋ ਨੌਜਵਾਨਾਂ ਵਲੋਂ ਕੀਤਾ ਗਿਆ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਦੱਸਿਆ ਕਿ ਕਾਰ ਚਾਲਕ ਅਭਿਸ਼ੇਕ ਰਾਤ 9 ਵਜੇ ਘਰੋਂ ਨਿਕਲਿਆ ਸੀ। ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ। ਇਸ ਦੇ ਨਾਲ ਹੀ ਉਸ ਦਾ ਫੋਨ ਵੀ ਬੰਦ ਸੀ।

ਇਹ ਵੀ ਪੜ੍ਹੋ : ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਸ਼ੁਰੂ ਕਰਨ ਲਈ ਲੋਕਾਂ ਵਲੋਂ ਪੰਜਾਬ ਸਰਕਾਰ ਦੀ ਸ਼ਲਾਘਾ    

ਸੀ. ਸੀ. ਟੀ. ਵੀ ਫੁਟੇਜ ਤੋਂ ਲੱਗਾ ਮੁਲਜ਼ਮਾਂ ਦਾ ਸੁਰਾਗ
ਕ੍ਰਾਈਮ ਬ੍ਰਾਂਚ ਦੇ ਡੀ. ਐੱਸ. ਪੀ. ਉਦੈਪਾਲ ਨੇ ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਟੀਮ ਬਣਾਈ ਸੀ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਮੋਟਰਸਾਈਕਲ ’ਤੇ ਫਰਾਰ ਹੋ ਗਏ। ਪੁਲਸ ਨੇ ਮੁਲਜ਼ਮਾਂ ਦੇ ਮੋਟਰਸਾਈਕਲ ਦਾ ਨੰਬਰ ਹਾਸਲ ਕਰ ਲਿਆ ਸੀ। ਕੈਮਰਿਆਂ ਤੋਂ ਪਤਾ ਲੱਗਾ ਕਿ ਮੁਲਜ਼ਮ ਕਤਲ ਤੋਂ ਬਾਅਦ ਮਨੀਮਾਜਰਾ ਵੱਲ ਗਏ ਹਨ। ਪੁਲਸ ਟੀਮ ਨੇ ਜਾਂਚ ਕਰ ਕੇ ਹਰੀ ਅਤੇ ਵਿਜੇ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ : ਮੁਲਾਜ਼ਮਾਂ ਦੀ ਹੜਤਾਲ ਦਾ ਅਸਰ : ਜ਼ਿਲ੍ਹੇ ਦੇ ਰਜਿਸਟਰੀ ਦਫ਼ਤਰਾਂ ’ਚ ਰੁਕੀਆਂ 2 ਹਜ਼ਾਰ ਤੋਂ ਵੱਧ ਰਜਿਸਟਰੀਆਂ    

ਤਿੰਨਾਂ ਨੇ ਸ਼ਰਾਬ ਪੀਣ ਤੋਂ ਬਾਅਦ ਪਾਇਆ ਸੀ ਭੰਗੜਾ
ਪੁਲਸ ਨੇ ਦੱਸਿਆ ਕਿ ਮ੍ਰਿਤਕ ਅਭਿਸ਼ੇਕ ਅਤੇ ਉਸ ਦੇ ਦੋ ਸਾਥੀਆਂ ਨੇ ਪਹਿਲਾਂ ਸ਼ਰਾਬ ਪੀਤੀ। ਕ੍ਰਿਕਟ ਸਟੇਡੀਅਮ ਚੌਕ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਅਭਿਸ਼ੇਕ ਸੈਕਟਰ-17 ਸ਼ਿਵਾਲਿਕ ਵਿਊ ਹੋਟਲ ਵਲੋਂ ਗੱਡੀ ਕੱਢਦੇ ਹੋਏ ਨਜ਼ਰ ਆਇਆ। ਉਸ ਨੇ ਪਰੇਡ ਗਰਾਊਂਡ ਨੇੜੇ ਗੱਡੀ ਰੋਕ ਦਿੱਤੀ ਅਤੇ ਗੱਡੀ ਵਿਚੋਂ ਅਭਿਸ਼ੇਕ ਸਮੇਤ ਤਿੰਨ ਨੌਜਵਾਨ ਬਾਹਰ ਆ ਗਏ। ਇਸ ਤੋਂ ਬਾਅਦ ਕਾਰ ਵਿਚ ਗਾਣੇ ਚਲਾਏ ਅਤੇ ਅੱਧਾ ਘੰਟਾ ਭੰਗੜਾ ਪਾਇਆ। ਇਸ ਦੌਰਾਨ ਅਭਿਸ਼ੇਕ ਦੀ ਇਕ ਨੌਜਵਾਨ ਨਾਲ ਬਹਿਸ ਹੋ ਗਈ। ਤਕਰਾਰ ਤੋਂ ਬਾਅਦ ਦੋਵਾਂ ਨੌਜਵਾਨਾਂ ਨੇ ਕਾਰ ਵਿਚ ਰੱਖੇ ਹੈਲਮੇਟ ਨਾਲ ਅਭਿਸ਼ੇਕ ਦੇ ਸਿਰ ਅਤੇ ਮੂੰਹ ’ਤੇ ਕਈ ਵਾਰ ਕੀਤੇ ਅਤੇ ਉਸਨੂੰ ਲਹੁੂ-ਲੁਹਾਨ ਕਰਨ ਮਗਰੋਂ ਦੋਵੇਂ ਮੁਲਜ਼ਮ ਪੈਦਲ ਹੀ ਫਰਾਰ ਹੋ ਗਏ।

ਇਹ ਵੀ ਪੜ੍ਹੋ : ਪਹਾੜਾਂ ’ਚ ਬਰਫ਼ਬਾਰੀ ਕਾਰਨ ਉੱਤਰੀ ਭਾਰਤ 'ਚ ਸਰਦੀ ਨੇ ਦਿਖਾਇਆ ਰੰਗ, 4 ਡਿਗਰੀ ਡਿੱਗਿਆ ਪਾਰਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News