ਸੂਬੇ ਦੀ ਬਦ ਤੋਂ ਬਦਤਰ ਕਾਨੂੰਨ ਵਿਵਸਥਾ ਲਈ ਮੁੱਖ ਮੰਤਰੀ ਜ਼ਿੰਮੇਵਾਰ : ਹਰਪਾਲ ਚੀਮਾ

Saturday, Mar 30, 2019 - 11:46 AM (IST)

ਸੂਬੇ ਦੀ ਬਦ ਤੋਂ ਬਦਤਰ ਕਾਨੂੰਨ ਵਿਵਸਥਾ ਲਈ ਮੁੱਖ ਮੰਤਰੀ ਜ਼ਿੰਮੇਵਾਰ : ਹਰਪਾਲ ਚੀਮਾ

ਚੰਡੀਗੜ੍ਹ (ਰਮਨਜੀਤ) - ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖਰੜ ਵਿਖੇ ਇਕ ਮਹਿਲਾ ਡਰੱਗ ਇੰਸਪੈਕਟਰ ਦੀ ਦਿਨ ਦਿਹਾੜੇ ਹੋਈ ਹੱਤਿਆ 'ਤੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਸੂਬੇ ਦੀ ਕਾਨੂੰਨ-ਵਿਵਸਥਾ ਬਦ ਤੋਂ ਬਦਤਰ ਹੋ ਚੁੱਕੀ ਹੈ, ਇਸ਼ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਸਗੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਹਨ, ਜੋ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ। 'ਆਪ' ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਅੰਦਰ ਅਪਰਾਧੀ ਬੇਖ਼ੌਫ ਘੁੰਮ ਰਹੇ ਹਨ। ਬੇਲੋੜੇ ਸਿਆਸੀ ਦਖ਼ਲ ਅਤੇ ਅੱਤ ਦਰਜੇ ਦੇ ਭ੍ਰਿਸ਼ਟਾਚਾਰ ਕਾਰਨ ਸਮੁੱਚਾ ਪ੍ਰਸ਼ਾਸਨ ਅਤੇ ਪੁਲਸ ਤੰਤਰ ਨਕਾਰਾ ਹੋ ਚੁੱਕਿਆ ਹੈ। 

ਚੀਮਾ ਨੇ ਕਿਹਾ ਹੈਰਾਨੀਜਨਕ ਤਾਂ ਇਹ ਹੈ ਜਿੱਥੇ ਅਪਰਾਧੀ ਬੇਖ਼ੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਉੱਥੇ ਕਾਨੂੰਨ ਨੂੰ ਮੰਨਣ ਵਾਲਾ ਆਮ ਨਾਗਰਿਕ ਡਰ ਅਤੇ ਭੈਅ ਦੇ ਮਾਹੌਲ ਵਿਚ ਜੀਅ ਰਿਹਾ ਹੈ। ਸ਼ਰੇਆਮ ਚੇਨੀਆਂ ਝਪਟੀਆਂ ਜਾ ਰਹੀਆਂ ਹਨ, ਕਾਰਾਂ ਖੋਹੀਆਂ ਜਾ ਰਹੀਆਂ ਹਨ, ਬੈਂਕ ਲੁੱਟੇ ਜਾ ਰਹੇ ਹਨ, ਡਕੈਤੀਆਂ ਹੋ ਰਹੀਆਂ ਹਨ, ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਦਿਨ-ਦਿਹਾੜੇ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ। ਇੰਝ ਜਾਪਦਾ ਹੈ ਜਿਵੇਂ ਸੂਬੇ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਘੇਰਦੇ ਹੋਏ ਚੀਮਾ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਵਾਂਗ ਕਾਂਗਰਸ ਸਰਕਾਰ ਵੀ ਅਪਰਾਧੀਆਂ ਨੂੰ ਸਰਪ੍ਰਸਤੀ ਦੇ ਰਹੀ ਹੈ। ਸੈਂਕੜੇ ਭਗੌੜੇ ਕਰਾਰ ਅਪਰਾਧੀ ਪੁਲਸ ਦੀਆਂ ਅੱਖਾਂ ਸਾਹਮਣੇ ਸਿਆਸੀ ਪੁਸ਼ਤ-ਪਨਾਹੀ ਮਾਣ ਰਹੇ ਹਨ। ਇਸ ਲਈ ਕੋਈ ਹੋਰ ਨਹੀਂ ਬਲਕਿ ਖ਼ੁਦ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ।


author

rajwinder kaur

Content Editor

Related News