ਹਰਸਿਮਰਤ ਦੇ ਯਤਨਾਂ ਸਦਕਾ ਫਸੇ ਸ਼ਰਧਾਲੂ ਘਰੋ-ਘਰੀ ਪੁੱਜਣ ਲੱਗੇ

Tuesday, Apr 28, 2020 - 01:45 PM (IST)

ਹਰਸਿਮਰਤ ਦੇ ਯਤਨਾਂ ਸਦਕਾ ਫਸੇ ਸ਼ਰਧਾਲੂ ਘਰੋ-ਘਰੀ ਪੁੱਜਣ ਲੱਗੇ

ਬਠਿੰਡਾ (ਜ. ਬ) : ਮਹਾਰਾਸ਼ਟਰ ਦੇ ਨਿਰਦੇਸ਼ਾਂ 'ਚ ਸ਼ਰਧਾਲੂਆਂ ਦੇ ਪਹਿਲੇ ਜੱਥੇ ਦੇ ਵਾਪਸ ਪਰਤਣ ਨਾਲ ਜਿਥੇ ਇਨ੍ਹਾਂ ਸ਼ਰਧਾਲੂਆਂ ਦੇ ਘਰਦਿਆਂ ਨੇ ਸੁੱਖ ਦਾ ਸਾਹ ਲਿਆ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਨੇ ਡੇਢ ਮਹੀਨੇ ਤੋਂ ਫਸੇ ਇਨ੍ਹਾਂ ਸ਼ਰਧਾਲੂਆਂ ਨੂੰ ਘਰ ਵਾਪਸੀ ਦਾ ਰਾਹ ਪੱਧਰਾ ਕਰ ਕੇ ਆਪਣੇ ਨਾ ਸਿਰਫ ਫਰਜ਼ਾਂ ਦੀ ਪੂਰਤੀ ਹੀ ਨਹੀਂ ਕੀਤੀ, ਸਗੋਂ ਇਹ ਵੀ ਦੱਸ ਦਿੱਤਾ ਹੈ ਕਿ ਕਿਸੇ ਦੀ ਮੁਸੀਬਤ ’ਚ ਘਿਰੇ ਆਪਣੇ ਪੰਜਾਬੀਆਂ ਲਈ ਅਕਾਲੀ ਦਲ ਹਮੇਸ਼ਾ ਤਤਪਰ ਰਹਿੰਦਾ ਹੈ। ਪਹਿਲੇ ਜਥੇ ’ਚ 10 ਬੱਸਾਂ, ਜਿਨ੍ਹਾਂ ਦਾ ਖਰਚਾ ਸ਼੍ਰੋਮਣੀ ਅਕਾਲੀ ਦਲ ਦੇ ਮਹਾਰਾਸ਼ਟਰ ਦੇ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ ਨੇ ਕੀਤਾ ਹੈ, 'ਚ ਲਗਭਗ 250 ਯਾਤਰੀ ਬੀਤੇ ਦਿਨ ਆਪਣੇ ਘਰ ਪਹੁੰਚ ਗਏ ਹਨ। ਇਨ੍ਹਾਂ 'ਚੋਂ ਕੁਝ ਸ਼ਰਧਾਲੂ ਹਰਿਆਣਾ ਨਾਲ ਸਬੰਧਤ ਵੀ ਹਨ। ਸ਼ਰਧਾਲੂਆਂ ਦੇ ਦੂਜੇ ਜੱਥੇ ਨੂੰ 13 ਬੱਸਾਂ ਲੈ ਕੇ ਰਾਤ ਜਾਂ ਭਲਕੇ ਪੰਜਾਬ ਪਹੁੰਚ ਜਾਣਗੀਆਂ।
ਡੇਢ ਮਹੀਨੇ ਤੋਂ ਫਸੇ ਇਨ੍ਹਾਂ ਸ਼ਰਧਾਲੂਆਂ ਦੀ ਸਾਰ ਪੰਜਾਬ ਸਰਕਾਰ ਨੇ ਨਹੀਂ ਲਈ ਸੀ। ਇਨ੍ਹਾਂ ਸ਼ਰਧਾਲੂਆਂ ਨੇ ਅਤੇ ਇਨ੍ਹਾਂ ਦੇ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਰਾਬਤਾ ਕਾਇਮ ਕਰ ਕੇ ਮਾਮਲਾ ਧਿਆਨ ’ਚ ਲਿਆਂਦਾ ਤਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ 19 ਅਪ੍ਰੈਲ ਨੂੰ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਧਿਆਨ ’ਚ ਲਿਆਂਦਾ। 20 ਅਪ੍ਰੈਲ ਤੱਕ ਇਨ੍ਹਾਂ ਸ਼ਰਧਾਲੂਆਂ ਨੂੰ ਵਾਪਸ ਪਹੁੰਚਾਉਣ ਲਈ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਮਿਲ ਗਈਆਂ ਪਰ ਲਾਕਡਾਊਨ ਕਰ ਕੇ ਮਾਮਲਾ ਫਿਰ ਫਸ ਗਿਆ। 21 ਅਪ੍ਰੈਲ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਇਸ ਮੁੱਦੇ ’ਤੇ ਗੱਲਬਾਤ ਕੀਤੀ।

