ਲੰਗਰ ਬੰਦ ਕਰਾਉਣ ਦੇ ਮਾਮਲੇ ''ਚ ਹਰਸਿਮਰਤ ਨੇ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

02/04/2020 10:41:05 PM

ਤਲਵੰਡੀ ਸਾਬੋ,(ਮੁਨੀਸ਼)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ 15 ਪਿੰਡਾਂ ਦੀਆਂ ਸੰਗਤਾਂ ਵੱਲੋਂ ਰਾਜਸਥਾਨ ਦੇ ਬੀਕਾਨੇਰ ਕੈਂਸਰ ਹਸਪਤਾਲ 'ਚ ਪਿਛਲੇ ਕਈ ਸਾਲਾਂ ਤੋਂ ਚਲਾਏ ਜਾ ਰਹੇ ਲੰਗਰ ਨੂੰ ਅਚਾਨਕ ਪ੍ਰਸ਼ਾਸਨ ਵੱਲੋਂ ਬੰਦ ਕਰਵਾ ਕੇ ਸ਼ੈੱਡ ਪੁਟਾ ਦੇਣ ਦੇ ਮਾਮਲੇ 'ਤੇ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਲੰਗਰ ਮੁੜ ਬਹਾਲ ਕਰਨ ਦੀਆਂ ਆਰੰਭੀਆਂ ਕੋਸ਼ਿਸਾਂ ਤਹਿਤ ਉਨ੍ਹਾਂ ਵੱਲੋਂ ਮਾਮਲਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਧਿਆਨ 'ਚ ਲਿਆਉਣ ਉਪਰੰਤ ਬੀਬਾ ਬਾਦਲ ਨੇ ਮੁੱਖ ਮੰਤਰੀ ਰਾਜਸਥਾਨ ਨੂੰ ਚਿੱਠੀ ਲਿਖ ਲੰਗਰ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ।

ਅਕਾਲੀ ਦਲ ਦੇ ਸਥਾਨਕ ਸੂਤਰਾਂ ਨੇ ਦੱਸਿਆ ਕਿ ਲੰਗਰ ਕਮੇਟੀ ਵੱਲੋਂ ਸਾਰਾ ਮਸਲਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਧਿਆਨ 'ਚ ਲਿਆਉਣ ਉਪਰੰਤ ਉਨ੍ਹਾਂ ਨੇ ਅੱਜ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਧਿਆਨ 'ਚ ਮਾਮਲਾ ਲਿਆਂਦਾ ਜਿਸ ਤੋਂ ਬਾਅਦ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਲਿਖੀ ਚਿੱਠੀ 'ਚ ਬੀਬਾ ਬਾਦਲ ਨੇ ਉਨ੍ਹਾਂ ਦੇ ਲੋਕ ਸਭਾ ਹਲਕੇ ਬਠਿੰਡਾ ਦੇ ਪਿੰਡਾਂ ਵੱਲੋਂ ਪਿਛਲੇ 6 ਸਾਲਾਂ ਤੋਂ ਬੀਕਾਨੇਰ ਕੈਂਸਰ ਹਸਪਤਾਲ 'ਚ ਚਲਾਏ ਜਾ ਰਹੇ ਲੰਗਰ ਨੂੰ ਪ੍ਰਸ਼ਾਸਨ ਵੱਲੋਂ ਜਬਰੀ ਬੰਦ ਕਰਵਾਉਣ ਅਤੇ ਸ਼ੈੱਡ ਪੁਟਵਾਉਣ ਦੀ ਘਟਨਾ ਨੂੰ ਗਲਤ ਕਰਾਰ ਦਿੰਦਿਆਂ ਮੁੱਖ ਮੰਤਰੀ ਨੂੰ ਦੱਸਿਆ ਕਿ ਉਕਤ ਲੰਗਰ ਚੱਲਣ ਨਾਲ ਉਕਤ ਹਸਪਤਾਲ 'ਚ ਇਲਾਜ ਕਰਵਾਉਣ ਲਈ ਆਉਂਦੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਨੂੰ ਮੁਫਤ ਖਾਣਾ ਮੁਹੱਈਆ ਹੁੰਦਾ ਸੀ। ਉਨ ਲਿਖਿਆ ਕਿ ਲੰਗਰ ਬੰਦ ਹੋਣ ਨਾਲ ਸਭ ਤੋਂ ਵੱਡੀ ਪ੍ਰੇਸ਼ਾਨੀ ਲੋੜਵੰਦ ਮਰੀਜਾਂ ਨੂੰ ਆਵੇਗੀ। ਬੀਬਾ ਬਾਦਲ ਨੇ ਮੁੱਖ ਮੰਤਰੀ ਰਾਜਸਥਾਨ ਨੂੰ ਅਪੀਲ ਕੀਤੀ ਕਿ ਉਹ ਖੁਦ ਦਖਲ ਦੇ ਕੇ ਸਾਡੇ ਹਲਕੇ ਦੇ ਲੋਕਾਂ ਵੱਲੋਂ ਚਲਾਏ ਜਾ ਰਹੇ ਲੰਗਰ ਨੂੰ ਬਹਾਲ ਕਰਵਾਉਣ ਤਾਂਕਿ ਉੱਥੇ ਇਲਾਜ ਕਰਵਾਉਣ ਆਂਉਦੇ ਲੋਕਾਂ ਨੂੰ ਖਾਣੇ ਦੀ ਮੁਸ਼ਕਿਲ ਨਾ ਆਵੇ।



 


Related News