ਕਾਂਗਰਸੀ ਸੰਸਦ ’ਚ ਬੋਲਦੇ ਨਹੀਂ, ਬਾਹਰ ਕਿਸਾਨਾਂ ਦੇ ਹਮਾਇਤੀ ਹੋਣ ਦਾ ਕਰਦੇ ਨੇ ਡਰਾਮਾ: ਹਰਸਿਮਰਤ ਬਾਦਲ
Saturday, Aug 07, 2021 - 10:55 AM (IST)
ਜਲੰਧਰ/ਚੰਡੀਗੜ੍ਹ (ਲਾਭ ਸਿੰਘ ਸਿੱਧੂ, ਅਸ਼ਵਨੀ)- ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਪਾਰਟੀ 'ਤੇ ਤਿੱਖਾ ਨਿਸ਼ਾਨਾ ਸਾਧਦੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਨੂੰ ਦੱਸੇ ਕਿ ਉਹ ਸੰਸਦ ਦੇ ਬਾਹਰ ਕਿਸਾਨ ਹਮਾਇਤੀ ਹੋਣ ਦਾ ਡਰਾਮਾ ਕਿਉਂ ਕਰ ਰਹੀ ਹੈ, ਜਦਕਿ ਇਹ ਸਦਨ ਦੇ ਅੰਦਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ’ਤੇ ਚਰਚਾ ਕਰਨ ਦਾ ਮੁੱਦਾ ਚੁੱਕਣ ਤੋਂ ਇਨਕਾਰੀ ਹੈ। ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਢਾਈ ਹਫ਼ਤਿਆਂ ਤੋਂ ਸੰਸਦ ਦਾ ਸੈਸ਼ਨ ਚੱਲ ਰਿਹਾ ਹੈ ਅਤੇ ਰੋਜ਼ਾਨਾ ਕਾਂਗਰਸ ਪਾਰਟੀ ਪੈਗਾਸਸ ਨਿਗਰਾਨੀ ਮਾਮਲੇ ’ਤੇ ਚਰਚਾ ਕਰਨ ਦੀ ਮੰਗ ਕਰ ਰਹੀ ਹੈ। ਕਾਂਗਰਸ ਪਾਰਟੀ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨੂੰ ਦੱਸੇ ਕਿ ਉਹ ਸੰਸਦ ਵਿਚ ਉਨ੍ਹਾਂ ਦੀ ਆਵਾਜ਼ ਚੁੱਕਣ ਤੋਂ ਕਿਉਂ ਇਨਕਾਰੀ ਹੈ ਅਤੇ ਸਿਰਫ਼ ਪੈਗਾਸਸ ਨਿਗਰਾਨੀ ਮਾਮਲੇ ਨੂੰ ਚੁੱਕਣ ’ਤੇ ਜ਼ੋਰ ਕਿਉਂ ਦੇ ਰਹੀ ਹੈ?
ਇਹ ਵੀ ਪੜ੍ਹੋ: ਤਰਨਤਾਰਨ 'ਚ ਵਿਧਾਇਕ ਭਲਾਈਪੁਰ ਦਾ ਘਿਰਾਓ ਕਰ ਰਹੇ ਕਿਸਾਨਾਂ ਦੀ ਪੁਲਸ ਨਾਲ ਹੋਈ ਤਕਰਾਰ, ਲੱਥੀਆਂ ਪੱਗਾਂ
ਹਰਸਿਮਰਤ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੀ ਆਵਾਜ਼ ਕੁਚਲਣ ਲਈ ਕੇਂਦਰ ਸਰਕਾਰ ਨਾਲ ਰਲ ਗਈ ਹੈ। ਕਾਂਗਰਸ ਦੀ ਸਦਨ ਵਿਚ ਰਣਨੀਤੀ ਦਾ ਹੋਰ ਕੋਈ ਜਵਾਬ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸੱਤ ਪਾਰਟੀਆਂ ਨੇ ਰਲ ਕੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਚੁੱਕੀ ਹੈ ਪਰ ਸੰਸਦ ਵਿਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਜ਼ਰੂਰਤ ’ਤੇ ਚਰਚਾ ਦੀ ਮੰਗ ਨਹੀਂ ਕਰ ਰਹੀ, ਜਿਸ ਕਾਰਨ ਕਿਸਾਨ ਸੰਘਰਸ਼ ਵਿਚ ਕਿਸਾਨਾਂ ਦੀਆਂ ਮੌਤਾਂ ਹੋ ਗਈਆਂ ਹਨ।
ਇਹ ਵੀ ਪੜ੍ਹੋ: ਜਲੰਧਰ: ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਨਵਜੋਤ ਸਿੰਘ ਸਿੱਧੂ
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਸੀ ਕਿ ਕਿਸਾਨਾਂ ਦੇ ਮੁੱਦੇ ਰਲ ਕੇ ਚੁੱਕੇ ਜਾਣ ਪਰ ਕਾਂਗਰਸ ਪਾਰਟੀ ਨੇ ਇਸ ਅਪੀਲ ’ਤੇ ਕੋਈ ਹੁੰਗਾਰਾ ਭਰਨ ਤੋਂ ਇਨਕਾਰ ਕਰ ਦਿੱਤਾ। ਅਜਿਹਾ ਜਾਪਦਾ ਹੈ ਕਿ ਕਾਂਗਰਸ ਪਾਰਟੀ ਨੂੰ ਕੇਂਦਰ ਸਰਕਾਰ ਤੋਂ ਡਰ ਲੱਗਦਾ ਹੈ ਅਤੇ ਇਸੇ ਲਈ ਉਹ ਇਸ ਦੇ ਹੱਥਾਂ ਵਿਚ ਖੇਡ ਰਹੀ ਹੈ ਅਤੇ ਸੰਸਦ ਵਿਚ ਕਿਸਾਨਾਂ ਦੀ ਆਵਾਜ਼ ਚੁੱਕਣ ਤੋਂ ਇਨਕਾਰੀ ਹੈ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਅਤੇ ਬਸਪਾ ਦੇ ਸਾਰੇ ਐੱਮ. ਪੀ. ਸਾਰੇ ਸੈਸ਼ਨ ਤਕ ਜਾਂ ਜਦੋਂ ਤਕ ਸੰਸਦ ਵਿਚ ਅੰਨਦਾਤਾ ਦੀ ਆਵਾਜ਼ ਨਹੀਂ ਚੁੱਕੀ ਜਾਂਦੀ, ਉਦੋਂ ਤਕ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ। ਸੰਸਦ ਦੇ ਬਾਹਰ ਅਕਾਲੀ ਦਲ ਅਤੇ ਬਸਪਾ ਸੰਸਦ ਮੈਂਬਰਾਂ ਨਾਲ ਰਲ ਕੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਕਿਹਾ ਕਿ ਸਿਰਫ਼ ਇਹੀ ਸਾਡਾ ਏਜੰਡਾ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਨਰਿੰਦਰ ਮੋਦੀ ਸਰਕਾਰ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਅਤੇ ਅਸੀਂ ਉਨ੍ਹਾਂ ਲਈ ਨਿਆਂ ਮੰਗਦੇ ਰਹਾਂਗੇ।
ਇਹ ਵੀ ਪੜ੍ਹੋ: ਖੰਨਾ ’ਚ ਸ਼ਰੇਆਮ ਗੁੰਡਾਗਰਦੀ, ਬਜ਼ੁਰਗ ਵਿਧਵਾ ਬੀਬੀ ਦੇ ਘਰ ਦੀ ਛੱਤ ਤੋੜ ਸਾਮਾਨ ਸੁੱਟਿਆ ਬਾਹਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