‘ਪੰਜਾਬ ਬਚਾਓ’ ਯਾਤਰਾ ਦੌਰਾਨ ਸੁਖਬੀਰ ਬਾਦਲ ਨੇ ਟਰੈਕਟਰ ’ਤੇ ਲਵਾ ਲਈ ਛੱਤਰੀ ਤਾਂ ਕਿ ਗਰਮੀ ਨਾ ਲੱਗੇ: ਭਗਵੰਤ ਮਾਨ
Friday, May 17, 2024 - 11:07 AM (IST)
ਜਲੰਧਰ/ਚੰਡੀਗੜ੍ਹ/ਕਾਦੀਆਂ (ਧਵਨ, ਅੰਕੁਰ, ਜੀਸ਼ਾਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਵਾਇਤੀ ਪਾਰਟੀਆਂ ’ਤੇ ਸਿਆਸੀ ਹਮਲਾ ਕਰਦੇ ਹੋਏ ਕਿਹਾ ਕਿ ਅਜੇ ਤੱਕ ਇਹ ਪਾਰਟੀਆਂ ਆਪਣੇ ਵਾਲੰਟੀਅਰਾਂ ਅਤੇ ਜਨਤਾ ਦਾ ਸ਼ੋਸ਼ਣ ਕਰਦੀਆਂ ਆਈਆਂ ਹਨ। ਉਹ ਅੱਜ ਕਾਦੀਆਂ ’ਚ ਗੁਰਦਾਸਪੁਰ ਤੋਂ ‘ਆਪ’ਉਮੀਦਵਾਰ ਸ਼ੈਰੀ ਕਲਸੀ ਦੇ ਪੱਖ ’ਚ ‘ਲੋਕ ਮਿਲਣੀ’ਪ੍ਰੋਗਰਾਮ ’ਚ ਹਿੱਸਾ ਲੈ ਰਹੇ ਸਨ। ਭਗਵੰਤ ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਉਮੀਦਵਾਰ ਲੋਕਾਂ ਦੀਆਂ ਆਸਾਂ ’ਤੇ ਖਰ੍ਹੇ ਨਹੀਂ ਉਤਰ ਸਕੇ। ਇਹ ਆਗੂ ਤਾਂ ਚੋਣ ਜਿੱਤਣ ਤੋਂ ਬਾਅਦ ਆਪਣੇ ਪਰਿਵਾਰਾਂ ਦੀ ਸੁੱਧ ਲੈਂਦੇ ਰਹੇ।
ਉਨ੍ਹਾਂ ਨੇ ਸੁਖਬੀਰ ਬਾਦਲ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਹ ‘ਆਪ’ ਆਗੂਆਂ ਨੂੰ ਮਲੰਗ ਕਹਿੰਦੇ ਹਨ, ਅਜਿਹੀ ਬੋਲੀ ਬੋਲ ਕੇ ਉਹ ਗਰੀਬਾਂ ਦਾ ਅਪਮਾਨ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ’ਚ ਵੀ ਉਨ੍ਹਾਂ ਨੇ ਪ੍ਰਤਾਪ ਬਾਜਵਾ ਨੂੰ ਕਹਿ ਦਿੱਤਾ ਸੀ ਕਿ ਉਹ ਉਨ੍ਹਾਂ ਨਾਲ ਅੱਖਾਂ ’ਚ ਅੱਖਾਂ ਪਾ ਕੇ ਗੱਲ ਕਰਨ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਨੇ ਪ੍ਰਤਾਪ ਬਾਜਵਾ ਦੀ ਸੀ. ਐੱਮ. ਬਣਨ ਦੀ ਇੱਛਾ ਪੂਰੀ ਨਹੀਂ ਕੀਤੀ ਤਾਂ ਇਸ ’ਚ ਉਨ੍ਹਾਂ ਦਾ ਕੀ ਕਸੂਰ ਹੈ। ਉਨ੍ਹਾਂ ਕਿਹਾ ਕਿ ਕੁਝ ਆਗੂਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸੋਨੇ ਦੇ ਬਿਸਕੁਟਾਂ ਦਾ ਕਾਰੋਬਾਰ ਕੌਣ ਕਰਦਾ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਇਕ ਹੀ ਆਗੂ ਦਾ ਘਰ ਅਜਿਹਾ ਹੈ, ਜਿਸ ਦੇ ਇਕ ਪਾਸੇ ਭਾਜਪਾ ਦਾ ਅਤੇ ਦੂਜੇ ਪਾਸੇ ਕਾਂਗਰਸ ਦਾ ਝੰਡਾ ਲੱਗਾ ਹੋਇਆ ਹੈ।
ਇਹ ਵੀ ਪੜ੍ਹੋ- ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਹਾਦਸਾ, ਭਰਾ ਦੀਆਂ ਅੱਖਾਂ ਸਾਹਮਣੇ ਹੋਈ ਭੈਣ ਦੀ ਦਰਦਨਾਕ ਮੌਤ
