ਕਲਰਕੀ ਦਾ ਟੈਸਟ ਪਾਸ ਸਾਰੇ ਉਮੀਦਵਾਰਾਂ ਦੀ ਨੌਕਰੀ ਯਕੀਨੀ ਬਣਾਵੇ ਕੈਪਟਨ ਸਰਕਾਰ
Monday, Jan 28, 2019 - 08:56 AM (IST)

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡੀ. ਓ. ਲੈਟਰ ਲਿਖ ਕੇ ਮੰਗ ਕੀਤੀ ਕਿ 'ਸੁਬਾਰਡੀਨੇਟ ਸਰਵਿਸ ਸਿਲੈਕਸ਼ਨ' (ਐਸਐਸਐਸ) ਬੋਰਡ ਰਾਹੀਂ ਪੰਜਾਬ ਸਰਕਾਰ ਵੱਲੋਂ ਜਾਰੀ ਇਸ਼ਤਿਹਾਰ 4-2016 (ਕਲਰਕ) ਤਹਿਤ ਟੈਸਟ ਪਾਸ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਵੱਖ-ਵੱਖ ਵਿਭਾਗਾਂ 'ਚ ਖਾਲੀ ਪਈਆਂ ਪੋਸਟਾਂ ਅਤੇ ਖਾਲੀ ਪੋਸਟਾਂ ਬਾਰੇ ਆਈ ਅਗਾਊਂ ਪ੍ਰਵਾਨਗੀ ਦੇ ਮੱਦੇਨਜ਼ਰ ਨੌਕਰੀ ਯਕੀਨੀ ਬਣਾਈ ਜਾਵੇ।
ਹਰਪਾਲ ਸਿੰਘ ਚੀਮਾ ਨੇ ਇਹ ਮੰਗ ਬੋਰਡ ਵੱਲੋਂ ਕਲਰਕਾਂ ਦਾ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦੇ ਵਫਦ ਵੱਲੋਂ ਦਿੱਤੇ ਮੰਗ ਪੱਤਰ ਦੇ ਅਧਾਰ 'ਤੇ ਕੀਤੀ। ਵਫਦ 'ਚ ਸ਼ਾਮਲ ਸੁਰਿੰਦਰ ਕੁਮਾਰ, ਮਨਦੀਪ ਕੌਰ, ਰਵਿੰਦਰ ਕੁਮਾਰ, ਅਮਰਦੀਪ ਸਿੰਘ ਅੰਕਿਤ ਸ਼ਰਮਾ, ਪ੍ਰਿਤਪਾਲ ਸਿੰਘ ਸਮੇਤ ਹੋਰ ਟੈਸਟ ਪਾਸ ਉਮੀਦਵਾਰਾਂ ਨੇ ਦੱਸਿਆ ਕਿ ਬੋਰਡ ਨੇ 2016 'ਚ ਇਸ਼ਤਿਹਾਰ ਜਾਰੀ ਕੀਤਾ ਸੀ ਅਤੇ ਭਰਤੀ ਪ੍ਰਕਿਰਿਆ 2018 'ਚ ਸ਼ੁਰੂ ਕੀਤੀ ਗਈ। ਉਸ ਸਮੇ 1883 ਪੋਸਟਾਂ ਦੇ ਲਈ 4279 ਉਮੀਦਵਾਰਾਂ ਨੇ ਟੈਸਟ ਪਾਸ ਕੀਤਾ ਸੀ, ਜਦੋਂ ਕਿ ਬੋਰਡ ਕੋਲ ਕਰੀਬ 2200 ਪੋਸਟਾਂ ਦੀ ਨਵੀਂ ਅਗਾਊਂ ਪ੍ਰਵਾਨਗੀ ਆ ਚੁੱਕੀ ਹੈ।
ਉਨ੍ਹਾਂ ਮੰਗ ਕੀਤੀ ਕਿ ਨਵੀਂ ਅਗਾਊਂ ਪ੍ਰਵਾਨਗੀ ਦੀਆਂ 2200 ਪੋਸਟਾਂ ਨੂੰ ਪਹਿਲਾਂ ਜਾਰੀ ਇਸ਼ਤਿਹਾਰ ਦੀਆਂ 1883 ਪੋਸਟਾਂ 'ਚ ਜੋੜ (ਮਰਜ) ਕਰ ਦਿੱਤਾ ਜਾਵੇ ਤਾਂ ਕਿ ਸਾਰੇ ਟੈਸਟ ਪਾਸ ਉਮੀਦਵਾਰਾਂ ਦੀ ਨੌਕਰੀ ਯਕੀਨੀ ਹੋ ਸਕੇ। ਚੀਮਾ ਨੇ ਕੈਪਟਨ ਸਰਕਾਰ ਕੋਲ ਇਨ੍ਹਾਂ ਉਮੀਦਵਾਰਾਂ ਦੀ ਮੰਗ ਨੂੰ ਜਾਇਜ਼ ਕਰਾਰ ਦਿੰਦੇ ਹੋਏ ਕਿਹਾ ਕਿ ਬਿਨਾ ਦੇਰੀ ਇਨ੍ਹਾਂ ਸਾਰੇ ਟੈਸਟ ਪਾਸ ਉਮੀਦਵਾਰਾਂ ਨੂੰ ਨੌਕਰੀ ਦੇ ਕੇ ਕੈਪਟਨ ਸਰਕਾਰ ਘਰ-ਘਰ ਨੌਕਰੀ ਦੇ ਵਾਅਦੇ ਦੀ ਪੂਰਤੀ ਵੱਲ ਵਧੇ। ਚੀਮਾ ਨੇ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਕੋਲ ਸਰਕਾਰੀ ਨੌਕਰੀ ਦਾ ਇਹ ਲਗਭਗ ਆਖਰੀ ਮੌਕਾ ਹੈ ਕਿਉਂਕਿ ਇਹ ਉਮਰ ਦੀ ਨਿਰਧਾਰਿਤ ਸੀਮਾ ਪਾਰ ਕਰਨ ਕਿਨਾਰੇ ਹਨ।