ਜਦੋਂ 2.50 ਲੱਖ ''ਚ ਬਣਦਾ ਹੈ ਕਮਰਾ ਤਾਂ 7.50 ਲੱਖ ਕਿਉਂ ਖਰਚ ਰਹੀ ਪੰਜਾਬ ਸਰਕਾਰ?

02/28/2020 2:18:10 PM

ਚੰਡੀਗੜ੍ਹ (ਰਮਨਜੀਤ) : ਬਜਟ ਸੈਸ਼ਨ ਦੀ ਵੀਰਵਾਰ ਨੂੰ ਹੋਈ ਕਾਰਵਾਈ ਦੇ ਪ੍ਰਸ਼ਨ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਵਾਲ ਕਰਦਿਆਂ ਕਿਹਾ ਕਿ ਜਦੋਂ 2.50 ਲੱਖ ਰੁਪਏ 'ਚ ਆਰਾਮ ਨਾਲ ਸਕੂਲ 'ਚ ਕਮਰਾ ਤਿਆਰ ਹੋ ਸਕਦਾ ਹੈ ਤਾਂ ਸਰਕਾਰ 7.50 ਲੱਖ ਰੁਪਏ ਕਿਉਂ ਲਾਉਂਦੀ ਹੈ? ਅਸਲ 'ਚ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੱਲੋਂ ਬਠਿੰਡਾ ਦੇ ਪਿੰਡ ਗੰਗਾ ਅਬਲੂ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਖਸਤਾਹਾਲ ਕਮਰਿਆਂ ਸਬੰਧੀ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਮੰਤਰੀ ਸਿੰਗਲਾ ਨੇ ਦੱਸਿਆ ਕਿ ਉਕਤ ਸਰਕਾਰੀ ਸਕੂਲ 'ਚ ਕੁਲ 6 ਕਮਰੇ ਹਨ, ਜਿਨ੍ਹਾਂ 'ਚੋਂ 5 ਖਸਤਾਹਾਲ ਹਨ। ਸਿੰਗਲਾ ਨੇ ਦੱਸਿਆ ਕਿ ਸਕੂਲ ਦੇ ਕਮਰਿਆਂ ਦੀ ਮੁਰੰਮਤ ਅਤੇ ਹੋਰ ਉਸਾਰੀ ਲਈ ਗ੍ਰਾਂਟ ਭੇਜੀ ਜਾ ਰਹੀ ਹੈ। ਉਨ੍ਹਾਂ ਸਦਨ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜ 'ਚ 120 ਕਰੋੜ ਰੁਪਏ ਦੀ ਗ੍ਰਾਂਟ ਨਾਲ ਸਰਕਾਰੀ ਸਕੂਲਾਂ ਦੇ 1600 ਕਮਰਿਆਂ ਦੀ ਮੁਰੰਮਤ ਜਾਂ ਉਸਾਰੀ ਕੀਤੀ ਜਾਣੀ ਹੈ।

ਪੰਜਾਬ ਸਰਕਾਰ ਇਕ ਕਮਰੇ 'ਤੇ ਸਾਢੇ 7 ਲੱਖ ਰੁਪਏ ਕਿਉਂ ਖਰਚ ਕਰਦੀ?
ਇਸ 'ਤੇ ਚੀਮਾ ਨੇ ਕਿਹਾ ਕਿ ਸਰਕਾਰ ਇਹ ਸਪੱਸ਼ਟ ਕਰੇ ਕਿ ਜਦੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਦਿੱਤੀ ਗਈ ਗ੍ਰਾਂਟ ਦੇ 5 ਲੱਖ ਰੁਪਏ 'ਚ 2 ਕਮਰੇ ਤਿਆਰ ਹੋ ਸਕਦੇ ਹਨ ਤਾਂ ਪੰਜਾਬ ਸਰਕਾਰ ਇਕ ਕਮਰੇ 'ਤੇ ਸਾਢੇ 7 ਲੱਖ ਰੁਪਏ ਕਿਉਂ ਖਰਚ ਕਰਦੀ ਹੈ। ਉਨ੍ਹਾਂ ਕਿਹਾ ਕਿ ਰਾਸ਼ੀ 'ਚ ਬਹੁਤ ਵੱਡਾ ਫਰਕ ਹੈ। ਇਸ 'ਤੇ ਸਿੱਖਿਆ ਮੰਤਰੀ ਸਿੰਗਲਾ ਨੇ ਕਿਹਾ ਕਿ ਕਮਰਿਆਂ ਦੀ ਉਸਾਰੀ ਲਈ ਨਾਬਾਰਡ ਵੱਲੋਂ ਜੋ ਨਿਯਮ ਅਤੇ ਸਪੈਸੀਫਿਕੇਸ਼ਨ ਤੈਅ ਕੀਤੇ ਗਏ ਹਨ, ਉਨ੍ਹਾਂ ਮੁਤਾਬਿਕ ਇਕ ਕਮਰੇ 'ਤੇ ਸਾਢੇ 7 ਲੱਖ ਰੁਪਏ ਦਾ ਹੀ ਖਰਚ ਆਉਂਦਾ ਹੈ। ਇਹ ਨਾਬਾਰਡ ਵੱਲੋਂ ਮਨਜ਼ੂਰ ਰਾਸ਼ੀ ਹੈ। ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਘਨੌਰ 'ਚ ਆਈ. ਟੀ. ਆਈ. ਖੋਲ੍ਹੇ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਜਿਹਾ ਪ੍ਰਸਤਾਵ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ 142.17 ਕਰੋੜ ਰੁਪਏ ਦੀ ਲਾਗਤ ਨਾਲ ਰਾਜ ਭਰ 'ਚ 19 ਨਵੀਆਂ ਆਈ. ਟੀ. ਆਈ. ਸੰਸਥਾਵਾਂ ਸ਼ੁਰੂ ਕਰਨ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਇਕ ਸਾਲ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ। ਇਸ 'ਤੇ ਕੁਲਬੀਰ ਸਿੰਘ ਜ਼ੀਰਾ, ਕੁਲਜੀਤ ਸਿੰਘ ਨਾਗਰਾ ਤੇ ਸਿਮਰਜੀਤ ਸਿੰਘ ਬੈਂਸ ਨੇ ਵੀ ਆਪਣੇ ਹਲਕਿਆਂ 'ਚ ਆਈ. ਟੀ. ਆਈ. ਖੋਲ੍ਹਣ ਦੀ ਮੰਗ ਕੀਤੀ।

