''ਸ਼ਿਵਾਨੀ'' ਨੇ ਚਮਕਾਇਆ ਪੂਰੇ ਪੰਜਾਬ ਦਾ ਨਾਂ, ਪਰਿਵਾਰ ''ਚ ਖੁਸ਼ੀ ਦੀ ਲਹਿਰ

02/05/2020 4:14:05 PM

ਲੁਧਿਆਣਾ (ਨਰਿੰਦਰ) :  ਹਰਿਆਣਾ ਸਿਵਲ ਸਰਵਿਸਿਜ਼ ਦੀ ਪ੍ਰੀਖਿਆ 'ਚ ਲੁਧਿਆਣਾ ਦੇ ਸੈਕਟਰ-39 ਦੀ ਰਹਿਣ ਵਾਲੀ ਸ਼ਿਵਾਨੀ ਗਰਗ ਨੇ ਦੇਸ਼ ਭਰ 'ਚੋਂ ਦੂਜਾ ਰੈਂਕ ਹਾਸਲ ਕਰਕੇ ਪੰਜਾਬ ਅਤੇ ਲੁਧਿਆਣੇ ਦਾ ਨਾਂ ਰੌਸ਼ਨ ਕੀਤਾ ਹੈ। ਸ਼ਿਵਾਨੀ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ ਅਤੇ ਲੋਕ ਅਤੇ ਰਿਸ਼ਤੇਦਾਰ ਵਧਾਈਆਂ ਦੇਣ ਲਈ ਘਰ ਪਹੁੰਚ ਰਹੇ ਹਨ। ਇਸ ਮੌਕੇ ਸ਼ਿਵਾਨੀ ਨੇ ਦੱਸਿਆ ਕਿ ਉਸ ਨੇ 5 ਸਾਲ ਦੀ ਐੱਲ. ਐੱਲ. ਬੀ ਕੀਤੀ ਹੈ ਅਤੇ 2018 'ਚ ਪਾਸ ਹੋਣ ਤੋਂ ਬਾਅਦ ਹੀ ਇਹ ਪ੍ਰੀਖਿਆ ਦਿੱਤੀ ਸੀ।

ਉਸ ਨੇ ਕਿਹਾ ਕਿ ਉਸ ਨੂੰ ਪਹਿਲਾਂ ਹੀ ਉਮੀਦ ਸੀ ਕਿ ਉਸ ਦਾ ਕੋਈ ਨਾ ਕੋਈ ਰੈਂਕ ਜ਼ਰੂਰ ਆਵੇਗਾ। ਸ਼ਿਵਾਨੀ ਗਰਗ ਨੇ ਕਿਹਾ ਹੈ ਕਿ ਉਸ ਨੇ ਐੱਲ. ਐੱਲ. ਬੀ. ਦੇ ਨਾਲ ਕੋਚਿੰਗ ਵੀ ਲਈ ਸੀ, ਜਿਸ ਤੋਂ ਬਾਅਦ ਉਸ ਨੇ ਹਰਿਆਣਾ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਦਿੱਤੀ, ਜਿਸ 'ਚ ਉਸ ਦਾ ਨਾਂ ਪਹਿਲਾਂ ਟਾਪ 6 ਦੇ ਵਿੱਚ ਆਇਆ ਅਤੇ ਫਿਰ ਇੱਕ ਸਾਲ ਬਾਅਦ ਉਸ ਦੀ ਇੰਟਰਵਿਊ ਹੋਈ, ਜਿਸ 'ਚ ਉਸ ਨੂੰ ਦੂਜਾ ਰੈਂਕ ਹਾਸਲ ਹੋਇਆ। ਸ਼ਿਵਾਨੀ ਨੇ ਕਿਹਾ ਕਿ ਉਸ ਦੀ ਇਸ ਕਾਮਯਾਬੀ ਲਈ ਉਸ ਦੇ ਅਧਿਆਪਕਾਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਸਾਥ ਰਿਹਾ।

ਉਸ ਨੇ ਕਿਹਾ ਕਿ ਪ੍ਰੀਖਿਆ ਦੇ ਦੌਰਾਨ ਉਹ ਸਾਰਾ-ਸਾਰਾ ਦਿਨ ਪੜ੍ਹਦੀ ਰਹਿੰਦੀ ਸੀ। ਸ਼ਿਵਾਨੀ ਦੀ ਮਾਂ ਲਕਸ਼ਮੀ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਵੀ ਸ਼ਿਵਾਨੀ ਨੂੰ ਪੂਰਾ ਸਹਿਯੋਗ ਰਹਿੰਦਾ ਸੀ ਉਹ ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦੀ ਸੀ ਪਰ ਉਸਦਾ ਪੂਰਾ ਧਿਆਨ ਪੜ੍ਹਾਈ ਵੱਲ ਸੀ ਅਤੇ ਹੁਣ ਉਸ ਦੀ ਇਸ ਉਪਲੱਬਧੀ 'ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ।


Babita

Content Editor

Related News