ਕੋਰੋਨਾ ਵਾਇਰਸ ਵਿਰੁੱਧ ਜੰਗ ਲੜਨ ਵਾਲੇ ਡਾਕਟਰਾਂ ਲਈ ਵਿਸ਼ੇਸ਼ ਐਲਾਨ ਕਰੇ ਕੈਪਟਨ ਸਰਕਾਰ : ਆਪ

Monday, Mar 30, 2020 - 01:16 PM (IST)

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਵਿਸ਼ਵ-ਵਿਆਪੀ ਆਫ਼ਤ ਕੋਰੋਨਾ ਵਾਇਰਸ ਵਿਰੁੱਧ 'ਗਰਾਊਂਡ ਜ਼ੀਰੋ' 'ਤੇ ਸਿੱਧੇ ਹੱਥ ਲੜਾਈ ਲੜ ਰਹੇ ਡਾਕਟਰਾਂ, ਪੈਰਾ-ਮੈਡੀਕਲ-ਸਟਾਫ਼, ਫਾਰਮਾਸਿਸਟਾਂ, ਆਸ਼ਾ ਵਰਕਰਾਂ, ਆਂਗਣਵਾੜੀ ਕਰਮਚਾਰੀਆਂ, ਪੁਲਸ ਅਤੇ ਦੂਸਰੇ ਵਿਭਾਗਾਂ ਦੇ ਕੱਚੇ ਅਤੇ ਪੱਕੇ ਮੁਲਾਜ਼ਮਾਂ ਲਈ 'ਸਪੈਸ਼ਲ ਰਿਸਕ ਕਵਰ' ਦਾ ਤੁਰੰਤ ਐਲਾਨ ਕੀਤਾ ਜਾਵੇ। ਇਸ ਦੇ ਨਾਲ ਹੀ ਇਨ੍ਹਾਂ ਕੱਚੇ ਅਤੇ ਠੇਕਾ ਭਰਤੀ ਤਹਿਤ ਨਿਗੂਣੀਆਂ ਤਨਖ਼ਾਹਾਂ 'ਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ-ਵਰਕਰਾਂ ਨੂੰ ਬਿਨਾ ਸ਼ਰਤ ਪੱਕਾ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ। 'ਆਪ' ਹੈਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਸਿਹਤ ਵਿਭਾਗ, ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਕਰਮਚਾਰੀ ਜਿਸ ਜਜ਼ਬੇ ਨਾਲ 'ਗਰਾਊਂਡ ਜ਼ੀਰੋ' 'ਤੇ ਕੋਰੋਨਾ ਵਾਇਰਸ ਦੀ ਜੰਗ ਲੜ ਰਹੇ ਹਨ, ਉਹ ਸ਼ਲਾਘਾਯੋਗ ਹੈ ਪਰ ਸੂਬਾ ਅਤੇ ਕੇਂਦਰ ਸਰਕਾਰ ਵਲੋਂ ਇਨ੍ਹਾਂ 'ਯੋਧਿਆਂ' ਲਈ ਜੋ ਹੌਸਲਾ ਵਧਾਊ ਐਲਾਨ ਕਰਨੇ ਬਣਦੇ ਹਨ, ਉਹ ਤੁਰੰਤ ਕੀਤੇ ਜਾਣ।