ਇਸੇ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਲੋੜੀਂਦੀਆਂ ਪ੍ਰਵਾਨਗੀਆਂ ਬਾਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਉਥੋਂ ਦੇ ਮੁੱਖ ਸਕੱਤਰ ਨਾਲ ਗੱਲਬਾਤ ਕੀਤੀ ਪਰ ਮਾਮਲਾ ਫਿਰ ਲਟਕਦਾ ਦਿਖਾਈ ਦਿੱਤਾ। ਬਾਦਲ ਸਾਹਿਬ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ 22 ਅਪ੍ਰੈਲ ਨੂੰ ਦਿੱਲੀ ਭੇਜਿਆ ਅਤੇ ਇਨ੍ਹਾਂ ਸ਼ਰਧਾਲੂਆਂ ਦਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਕੋਲ ਉਠਾਉਣ ਲਈ ਕਿਹਾ। ਬੀਬਾ ਹਰਸਿਮਰਤ ਕੌਰ ਬਾਦਲ ਨੇ ਉਸੇ ਸ਼ਾਮ ਨੂੰ ਇਸ ਮਾਮਲੇ ਨੂੰ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਵਿਚਾਰਿਆ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਟੈਲੀਫੋਨ ’ਤੇ ਗ੍ਰਹਿ ਮੰਤਰੀ ਕੋਲ ਹਦਾਇਤ ਕਰਵਾਈ ਕਿ ਫਸੇ ਸ਼ਰਧਾਲੂਆਂ ਨੂੰ ਤੁਰੰਤ ਵਾਪਸ ਭੇਜਿਆ ਜਾਵੇ ਅਤੇ ਗ੍ਰਹਿ ਮੰਤਰੀ ਨੇ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਵੀ ਦੇ ਦਿੱਤੀਆਂ। ਜਿਉਂ ਹੀ ਸ਼ਰਧਾਲੂਆਂ ਨੂੰ ਵਾਪਸ ਭੇਜਣ ਦਾ ਮਾਮਲਾ ਮਹਾਰਾਸ਼ਟਰ ਦੇ ਮੁੱਖ ਸਕੱਤਰ ਨੇ ਪੰਜਾਬ ਦੇ ਮੁੱਖ ਸਕੱਤਰ ਕੋਲ ਉਠਾਇਆ ਤਾਂ ਪੰਜਾਬ ਸਰਕਾਰ ਹਰਕਤ ’ਚ ਆ ਗਈ।

ਸਰਕਾਰ ਨੂੰ ਫਿਕਰ ਪੈ ਗਿਆ ਕਿ ਸਾਰਾ ਕ੍ਰੈਡਿਟ ਤਾਂ ਕਿਤੇ ਸ਼੍ਰੋਮਣੀ ਅਕਾਲੀ ਦਲ ਹੀ ਨਾ ਲੈ ਜਾਵੇ। ਪੰਜਾਬ ਸਰਕਾਰ ਨੇ ਮਹਾਰਾਸ਼ਟਰ ਸਰਕਾਰ ਨੂੰ ਕਹਿ ਦਿੱਤਾ ਕਿ ਦੂਜੇ ਜਥੇ ਵਾਲੀਆਂ 13 ਬੱਸਾਂ ਦੇ ਪੈਸੇ ਖੁਦ ਸੂਬਾ ਸਰਕਾਰ ਦੇਵੇਗੀ ਅਤੇ ਇਨ੍ਹਾਂ ਸ਼ਰਧਾਲੂਆਂ ਦੀਆਂ ਡਾਕਟਰੀ ਸਹੂਲਤਾਂ ਆਦਿ ਦਾ ਪ੍ਰਬੰਧ ਵੀ ਸਰਕਾਰ ਹੀ ਕਰੇਗੀ। ਅਕਾਲੀ ਦਲ ਅਤੇ ਸਰਕਾਰ ਵਿਚਾਲੇ ਇਸ ਮੁੱਦੇ ਨੂੰ ਲੈ ਕੇ ਬਹਿਸ ਚੱਲ ਪਈ। ਕੋਈ ਕੁਝ ਕਹੀ ਜਾਵੇ ਪਰ ਇਨ੍ਹਾਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਬੀਬਾ ਬਾਦਲ ਦੇ ਯਤਨਾਂ ਨੂੰ ਹੀ ਬੂਰ ਪਿਆ ਹੈ ਅਤੇ ਉਨ੍ਹਾਂ ਦੀ ਮਿਹਨਤ ਨਾਲ ਇਹ ਸਾਰੇ ਸ਼ਰਧਾਲੂ ਘਰੋਂ-ਘਰੀਂ ਪਹੁੰਚ ਰਹੇ ਹਨ।
ਬਾਦਲ ਨੇ ਇਸ ਮਾਮਲੇ ’ਚ ਦ੍ਰਿੜ੍ਹਤਾ ਨਾਲ ਕੰਮ ਕੀਤਾ ਤਾਂ ਕੈਪਟਨ ਸਰਕਾਰ ਆਪਣੀ ਨਾਲਾਇਕੀ ਨੂੰ ਲੁਕਾਉਣ ਲਈ ਸਰਗਰਮ ਹੋ ਗਈ ਪਰ ਉਸ ਵੇਲੇ ਤਕ ਤਾਂ ਕੇਂਦਰੀ ਮੰਤਰੀ ਨੇ ਸਭ ਪ੍ਰਵਾਨਗੀਆਂ ਮਹਾਰਾਸ਼ਟਰ ਸਰਕਾਰ ਨੂੰ ਦੇ ਦਿੱਤੀਆਂ ਅਤੇ ਇਨ੍ਹਾਂ ਸ਼ਰਧਾਲੂਆਂ ਦੀ ਪ੍ਰਵਾਨਗੀ ਦਾ ਰਾਹ ਪੱਧਰਾ ਕਰਵਾ ਦਿੱਤਾ। ਬਰਾੜ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਨਾਲਾਇਕੀ ਕਰ ਕੇ ਹੀ ਇਹ ਸ਼ਰਧਾਲੂ ਇੰਨਾ ਲੰਬਾ ਸਮਾਂ ਉਥੇ ਫਸੇ ਰਹੇ ਹਨ।
 


author

Babita

Content Editor

Related News