ਹਰਸਿਮਰਤ ਵਿਰੁੱਧ ਬਠਿੰਡਾ ਤੋਂ ਲੜਨ ਲਈ ਤਿਆਰ: ਭਗਵੰਤ ਮਾਨ

08/20/2018 11:51:31 AM

ਸੰਗਰੂਰ — ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ 'ਜਗ ਬਾਣੀ' ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਹਰਸਿਮਰਤ ਬਾਦਲ ਵਿਰੁੱਧ ਬਠਿੰਡਾ ਤੋਂ ਲੜਨ ਲਈ ਤਿਆਰ ਹਨ। 'ਜਗ ਬਾਣੀ' ਵਲੋਂ ਲਏ ਗਏ ਇੰਟਰਵਿਊ ਵਿਚ ਭਗਵੰਤ ਮਾਨ ਨੇ ਹੋਰ ਵੀ ਕਈ ਸਵਾਲਾਂ ਦੇ ਜਵਾਬ ਦਿੱਤੇ।
ਸ: ਕਾਂਗਰਸ ਨਾਲ ਪਾਰਟੀ ਦੇ ਗਠਜੋੜ ਦੀ ਚਰਚਾ 'ਤੇ ਤੁਸੀਂ ਕੀ ਕਹੋਗੇ?
ਜ:
ਕਾਂਗਰਸ ਨਾਲ ਗਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਮੈਂ ਖੁਦ ਇਸ ਦੇ ਵਿਰੁੱਧ ਹਾਂ। ਵਿਰੋਧੀਆਂ ਨਾਲ ਕਦੇ ਹੱਥ ਨਹੀਂ ਮਿਲਾਵਾਂਗੇ।
ਸ: ਲੋਕ ਸਭਾ ਚੋਣਾਂ ਦੀ ਤਿਆਰੀ ਕਿਸ ਤਰ੍ਹਾਂ ਚੱਲ ਰਹੀ ਹੈ? ਕੀ ਮੁਅੱਤਲ ਸੰਸਦ ਮੈਂਬਰਾਂ ਨੂੰ ਮਨਾਓਗੇ?
ਜ:
ਤਿਆਰੀ ਪੂਰੀ ਹੈ, ਡਾ. ਧਰਮਵੀਰ ਗਾਂਧੀ  ਨੂੰ ਮਨਾਉਣ ਬਾਰੇ ਗੱਲਬਾਤ ਵੀ ਚੱਲ ਰਹੀ ਹੈ। ਮੇਰੀ ਅਕਸਰ ਉਨ੍ਹਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ।
ਸ: ਹਰਸਿਮਰਤ ਬਾਦਲ ਨੇ ਤੁਹਾਡੇ ਵਿਰੁੱਧ ਸੰਗਰੂਰ ਤੋਂ ਲੜਨ ਦੀ ਚੁਣੌਤੀ ਦਿੱਤੀ ਹੈ? ਕੀ ਤੁਸੀਂ ਤਿਆਰ ਹੋ?
ਜ:
ਮੈਂ ਪੂਰੀ ਤਰ੍ਹਾਂ ਤਿਆਰ ਹਾਂ। ਜੇਕਰ ਉਹ ਕਹਿਣ ਤਾਂ ਮੈਂ ਬਠਿੰਡਾ ਤੋਂ ਚੋਣ ਲੜਨ ਲਈ ਵੀ ਤਿਆਰ ਹਾਂ। ਮੈਂ ਤਾਂ ਉਨ੍ਹਾਂ ਦੇ ਪਤੀ ਸੁਖਬੀਰ ਬਾਦਲ ਵਿਰੁੱਧ ਵੀ ਚੋਣ ਲੜਨ ਤੋਂ ਨਹੀਂ ਡਰਿਆ ਸੀ।
ਸ: ਬਤੌਰ ਸੰਸਦ ਮੈਂਬਰ ਤੁਸੀਂ ਸੰਗਰੂਰ ਲਈ ਕੀ ਲੈ ਕੇ ਆਏ ਹੋ?
ਜ:
