ਹਰਿਆਣਾ ਦੇ ਕਿਸਾਨਾਂ ਦੇ ਸਮਰਥਨ ’ਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸੂਬੇ ’ਚ ਕਰਨਗੀਆਂ ਚੱਕਾ ਜਾਮ

10/08/2020 11:21:09 PM

ਚੰਡੀਗੜ੍ਹ, (ਰਮਨਜੀਤ)- ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਘਰ ਦੇ ਸਾਹਮਣੇ ਪ੍ਰਦਰਸ਼ਨ ਕਰਨ ਜਾਂਦੇ ਸਮੇਂ ਕਿਸਾਨਾਂ ’ਤੇ ਕੀਤੇ ਗਏ ਪੁਲਸੀਆ ਜ਼ੁਲਮ ਖਿਲਾਫ਼ ਅਤੇ ਹਰਿਆਣਾ ਦੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ 9 ਅਕਤੂਬਰ ਨੂੰ 2 ਘੰਟੇ ਚੱਕਾ ਜਾਮ ਕਰਨਗੀਆਂ। ਕਿਸਾਨ ਸੰਗਠਨਾਂ ਨੇ ਰਾਜਭਰ ਵਿਚ ਆਪਣੇ ਧਰਨਾ ਸਥਾਨਾਂ ਤੋਂ 12 ਵਜੇ ਤੋਂ ਲੈ ਕੇ 2 ਵਜੇ ਤੱਕ ਆਵਾਜਾਈ ਰੋਕਣ ਦਾ ਐਲਾਨ ਕਰ ਦਿੱਤਾ ਹੈ। ਉਥੇ ਹੀ, ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ ਉਨ੍ਹਾਂ ਦੇ ਰਾਜਨੀਤਕ ਸਲਾਹਕਾਰ ਕੈ. ਸੰਦੀਪ ਸੰਧੂ ਨੇ ਕਿਸਾਨ ਨੇਤਾਵਾਂ ਨੂੰ ਪੱਤਰ ਲਿਖ ਕੇ ਰੇਲ ਮਾਰਗਾਂ ’ਤੇ ਜਾਮ ਵਿਚ ਰਾਹਤ ਦੇਣ ਦੀ ਮੰਗ ਕੀਤੀ ਹੈ।

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਹਾ ਕਿ 30 ਕਿਸਾਨ ਜਥੇਬੰਦੀਆਂ ਵਲੋਂ ਕੀਤੇ ਗਏ ਫੈਸਲੇ ਮੁਤਾਬਕ ਉਨ੍ਹਾਂ ਦੀ ਜਥੇਬੰਦੀ ਵਲੋਂ ਰੇਲ ਜਾਮ ਅਤੇ ਕਾਰਪੋਰੇਟ ਸੰਸਥਾਨਾਂ ਦੇ ਵਿਰੋਧ ’ਚ ਪੱਕੇ ਮੋਰਚੇ ਬਾਦਸਤੂਰ ਜਾਰੀ ਰੱਖੇ ਗਏ ਹਨ। ਇਸ ਦੇ ਨਾਲ ਹੀ ਹਰਿਆਣਾ ਵਿਚ ਕਿਸਾਨਾਂ ’ਤੇ ਹੋਏ ਪੁਲਸੀਆ ਜ਼ੁਲਮ, ਗ੍ਰਿਫ਼ਤਾਰੀਆਂ ਦੇ ਵਿਰੋਧ ਵਿਚ ਅਤੇ ਹਰਿਆਣਾ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਰਾਜਭਰ ਵਿਚ ਵਾਹਨਾਂ ਦਾ 12 ਵਜੇ ਤੋਂ 2 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ।

ਕਿਰਤੀ ਕਿਸਾਨ ਯੂਨੀਅਨ ਦੇ ਸਰਪ੍ਰਸਤ ਹਰਦੇਵ ਸਿੰਘ ਸੰਧੂ ਨੇ ਸੰਘਰਸ਼ ਕਰ ਰਹੇ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦੇ ਰਵੱਈਏ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਵਲੋਂ ਕਿਸਾਨਾਂ ਨਾਲ ਗੱਲਬਾਤ ਦੀ ਬਜਾਏ ਖੇਤੀ ਸਕੱਤਰ ਰਾਹੀਂ ਕਾਨੂੰਨ ਦਾ ਪਾਠ ਪੜ੍ਹਾਉਣ ਦਾ ਕੀਤਾ ਗਿਆ ਯਤਨ ਅਤਿ ਨਿੰਦਣਯੋਗ ਹੈ। ਸਰਪ੍ਰਸਤ ਸੰਧੂ ਅਤੇ ਪ੍ਰਧਾਨ ਦਾਤਾਰ ਸਿੰਘ ਨੇ ਕੈ. ਅਮਰਿੰਦਰ ਸਿੰਘ ਵਲੋਂ ਖੇਤੀ ਕਾਨੂੰਨਾਂ ਖਿਲਾਫ਼ ਮਤਾ ਪਾਸ ਕਰਵਾਉਣ ਤੋਂ ਕੀਤੇ ਗਏ ਇਨਕਾਰ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਕਿਹਾ ਹੈ ਕਿ ਇਸ ਨਾਲ ਕੈਪਟਨ ਦਾ ਵੀ ਚਿਹਰਾ ਬੇਨਕਾਬ ਹੋ ਗਿਆ ਹੈ।


Bharat Thapa

Content Editor

Related News