ਉਨ੍ਹਾਂ ਨੇ ਸੁਖਬੀਰ ਬਾਦਲ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਆਗੂਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਕੁਝ ਵੀ ਕੰਮ ਨਹੀਂ ਕਰਨਾ ਆਉਦਾ। ਇਹ ਨਵੇਂ ਤਰ੍ਹਾਂ ਦੇ ਬੇਰੋਜ਼ਗਾਰ ਪੈਦਾ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ‘ਪੰਜਾਬ ਬਚਾਓ’ ਯਾਤਰਾ ਕੱਢ ਰਹੇ ਹਨ। ਉਨ੍ਹਾਂ ਨੇ ਟਰੈਕਟਰ ਦੇ ਉਪਰ ਛੱਤਰੀ ਲਾਈ ਹੋਈ ਹੈ ਤਾਂ ਕਿ ਉਨ੍ਹਾਂ ਨੂੰ ਗਰਮੀ ਨਾ ਲੱਗ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਆਗੂ ਜਦੋਂ ਲੋਕਾਂ ਕੋਲੋਂ ਵੋਟ ਮੰਗਣ ਜਾਂਦੇ ਹਨ ਤਾਂ ਪਹਿਲਾਂ ਤਾਪਮਾਨ ਬਾਰੇ ਜਾਣਕਾਰੀ ਹਾਸਲ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਆਗੂ ਜਿੰਨਾ ਸਮਾਂ ਡ੍ਰੈੱਸਅਪ ਹੋਣ ’ਚ ਲਾਉਂਦੇ ਹਨ ਓਨੇ ਸਮੇਂ ’ਚ ਤਾਂ ਉਹ ਪੰਜ ਪਿੰਡਾਂ ’ਚ ਪ੍ਰਚਾਰ ਦਾ ਕਾਰਜ ਵੀ ਪੂਰਾ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਤੋਂ ਵੀ ਡਰ ਨਹੀਂ। ਅਸੀਂ ਸਿਰਫ਼ ਨੀਲੀ ਛਤਰੀ ਵਾਲੇ ਤੋਂ ਡਰਦੇ ਹਾਂ ਜਦਕਿ ਸੁਖਬੀਰ ਤੇ ਹੋਰ ਆਗੂ ਤਾਂ ਹਰ ਗੱਲ ਤੋਂ ਡਰਦੇ ਰਹਿੰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ’ਚ ਤਾਂ ਆਪਣੇ ਉਮੀਦਵਾਰਾਂ ਦੀ ਅਦਲਾ-ਬਦਲੀ ਕੀਤੀ ਹੈ ਕਿਉਂਕਿ ਉਨ੍ਹਾਂ ਨੂੰ ਸਬੰਧਤ ਸੀਟਾਂ ’ਤੇ ਚੋਣ ਜਿੱਤਣ ਦਾ ਸ਼ੱਕ ਹੈ। ਉਨ੍ਹਾਂ ਨੇ ਗੁਰਦਾਸਪੁਰ ਦੀ ਚਰਚਾ ਕਰਦੇ ਹੋਏ ਕਿਹਾ ਕਿ ਭਾਜਪਾ ਇਥੇ ਕਦੇ ਵਿਨੋਦ ਖੰਨਾ ਤਾਂ ਕਦੇ ਸੰਨੀ ਦਿਓਲ ਦੀ ਅਜ਼ਮਾਉਂਦੀ ਰਹੀ। ‘ਆਪ’ ਉਮੀਦਵਾਰ ਤਾਂ ਆਮ ਘਰ ਨਾਲ ਸਬੰਧ ਰੱਖਦਾ ਹੈ ਅਤੇ ਉਸ ਨੂੰ ਹਰ ਗਲੀ ਦਾ ਪਤਾ ਹੈ। ਸਾਨੂੰ ਬਾਹਰੀ ਉਮੀਦਵਾਰਾਂ ਨੂੰ ਤਿਆਗ ਦੇਣਾ ਚਾਹੀਦਾ ਹੈ। ਅਰਵਿੰਦ ਕੇਜਰੀਵਾਲ ਨੂੰ ਜੇਲ ਭੇਜਣ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੇਜਰੀਵਾਲ ਇਕ ਵਿਚਾਰ ਹੈ, ਜਿਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਜੇਲ ਤੋਂ ਬਾਹਰ ਆਉਣ ਨਾਲ ਪਾਰਟੀ ਵਾਲੰਟੀਅਰਾਂ ਦਾ ਮਨੋਬਲ ਉੱਚਾ ਹੋਇਆ ਹੈ। ਇਸ ਮੌਕੇ ਸ਼ੈਰੀ ਕਲਸੀ,‘ਆਪ’ਆਗੂ ਜਗਰੂਪ ਸਿੰਘ ਸੇਖਵਾਂ, ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਅਤੇ ਰਮਨ ਬਹਿਲ ਵੀ ਮੌਜੂਦ ਸੀ।
ਇਹ ਵੀ ਪੜ੍ਹੋ- ਭੈਣ ਨਾਲ ਰਿਲੇਸ਼ਨ 'ਚ ਰਹਿ ਰਹੇ ਦੋਸਤ ਦਾ ਬੇਰਹਿਮੀ ਨਾਲ ਕਤਲ, ਦੋਸ਼ੀ ਬੋਲਿਆ, 'ਯਾਰੀ 'ਚ ਗੱਦਾਰੀ ਦਾ ਸਬਕ'
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8