ਕਾਂਗਰਸ ਦੇ ਸਾਬਕਾ ਮੈਂਬਰ ਹਰਵੇਲ ਸਿੰਘ ਸੈਣੀ ਨੇ ਮੋਦੀ ਸਰਕਾਰ 'ਤੇ ਲਗਾਏ ਗੰਭੀਰ ਦੋਸ਼
Saturday, May 23, 2020 - 06:06 PM (IST)
ਗਡ਼੍ਹਸ਼ੰਕਰ(ਸ਼ੋਰੀ) - ਪੰਜਾਬ ਸੂਬਾ ਕਾਂਗਰਸ ਦੇ ਸਾਬਕਾ ਮੈਂਬਰ ਹਰਵੇਲ ਸਿੰਘ ਸੈਣੀ ਨੇ ਖ਼ਾਸ ਮੁਲਾਕਾਤ ਦੌਰਾਨ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਪੂਰੇ ਸੰਸਾਰ ਵਿਚ ਹਾਹਾਕਾਰ ਮਚੀ ਹੋਈ ਹੈ। ਕਿਸੇ ਦੇਸ਼ ਵਿਚ ਅਜਿਹਾ ਨਹੀਂ ਹੋਇਆ ਕਿ ਸੱਤਾਧਾਰੀ ਪਾਰਟੀ ਨੇ ਵਿਰੋਧੀ ਪਾਰਟੀਆਂ ਦਾ ਸਾਥ ਨਾ ਲਿਆ ਹੋਵੇ ਜਾਂ ਉਨ੍ਹਾਂ ਦੇ ਮਸ਼ਵਰੇ ਨਾ ਮੰਨੇ ਹੋਣ। ਪਰ ਦੁੱਖ ਦੀ ਗੱਲ ਹੈ ਕਿ ਭਾਰਤ ਵਿਚ ਮੋਦੀ ਸਰਕਾਰ ਨੇ ਸੱਤਾ ਦੇ ਨਸ਼ੇ ਵਿਚ ਇਸ ਕਦਰ ਹੰਕਾਰੀ ਹੋਈ ਹੈ ਕਿ ਉਨ੍ਹਾਂ ਨੇ ਕਾਂਗਰਸ ਵੱਲੋਂ ਮਜ਼ਦੂਰਾਂ ਦੀ ਸਹੂਲਤ ਲਈ ਜੋ ਬੱਸਾਂ ਭੇਜੀਆਂ ਗਈਆਂ ਸਨ ਉਸ ਨੂੰ ਠੁਕਰਾ ਕੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ। ਮੌਜੂਦਾ ਹਾਲਾਤਾਂ ਮੁਤਾਬਕ ਲੋੜ ਸੀ ਕਿ ਮਜ਼ਦੂਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਂਦਾ ਪਰ ਸਰਕਾਰ ਦੇ ਲੋਕ ਕਾਂਗਰਸ ਦੀਆਂ ਕਮੀਆਂ ਲੱਭਣ ਵਿਚ ਹੀ ਲੱਗੇ ਰਹੇ।
ਹਰਵੇਲ ਸਿੰਘ ਸੈਣੀ ਨੇ ਕਿਹਾ ਕਿ ਮੋਦੀ ਸਰਕਾਰ 'ਚ ਬੈਠੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਜੋ ਉਹ ਕਰ ਰਹੇ ਹਨ ਉਹੀ ਸ੍ਰੇਸ਼ਠ ਹੈ ਜਦੋਂਕਿ ਅਸਲੀਅਤ ਇਹ ਹੈ ਕਿ ਸਰਕਾਰ ਨੇ ਇੰਨੇ ਜ਼ਿਆਦਾ ਗਲਤ ਫੈਸਲੇ ਲਏ ਹਨ ਕਿ ਦੇਸ਼ ਦੀ ਜਨਤਾ ਇਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗੀ। ਸੈਣੀ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਆਪ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਰਕਾਰ ਸਾਬਤ ਕਰਨ ਵਿਚ ਲੱਗੀ ਹੋਈ ਹੈ ਜਦੋਂਕਿ ਇਸ ਸਰਕਾਰ ਨੇ 50 ਵੱਡੇ ਕਾਰੋਬਾਰੀ ਖਾਨਦਾਨਾਂ ਦੇ 18 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਇਸ ਕੋਰੋਨਾ ਕਾਲ ਦੌਰਾਨ ਅੰਦਰ ਖਾਤੇ ਮੁਆਫ ਕਰ ਦਿੱਤੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਦੱਸਣਾ ਪਵੇਗਾ ਕਿ ਇਹ ਪੈਸਾ ਕਿਸ ਦਾ ਸੀ। ਸੈਣੀ ਨੇ ਕਿਹਾ ਕਿ ਆਮ ਲੋਕਾਂ ਨੂੰ ਪਤਾ ਹੈ ਕਿ ਇਹ ਪੈਸਾ ਲੋਕਾਂ ਕੋਲੋਂ ਟੈਕਸ ਦੇ ਰੂਪ ਵਿਚ ਉਗਰਾਹਿਆ ਗਿਆ ਪੈਸਾ ਹੈ ਜੋ ਕਿ ਮੋਦੀ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਵਿਚ ਲੁਟਾ ਦਿੱਤੇ।
ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ 135 ਡਾਲਰ ਪ੍ਰਤੀ ਬੈਰਲ ਤੋਂ ਘੱਟ ਕੇ 20 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ ਪਰ ਨਾ ਡੀਜ਼ਲ ਅਤੇ ਨਾ ਹੀ ਪੈਟਰੋਲ ਦਾ ਰੇਟ ਘੱਟ ਕੀਤਾ ਗਿਆ ਹੈ। ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਮੁਨਾਫਾ ਕਿੱਥੇ ਗਿਆ।
ਉਨ੍ਹਾਂ ਕਿਹਾ ਕਿ ਪੈਟਰੋਲ 'ਤੇ 10 ਫ਼ੀਸਦੀ ਅਤੇ ਡੀਜ਼ਲ 'ਤੇ 13 ਫੀਸਦੀ ਐਕਸਾਈਜ਼ ਡਿਊਟੀ ਲਗਾ ਕੇ ਮੋਦੀ ਸਰਕਾਰ ਨੇ ਲੋਕਾਂ ਨੂੰ ਇਸ ਕੋਰੋਨਾ ਕਾਲ ਵਿਚ ਸ਼ਰੇਆਮ ਲੁੱਟਿਆ ਹੈ।
ਸੈਣੀ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਦਾ ਪਹਿਲਾ ਮਾਮਲਾ ਜਨਵਰੀ ਵਿਚ ਸਾਹਮਣੇ ਆ ਗਿਆ ਸੀ ਪਰ ਉਸ ਸਮੇਂ ਕੇਂਦਰ ਦੀ ਸਰਕਾਰ ਮੱਧ ਪ੍ਰਦੇਸ਼ ਦੀ ਸਰਕਾਰ ਬਣਾਉਣ ਦੇ ਲਈ ਵਿਧਾਇਕਾਂ ਦੇ ਜੋੜ-ਤੋੜ ਵਿਚ ਲੱਗੀ ਰਹੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਹਾਲ ਉੱਪਰ ਛੱਡ ਦਿੱਤਾ ਗਿਆ ਸੀ।
ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਚਾਰ ਘੰਟੇ ਦਾ ਸਮਾਂ ਦੇ ਕੇ ਦੇਸ਼ ਭਰ ਵਿਚ ਰਾਤ 12 ਵਜੇ ਤਾਲਾਬੰਦੀ ਕਰਨ ਦਾ ਐਲਾਨ ਕਰਕੇ ਜਿਸ ਤਰ੍ਹਾਂ ਲੱਖਾਂ ਮਜ਼ਦੂਰਾਂ ਨੂੰ ਬੇਘਰ ਕਰ ਦਿੱਤਾ ਅਤੇ ਟਰਾਂਸਪੋਰਟਰਾਂ ਨੂੰ ਵੀ ਉਨ੍ਹਾਂ ਦੇ ਹਾਲ ਤੇ ਛੱਡ ਦਿੱਤਾ। ਇਹ ਫ਼ੈਸਲਾ ਇੱਕ ਬਿਨਾਂ ਤਿਆਰੀ ਦੇ ਕੀਤਾ ਹੋਇਆ ਬਹੁਤ ਹੀ ਨਾ ਸਮਝੀ ਵਾਲਾ ਫੈਸਲਾ ਸੀ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਰਹੇਗਾ ਕਿ ਇਸ ਪਾਰਟੀ ਨੇ ਜਿਸ ਤਰ੍ਹਾਂ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ ਉਸ ਨੂੰ ਲੋਕ ਕਦੇ ਮੁਆਫ ਨਹੀਂ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਅਨੂਪ ਸਿੰਘ ਭੱਦਰੂ ਪ੍ਰਧਾਨ ਜਨਤਾ ਦਲ ਪੰਜਾਬ , ਪਰਮਜੀਤ ਸਿੰਘ ਅਤੇ ਮਨਜਿੰਦਰ ਸਿੰਘ ਇਬਰਾਹਿਮਪੁਰ ਵੀ ਹਾਜ਼ਰ ਸਨ।