ਸਰਕਾਰ ਦਾ ਹੁਣ ਧਿਆਨ ਮਾਲੀਆ ਵਧਾਉਣ ਵੱਲ: ਹਰਪਾਲ ਚੀਮਾ
Thursday, May 11, 2023 - 06:04 PM (IST)
ਜਲੰਧਰ (ਧਵਨ)- ਜਲੰਧਰ ਲੋਕ ਸਭਾ ਸੀਟ ਲਈ ਪੋਲਿੰਗ ਬੁੱਧਵਾਰ ਨੂੰ ਸੰਪੰਨ ਹੋ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਥੀ ਸਰਕਾਰੀ ਕੰਮਕਾਜ ਵਿਚ ਮੁੜ ਜੁਟ ਗਏ ਹਨ। ਜਲੰਧਰ ਜ਼ਿਮਨੀ ਚੋਣ ਨੂੰ ਵੇਖਦੇ ਹੋਏ ਸੂਬੇ ਦੇ ਸਾਰੇ ਮੰਤਰੀਆਂ ਦੀਆਂ ਡਿਊਟੀਆਂ ਜਲੰਧਰ ਲੋਕ ਸਭਾ ਹਲਕੇ ਵਿਚ ਪੈਂਦੇ 9 ਵਿਧਾਨ ਸਭਾ ਖੇਤਰਾਂ ਵਿਚ ਲਗਾਈਆਂ ਗਈਆਂ ਸਨ। ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਵਾਸਤੇ ਆਮ ਆਦਮੀ ਪਾਰਟੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇੰਚਾਰਜ ਬਣਾਇਆ ਗਿਆ ਸੀ।
ਚੀਮਾ ਨੇ ਵੀ ਅੱਜ ਆਪਣਾ ਸਰਕਾਰੀ ਕੰਮਕਾਜ ਮੁੜ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੀ ਹੁਣ ਜ਼ਿੰਮੇਵਾਰੀ ਸੂਬੇ ਦੇ ਸਾਰੇ ਸਰਕਾਰੀ ਵਿਭਾਗਾਂ ਦੀ ਆਮਦਨ ਵਧਾਉਣ ਵੱਲ ਰਹੇਗੀ ਤਾਂ ਜੋ ਪੰਜਾਬ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣਾ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਜੀ. ਐੱਸ. ਟੀ. ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ਵਿਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਵੱਡੀ ਵਾਰਦਾਤ, ਪਸ਼ੂ ਵਪਾਰੀ ਦਾ ਲੁਟੇਰਿਆਂ ਨੇ ਬੇਰਹਿਮੀ ਨਾਲ ਕੀਤਾ ਕਤਲ
ਪੰਜਾਬ ਦੇ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਵੀ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਇਸੇ ਤਰ੍ਹਾਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਵੀ ਸਰਕਾਰੀ ਵਿਭਾਗ ਵਿਚ ਕੰਮ-ਕਾਜ ਮੁ਼ੜ ਸ਼ੁਰੂ ਕਰ ਦਿੱਤਾ ਹੈ ਅਤੇ ਅਧਿਕਾਰੀਆਂ ਨਾਲ ਆਪਣੇ ਵਿਭਾਗ ਸਬੰਧੀ ਸਲਾਹ-ਮਸ਼ਵਰਾ ਕੀਤਾ। ਹਾਲਾਂਕਿ ਜ਼ਿਮਨੀ ਚੋਣ ਨੂੰ ਲੈ ਕੇ ਲੰਮੇ ਸਮੇਂ ਤੋਂ ਡਟੇ ਰਹਿਣ ਕਾਰਨ ਥਕਾਵਟ ਵੀ ਕਾਫ਼ੀ ਹੋ ਗਈ ਸੀ ਪਰ ਇਸ ਦੇ ਬਾਵਜੂਦ ਮੰਤਰੀ ਅੱਜ ਹੀ ਆਪਣੇ ਦਫ਼ਤਰ ਵਿਚ ਹਾਜ਼ਰ ਹੋ ਗਏ। ਕੁਝ ਮੰਤਰੀ ਆਪਣੇ ਵਿਧਾਨ ਸਭਾ ਹਲਕਿਆਂ ਵਿਚ ਚਲੇ ਗਏ। ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਇਹ ਉਪ-ਚੋਣ ਜਿੱਤਣ ਜਾ ਰਹੀ ਹੈ ਕਿਉਂਕਿ ਲੋਕਾਂ ਦਾ ਭਾਰੀ ਸਮਰਥਨ ਸਾਨੂੰ ਮਿਲਿਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਨੂੰ ਜਨਤਾ ਨੇ ਸਲਾਹਿਆ ਹੈ।
ਇਹ ਵੀ ਪੜ੍ਹੋ: ਪਾਕਿ ’ਚ 3 ਖਾਲਿਸਤਾਨੀ ਅੱਤਵਾਦੀਆਂ ਦਾ ਹੋ ਚੁੱਕੈ ਸ਼ੱਕੀ ਕਤਲ, ਜਾਣਕਾਰ ਬੋਲੇ ਇਸਤੇਮਾਲ ਕਰਕੇ ਇਹੀ ਹਸ਼ਰ ਕਰਦੀ ਹੈ ISI
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