ਹਰਸਿਮਰਤ ਨੇ ਟਵਿੱਟਰ ''ਤੇ ਘੇਰਿਆ ਕੈਪਟਨ, ਰੰਧਾਵਾ ਨੇ ਦਿੱਤਾ ਜਵਾਬ
Tuesday, Jun 18, 2019 - 06:54 PM (IST)

ਜਲੰਧਰ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਕ ਵਾਰ ਪੰਜਾਬ 'ਚ ਨਸ਼ੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖਾ ਹਮਲਾ ਬੋਲਿਆ। ਬੀਬੀ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਲੋਕ ਦੁਹਾਈ ਦੇ ਰਹੇ ਹਨ ਕਿ ਨਸ਼ਾ ਤਸਕਰੀ ਦੇ ਵੱਡੇ ਮਗਰਮੱਛਾ ਅਤੇ ਉਨ੍ਹਾਂ ਨਾਲ ਮਿਲੇ ਹੋਏ ਰਿਸ਼ਵਤਖੋਰ ਪੁਲਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਖਤ ਰੁਖ ਅਪਣਾਓ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਲੈ ਕੇ ਖਾਧੀ ਤੁਹਾਡੀ ਸਹੁੰ ਤਾਂ ਹੀ ਪੂਰੀ ਹੋ ਸਕਦੀ ਹੈ।
ਇਸ ਟਵੀਟ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਰਸਿਮਰਤ ਕੌਰ ਬਾਦਲ ਨੂੰ ਠੋਕਵਾਂ ਜਵਾਬ ਦਿੱਤਾ। ਇਸ 'ਤੇ ਜਵਾਬੀ ਟਵੀਟ ਕਰਦਿਆਂ ਰੰਧਾਵਾ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ। ਤੁਹਾਡੇ ਪਰਿਵਾਰ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਅਤੇ ਡਰੱਗ ਪੰਜਾਬ ਵਿਚ ਪਲੇਗ ਵਾਂਗ ਫੈਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨਸ਼ੇ ਖਿਲਾਫ ਲੜਾਈ ਲੜ ਰਹੇ ਹਨ ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰ ਦੇਣਗੇ। ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਨਸ਼ੇ ਨੂੰ ਲੈ ਕੇ ਟਵਿਟਰ ਵਾਰ ਛਿੜੀ ਹੋਵੇਗਾ। ਇਸ ਤੋਂ ਪਹਿਲਾਂ ਵੀ ਹਰਸਿਮਰਤ ਵਲੋਂ ਟਵੀਟ ਕਰਕੇ ਨਸ਼ੇ 'ਤੇ ਮੁੱਖ ਮੰਤਰੀ ਨੂੰ ਘੇਰਿਆ ਜਾਂਦਾ ਰਿਹਾ ਹੈ।