ਜਿਹੜੇ ਕੌਂਸਲਰ ਕਰਦੇ ਸੀ ਵਿਰੋਧ ਅੱਜ ਉਹ ਪ੍ਰਧਾਨ ਦਾ ਮੂੰਹ ਮਿੱਠਾ ਕਰਵਾਉਂਦੇ ਦਿਖਾਈ ਦਿੱਤੇ
Saturday, Jun 06, 2026 - 04:53 PM (IST)
ਮਾਛੀਵਾੜਾ ਸਾਹਿਬ (ਟੱਕਰ) : ਨਗਰ ਕੌਂਸਲ ਦੀ ਕੱਲ੍ਹ ਹੋਈ ਬਜਟ ਮੀਟਿੰਗ ਵਿਚ ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰਾਂ ਨੇ ਪ੍ਰਧਾਨ ਮੋਹਿਤ ਕੁੰਦਰਾ ਦਾ ਵਿਰੋਧ ਕਰਕੇ ਮੁੱਦਾ ਉਠਾਇਆ ਸੀ ਕਿ ਉਨ੍ਹਾਂ ਦੇ ਵਾਰਡਾਂ ਵਿਚ ਵਿਕਾਸ ਕਾਰਜ ਨਹੀਂ ਹੋ ਰਹੇ ਪਰ ਅੱਜ ਉਹੀ ਕਾਂਗਰਸੀ ਕੌਂਸਲਰ ਪ੍ਰਧਾਨ ਦਾ ਖੁਸ਼ੀ ਵਿਚ ਮੂੰਹ ਮਿੱਠਾ ਕਰਵਾਉਂਦੇ ਦਿਖਾਈ ਦਿੱਤੇ। ਸਿਆਸੀ ਤੀਰ ਚਲਾਉਣ ਦੇ ਮਾਹਿਰ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਕਾਂਗਰਸੀ ਕੌਂਸਲਰ ਸੁਰਿੰਦਰ ਛਿੰਦੀ ਦੇ ਵਾਰਡ ਵਿਚ ਜਾ ਕੇ ਵਿਕਾਸ ਕਾਰਜ ਸ਼ੁਰੂ ਕਰਵਾਏ ਅਤੇ ਉਸ ਦੇ ਗਿਲ੍ਹੇ ਸ਼ਿਕਵੇ ਦੂਰ ਕਰ ਦਿੱਤੇ। ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਲੋਕਾਂ ਨੇ ਬੜੇ ਹੀ ਪਿਆਰ ਤੇ ਸਤਿਕਾਰ ਦਿੰਦਿਆਂ ਉਨ੍ਹਾਂ ਨੂੰ ਸ਼ਹਿਰ ਦਾ ਪ੍ਰਧਾਨ ਬਣਾਇਆ ਹੈ ਇਸ ਲਈ ਉਹ ਕਿਸੇ ਸਿਆਸੀ ਪਾਰਟੀ ਦੇ ਨਹੀਂ ਬਲਕਿ ਹਰੇਕ ਸ਼ਹਿਰ ਵਾਸੀ ਦੇ ਨੁਮਾਇੰਦੇ ਹਨ ਅਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਵਿਕਾਸ ਕਾਰਜ ਕਰਾਵਾਂ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਕਾਂਗਰਸੀ ਕੌਂਸਲਰ ਸੁਰਿੰਦਰ ਛਿੰਦੀ ਦੇ ਵਾਰਡ ਵਿਚ 8 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਹਨ ਅਤੇ ਹੋਰ ਜੋ ਵੀ ਕੰਮ ਵਾਰਡ ਦੇ ਲੋਕ ਹਿੱਤਾਂ ਵਾਲੇ ਹੋਣਗੇ ਉਹ ਵੀ ਜ਼ਰੂਰ ਕਰਵਾਏ ਜਾਣਗੇ। ਅੱਜ ਵਿਕਾਸ ਕਾਰਜ ਸ਼ੁਰੂ ਹੋਣ ’ਤੇ ਕਾਂਗਰਸੀ ਕੌਂਸਲਰ ਸੁਰਿੰਦਰ ਛਿੰਦੀ ਨੇ ਪ੍ਰਧਾਨ ਮੋਹਿਤ ਕੁੰਦਰਾ ਦਾ ਮੂੰਹ ਮਿੱਠਾ ਕਰਵਾਉਂਦਿਆਂ ਕਿਹਾ ਕਿ ਬੇਸ਼ੱਕ ਉਨ੍ਹਾਂ ਨੇ ਕੱਲ੍ਹ ਗਿਲ੍ਹਾ ਸ਼ਿਕਵਾ ਜ਼ਾਹਿਰ ਕਰ ਵਿਕਾਸ ਕਾਰਜ ਨਾ ਹੋਣਦਾ ਮੁੱਦਾ ਉਠਾਇਆ ਸੀ ਪਰ ਇਸ ਪਿੱਛੇ ਕੋਈ ਤਕਨੀਕੀ ਕਾਰਨ ਸਨ ਨਾ ਕਿ ਪ੍ਰਧਾਨ ਕੁੰਦਰਾ ਦੀ ਕੋਈ ਰੰਜਿਸ਼ਬਾਜੀ। ਉਨ੍ਹਾਂ ਕਿਹਾ ਕਿ ਅੱਜ ਕੰਮ ਸ਼ੁਰੂ ਹੋਣ ਨਾਲ ਵਾਰਡ ਵਾਸੀ ਬੇਹੱਦ ਖੁਸ਼ ਹਨ ਅਤੇ ਉਨ੍ਹਾਂ ਵਲੋਂ ਵੋਟਰਾਂ ਨਾਲ ਜੋ ਵੀ ਵਾਅਦੇ ਕੀਤੇ ਹਨ ਉਹ ਪੂਰੇ ਕੀਤੇ ਜਾਣਗੇ।
ਅਕਾਲੀ ਕੌਂਸਲਰ ਦੇ ਵਾਰਡ ਵਿਚ 35 ਲੱਖ ਦੇ ਕੰਮ ਮੁਕੰਮਲ ਹੋਏ ਅਤੇ 38 ਲੱਖ ਦੇ ਨਵੇਂ ਤਖਮੀਨੇ ਪਾਸ ਹੋਏ
ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਹੜੇ ਅਕਾਲੀ ਦਲ ਦੇ ਕੌਂਸਲਰ ਵਲੋਂ ਵਿਰੋਧ ਕਰਦਿਆਂ ਇਹ ਕਿਹਾ ਗਿਆ ਸੀ ਕਿ ਉਸਦੇ ਵਾਰਡ ਵਿਚ ਕੰਮ ਨਹੀਂ ਹੋ ਰਹੇ, ਜਿਸ ਸਬੰਧੀ ਉਹ ਤੱਥਾਂ ਦੇ ਅਧਾਰ ’ਤੇ ਸਪੱਸ਼ਟ ਕਰਦੇ ਹਨ ਕਿ ਪਿਛਲੇ 1 ਸਾਲ ਵਿਚ ਅਕਾਲੀ ਕੌਂਸਲਰ ਦੇ ਵਾਰਡ ਵਿਚ 35 ਲੱਖ ਰੁਪਏ ਦੇ ਵਿਕਾਸ ਕਾਰਜ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਬਜਟ ਮੀਟਿੰਗ ਦੌਰਾਨ ਉਕਤ ਅਕਾਲੀ ਕੌਂਸਲਰ ਦੇ ਵਾਰਡ ਵਿਚ ਨਵੇਂ 38 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਤਖਮੀਨੇ ਵੀ ਪਾਸ ਕੀਤੇ ਗਏ ਹਨ ਜਿਸ ਸਬੰਧੀ ਟੈਂਡਰ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਕੰਮ ਸ਼ੁਰੂ ਹੋ ਜਾਵੇਗਾ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੋਈਆਂ ਸਮਰਾਲਾ ਨਗਰ ਕੌਂਸਲ ਚੋਣਾਂ ਦੌਰਾਨ ਜੋ ਸਿਆਸੀ ਧਿਰਾਂ ਵਿਚ ਕੁੜੱਤਣ ਪੈਦਾ ਹੋਈ ਹੈ ਉਸ ਕਾਰਨ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਜਦਕਿ ਉਹ ਨਿਰਪੱਖ ਢੰਗ ਨਾਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਵਾ ਰਹੇ ਹਨ।
ਇਤਿਹਾਸਕ ਚਰਨ ਗੰਗਾ ਦੀ ਸਫ਼ਾਈ ਲਈ 15 ਲੱਖ ਦਾ ਟੈਂਡਰ ਪਾਸ
ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਸਥਾਨਕ ਰੋਪੜ ਰੋਡ ’ਤੇ ਸਥਿਤ ਇਤਿਹਾਸਕ ਤੇ ਪੁਰਾਤਨ ਸ੍ਰੀ ਸ਼ਿਵਾਲਾ ਬ੍ਰਹਮਚਾਰੀ ਮੰਦਰ ਅੱਗੇ ਵਗਦੀ ਚਰਨ ਗੰਗਾ ਦੀ ਸਫ਼ਾਈ ਦੀ ਮੰਗ ਸ਼ਹਿਰ ਵਾਸੀਆਂ ਵਲੋਂ ਬੜੇ ਸਮੇਂ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਮਸ਼ੀਨਾਂ ਨਾਲ ਚਰਨ ਗੰਗਾ ਦੀ ਸਫ਼ਾਈ ਲਈ 15 ਲੱਖ ਦਾ ਟੈਂਡਰ ਪਾਸ ਹੋ ਚੁੱਕਾ ਹੈ ਅਤੇ ਜਲਦ ਹੀ ਇਹ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਤਿਹਾਸ ਅਨੁਸਾਰ ਰੋਜ਼ਾਨਾ ਇਸ ਚਰਨ ਗੰਗਾ ਵਿਚ ਢਾਈ ਪਲ ਲਈ ਗੰਗਾ ਮਈਆ ਦਾ ਵਾਸ ਹੁੰਦਾ ਹੈ ਅਤੇ ਲੋਕਾਂ ਦੀ ਸ਼ਰਧਾ ਇਸ ਮੰਦਰ ਤੇ ਉਸ ਅੱਗੇ ਵਗਦੇ ਪਾਣੀ ਨਾਲ ਜੁੜੀ ਹੈ। ਉਨ੍ਹਾਂ ਕਿਹਾ ਕਿ ਚਰਨ ਗੰਗਾ ਵਿਚ ਫੈਲੀ ਗੰਦਗੀ ਨੂੰ ਦੇਖ ਕੇ ਮੰਦਰਾਂ ਵਿਚ ਮੱਥਾ ਟੇਕਣ ਆਉਂਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਸੀ, ਇਸ ਲਈ ਨਗਰ ਕੌਂਸਲ ਵਲੋਂ ਪਹਿਲ ਦੇ ਅਧਾਰ ’ਤੇ ਇਸ ਦੀ ਸਫ਼ਾਈ ਦਾ ਕੰਮ ਕਰਵਾਇਆ ਜਾ ਰਿਹਾ ਹੈ।