ਬਠਿੰਡਾ ਹਲਕਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਆਸ਼ਾ ਵਰਕਰਾਂ ਨੂੰ ਮਿਲਣ ਵਾਲੇ ਮਿਹਨਤਾਨੇ ਦੇ ਘੱਟ ਹੋਣ ਅਤੇ ਉਨ੍ਹਾਂ ਨੂੰ ਪੱਕਾ ਕੀਤੇ ਜਾਣ ਸਬੰਧੀ ਸਵਾਲ ਪੁੱਛਿਆ। ਜਵਾਬ 'ਚ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਆਸ਼ਾ ਵਰਕਰਾਂ ਨੂੰ ਮਿਹਨਤਾਨਾ ਵਧਾਉਣ ਜਾਂ ਪੱਕਾ ਕਰਨ ਦਾ ਅਜੇ ਕੋਈ ਪ੍ਰਸਤਾਵ ਨਹੀਂ ਹੈ ਪਰ ਇਸ 'ਤੇ ਵਿਚਾਰ ਜ਼ਰੂਰ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਦੀ ਸਹੂਲਤ ਲਈ ਹਸਪਤਾਲਾਂ 'ਚ ਵਿਸ਼ੇਸ਼ ਕਮਰੇ ਜਾਂ ਵਾਰਡ 'ਚ ਉਨ੍ਹਾਂ ਦੇ ਠਹਿਰਨ ਦਾ ਇੰਤਜ਼ਾਮ ਕੀਤਾ ਜਾਵੇਗਾ। ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਚੰਨੀ ਨੇ ਸੰਗਤ ਸਿੰਘ ਗਿਲਜੀਆਂ ਅਤੇ ਕੁਲਦੀਪ ਸਿੰਘ ਵੈਦ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ 'ਚ ਗਾਏ ਜਾ ਰਹੇ ਭੜਕਾਊ ਗੀਤਾਂ ਨੂੰ ਲੈ ਕੇ ਕਾਰਵਾਈ ਲਈ ਅਸੀਂ ਕੇਂਦਰ ਸਰਕਾਰ ਕੋਲ ਮਸਲਾ ਉਠਾਵਾਂਗੇ। ਸੈਂਸਰ ਬੋਰਡ ਦੇ ਸਾਹਮਣੇ ਵੀ ਇਹ ਮਾਮਲਾ ਚੁੱਕਿਆ ਜਾਵੇਗਾ ਤਾਂ ਕਿ ਇਸ ਲਈ ਵਿਸ਼ੇਸ਼ ਨੀਤੀ ਬਣਾਈ ਜਾਵੇ ਅਤੇ ਗੰਨ ਕਲਚਰ, ਨਸ਼ਾ ਅਤੇ ਹਿੰਸਾ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ 'ਤੇ ਰੋਕ ਲਾਈ ਜਾ ਸਕੇ ਅਤੇ ਨਿਯਮ ਦੀ ਉਲੰਘਣਾ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾ ਸਕੇ।

ਮਾਲ ਮੰਤਰੀ ਗੁਰਪ੍ਰੀਤ ਕਾਂਗੜ ਨੇ ਕੁਲਤਾਰ ਸਿੰਘ ਸੰਧਵਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਰਾਜ 'ਚ ਹੁਣ ਤੱਕ ਟਿੱਡੀਆਂ ਨੇ 1000 ਏਕੜ 'ਚ ਖੜ੍ਹੀ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ 'ਚ 550 ਏਕੜ ਫਾਜ਼ਿਲਕਾ 'ਚ ਅਤੇ ਰੂਪਨਗਰ 'ਚ 450 ਏਕੜ ਫਸਲਾਂ ਦਾ ਰਕਬਾ ਟਿੱਡੀ ਦਲ ਤੋਂ ਪ੍ਰਭਾਵਿਤ ਹੋਇਆ, ਜਿਥੇ 10 ਤੋਂ ਲੈ ਕੇ 20 ਫ਼ੀਸਦੀ ਤੱਕ ਹੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਿਕ 25 ਫ਼ੀਸਦੀ ਪ੍ਰਭਾਵਿਤ ਹੋਣ 'ਤੇ ਹੀ ਮੁਆਵਜ਼ਾ ਦਿੱਤਾ ਜਾ ਸਕਦਾ ਹੈ।


Anuradha

Content Editor

Related News