ਮੈਂ ਐੱਮ. ਪੀ. ਫੰਡ 'ਚੋਂ ਸੋਲਰ ਲਾਈਟ ਅਤੇ ਵਾਟਰ ਫਿਲਟਰ ਸਿਸਟਮ ਲਾ ਰਿਹਾ ਹਾਂ। ਇਸ ਦੇ ਇਲਾਵਾ ਸਕੂਲਾਂ ਦੀਆਂ ਇਮਾਰਤਾਂ ਬਣਾਈਆਂ ਹਨ। ਸੰਗਰੂਰ 'ਚ ਬਣਨ ਵਾਲੇ ਪਾਸਪੋਰਟ ਦਫਤਰ ਲਈ ਥਾਂ ਦਾ ਪ੍ਰਬੰਧ ਕਰ ਰਿਹਾ ਹਾਂ। ਖੇਲੋ ਇੰਡੀਆ ਪ੍ਰਾਜੈਕਟ ਦੇ ਤਹਿਤ ਸੰਗਰੂਰ 'ਚ ਐਸਟ੍ਰੋ ਟ੍ਰਫ ਲਗਵਾਉਣ ਦੀ ਫਾਈਲ ਰਾਜਵਰਧਨ ਰਾਠੌਰ ਜੀ ਦੇ ਟੇਬਲ 'ਤੇ ਹੈ। ਮੈਂ ਆਪਣੇ ਗੋਦ ਲਏ ਪਿੰਡ ਲਈ 15 ਲੱਖ ਦੀ ਗ੍ਰਾਂਟ ਦਿੱਤੀ ਹੈ।
ਸ: ਕੀ ਹਰਪਾਲ ਚੀਮਾ ਖਹਿਰਾ ਵਾਂਗ ਪੰਜਾਬ ਦੇ ਮੁੱਦੇ ਸਦਨ 'ਚ ਉਠਾ ਸਕਣਗੇ।
ਜ:
ਹਰਪਾਲ ਚੀਮਾ ਇਕ ਸੀਨੀਅਰ ਵਕੀਲ ਹਨ। ਉਹ ਸੰਗਰੂਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਹਨ ਅਤੇ ਵਿਧਾਨ ਸਭਾ ਦੇ ਸੈਸ਼ਨ 'ਚ ਉਨ੍ਹਾਂ ਦੀ ਕਾਬਲੀਅਤ ਦਾ ਅੰਦਾਜ਼ਾ ਲੱਗ ਜਾਵੇਗਾ।
ਸ: ਕੀ ਤੁਹਾਡੇ ਨਜ਼ਦੀਕੀ ਹੋਣ ਕਾਰਨ ਹਰਪਾਲ ਸਿੰਘ ਚੀਮਾ ਨੂੰ ਇਹ ਅਹੁਦਾ ਮਿਲਿਆ ਹੈ?
ਜ:
ਮੇਰੇ ਤਾਂ ਸਾਰੇ ਹੀ ਨਜ਼ਦੀਕੀ ਹਨ। ਪਾਰਟੀ ਨੇ ਉਨ੍ਹਾਂ ਦੀ ਕਾਬਲੀਅਤ ਕਾਰਨ ਉਨ੍ਹਾਂ ਨੂੰ ਚੁਣਿਆ ਹੈ ਤੇ ਮੇਰੀ ਇਸ ਬਾਰੇ ਪਾਰਟੀ ਨਾਲ ਕੋਈ ਗੱਲ ਨਹੀਂ ਹੋਈ। ਇਹ ਪੰਜਾਬ ਦਾ ਫੈਸਲਾ ਹੈ ਅਤੇ ਪੰਜਾਬ ਦੇ ਵਿਧਾਇਕਾਂ ਨੇ ਹੀ ਇਸ ਦੀ ਸਹਿਮਤੀ ਦਿੱਤੀ ਹੈ।
ਸ: ਤੁਸੀਂ ਕੰਵਰ ਸੰਧੂ ਬਾਰੇ ਕਿਹਾ ਕਿ ਉਹ ਖੁਦ ਵਿਰੋਧੀ ਧਿਰ ਦੇ ਆਗੂ ਬਣਨਾ ਚਾਹੁੰਦੇ ਹਨ? ਕੀ ਇਹ ਸੱਚ ਹੈ?
ਜ:
ਹਾਂ, ਇਹ ਸਹੀ ਹੈ। ਕੰਵਰ ਸੰਧੂ ਨੇ ਕਿਹਾ ਸੀ ਕਿ ਮੈਨੂੰ ਵਿਰੋਧੀ ਧਿਰ ਦਾ ਨੇਤਾ ਬਣਾ ਦਿਓ ਮੈਂ ਖਹਿਰਾ ਨੂੰ ਖੁਦ ਸੰਭਾਲ ਲਵਾਂਗਾ। ਉਨ੍ਹਾਂ ਨੇ ਇਹ ਗੱਲ ਮੁਨੀਸ਼ ਸਿਸੋਦੀਆ ਨੂੰ ਫੋਨ 'ਤੇ ਕਹੀ ਸੀ ਅਤੇ ਸਿਸੋਦੀਆ ਨੇ ਇਹ ਗੱਲ ਮੈਨੂੰ ਖੁਦ ਦੱਸੀ ਹੈ।


Related News