ਚੀਮਾ ਨੇ ਕਿਹਾ ਕਿ ਸਭ ਤੋਂ ਜ਼ਰੂਰੀ ਮੈਦਾਨ 'ਚ ਕੰਮ ਕਰ ਰਹੇ ਇਨ੍ਹਾਂ ਕਰਮਚਾਰੀਆਂ-ਵਰਕਰਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਵਿਸ਼ੇਸ਼ 'ਰਿਸਕ ਕਵਰ' ਰਾਸ਼ੀ ਐਲਾਨੀ ਜਾਵੇ। ਚੀਮਾ ਅਨੁਸਾਰ ਜ਼ਿਆਦਾਤਰ ਕਰਮਚਾਰੀਆਂ ਕੋਲ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਵਾਲੇ ਸੁਰੱਖਿਅਤ ਕੱਪੜੇ ਅਤੇ ਕਿੱਟਾਂ ਨਹੀਂ ਹਨ, ਜਿਨ੍ਹਾਂ ਲਈ ਵੱਡੇ ਪੱਧਰ 'ਤੇ ਆਰਡਰ ਦਿੱਤਾ ਜਾਵੇ, ਕਿਉਂਕਿ ਖ਼ਤਰਾ ਅਜੇ ਸਿਰ 'ਤੇ ਮੰਡਰਾ ਰਿਹਾ ਹੈ, ਜਿਸ ਕਾਰਨ ਇਹ ਜੰਗ ਲੰਬੀ ਹੋ ਸਕਦੀ ਹੈ। ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕੋਰੋਨਾ ਵਾਇਰਸ ਵਿਰੁੱਧ ਤਾਇਨਾਤ ਸਾਰੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਤੁਰੰਤ ਨੋਟੀਫ਼ਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੈਰਾ-ਮੈਡੀਕਲ ਅਤੇ ਫਾਰਮਾਸਿਸਟਾਂ ਦਾ ਵੱਡਾ ਹਿੱਸਾ ਕੱਚਾ ਜਾਂ ਠੇਕਾ ਭਰਤੀ ਤਹਿਤ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਵਿਭਾਗ ਨੇ ਜ਼ਿਲਾ ਪ੍ਰੀਸ਼ਦਾਂ ਅਧੀਨ 2007 'ਚ ਜੋ ਫਾਰਮਾਸਿਸਟ ਭਰਤੀ ਕੀਤੇ ਸਨ, ਉਹ ਅੱਜ ਵੀ ਮਹਿਜ਼ 10 ਹਜ਼ਾਰ ਰੁਪਏ ਤਨਖ਼ਾਹ 'ਤੇ ਹਨ, ਜਦਕਿ ਦਰਜਾ 4 ਸਿਰਫ਼ 4500 ਰੁਪਏ 'ਤੇ ਹਨ। ਇਸੇ ਤਰ੍ਹਾਂ ਆਂਗਣਵਾੜੀ ਅਤੇ ਆਸ਼ਾ ਵਰਕਰ ਮਾਮੂਲੀ ਭੱਤਿਆਂ 'ਤੇ ਹੋਣ ਦੇ ਬਾਵਜੂਦ ਕੋਰੋਨਾ ਵਾਇਰਸ ਵਰਗੀ-ਘਾਤਕ ਮਹਾਮਾਰੀ ਨਾਲ ਸਿੱਧੀ ਲੜਾਈ ਲੜ ਰਹੀਆਂ ਹਨ।

ਰੋੜੀ ਮੁਤਾਬਿਕ ਹੁਸ਼ਿਆਰਪੁਰ ਜ਼ਿਲਾ ਪ੍ਰੀਸ਼ਦ ਅਧੀਨ ਫਾਰਮਾਸਿਸਟਾਂ ਅਤੇ ਚੌਥਾ ਦਰਜਾ (ਸਿਹਤ) ਕਰਮਚਾਰੀਆਂ ਨੂੰ ਪਿਛਲੇ 2 ਮਹੀਨਿਆਂ ਤੋਂ ਇਹ ਨਿਗੂਣੀ ਤਨਖ਼ਾਹ ਵੀ ਨਸੀਬ ਨਹੀਂ ਹੋਈ। 'ਆਪ' ਆਗੂਆਂ ਨੇ ਜਿੱਥੇ ਸਰਕਾਰ ਨੂੰ ਇਨ੍ਹਾਂ ਕਰਮਚਾਰੀਆਂ ਲਈ ਵਿਸ਼ੇਸ਼ ਐਲਾਨ ਕਰਕੇ ਹੌਸਲਾ ਅਫਜ਼ਾਈ 'ਤੇ ਜ਼ੋਰ ਦਿੱਤਾ, ਉਥੇ ਸੂਬੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਘਰਾਂ 'ਚ ਹੀ ਬੈਠ ਕੇ ਪੁਲਸ ਅਤੇ ਪ੍ਰਸ਼ਾਸਨ ਵਲੋਂ ਤਾਇਨਾਤ ਸਾਰੇ ਮੁਲਾਜ਼ਮਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ।


Anuradha

Content Editor

Related News