ਹਰਪਾਲ ਚੀਮਾ ਨੇ ਨਵਜੋਤ ਸਿੱਧੂ 'ਤੇ ਸਾਧੇ ਨਿਸ਼ਾਨੇ, ਮੁੱਖ ਮੰਤਰੀ ਚੰਨੀ ਨੂੰ ਕੀਤੀ ਅਪੀਲ

Saturday, Sep 25, 2021 - 04:11 PM (IST)

ਹਰਪਾਲ ਚੀਮਾ ਨੇ ਨਵਜੋਤ ਸਿੱਧੂ 'ਤੇ ਸਾਧੇ ਨਿਸ਼ਾਨੇ, ਮੁੱਖ ਮੰਤਰੀ ਚੰਨੀ ਨੂੰ ਕੀਤੀ ਅਪੀਲ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਭਾਵੇਂ ਹੀ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਮਗਰੋਂ ਸੂਬੇ ਦੇ ਲੋਕਾਂ ਨੂੰ ਕੁੱਝ ਆਸ ਬੱਝੀ ਸੀ ਕਿ ਉਨ੍ਹਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਹੋਣਗੇ ਪਰ ਇਸ ਗੱਲ ਦਾ ਅਫ਼ਸੋਸ ਹੈ ਕਿ ਮੁੱਖ ਮੰਤਰੀ ਨੂੰ ਆਜ਼ਾਦ ਤੌਰ 'ਤੇ ਕੰਮ ਨਹੀਂ ਕਰਨਾ ਦਿੱਤਾ ਜਾ ਰਿਹਾ। ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਨਵਜੋਤ ਸਿੱਧੂ ਅੱਜ ਵੀ ਸੁਪਰ ਸੀ. ਐਮ. ਦੀ ਤਰ੍ਹਾਂ ਖ਼ੁਦ ਨੂੰ ਮੰਨ ਰਿਹਾ ਹੈ ਅਤੇ ਚਰਨਜੀਤ ਚੰਨੀ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਜੇਲ੍ਹਾਂ 'ਚ ਸਜ਼ਾ ਕੱਟ ਰਹੇ ਕੈਦੀਆਂ ਨੂੰ ਦੇਵੇਗੀ ਰਾਹਤ, ਨੋਟੀਫਿਕੇਸ਼ਨ ਜਾਰੀ

ਉਨ੍ਹਾਂ ਕਿਹਾ ਕਿ ਖ਼ੁਦ ਨੂੰ ਸੁਪਰ ਸੀ. ਐਮ. ਮੰਨ ਰਿਹਾ ਨਵਜੋਤ ਸਿੱਧੂ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਹਨ, ਉਨ੍ਹਾਂ ਦਾ ਦਿਨ ਪੰਜਾਬ 'ਚ ਲੰਘਦਾ ਹੈ, ਜਦੋਂ ਕਿ ਗਾਂਧੀ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਰਾਤ ਨੂੰ ਉਨ੍ਹਾਂ ਨੂੰ ਦਿੱਲੀ ਜਾਣਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਹਰ ਗੱਲ ਮੰਨਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਇੰਝ ਕੰਮ ਕਰ ਰਹੇ ਹਨ, ਜਿਵੇਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਹੀ ਨਾ ਹੋਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਸ ਕਰਦੀ ਹੈ ਕਿ ਚਰਨਜੀਤ ਸਿੰਘ ਚੰਨੀ ਖੁੱਲ੍ਹ ਕੇ ਕੰਮ ਕਰਨਗੇ ਅਤੇ ਨਵਜੋਤ ਸਿੰਘ ਸਿੱਧੂ ਨੂੰ ਪਰ੍ਹੇ ਹੋ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਨੇ ਪਾਰਟੀ ਦੀ ਮਜ਼ਬੂਤੀ ਲਈ ਚੁੱਕੇ ਕਦਮ, ਕੈਪਟਨ ਹਮਾਇਤੀ ਆਗੂਆਂ ਨੂੰ ਵੀ ਆਪਣੇ ਨਾਲ ਜੋੜਿਆ

ਇਸ ਮੌਕੇ ਉਨ੍ਹਾਂ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕਰਦਿਆਂ ਆਪਣੀ ਜ਼ੁੱਰਤ ਦਿਖਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ, ਨਵਜੋਤ ਸਿੱਧੂ ਤੋਂ ਵੱਧ ਪੜ੍ਹੇ-ਲਿਖੇ ਹਨ ਅਤੇ ਉਨ੍ਹਾਂ ਦਾ ਰੁਤਬਾ ਵੀ ਉੱਚਾ ਹੈ। ਉਨ੍ਹਾਂ ਕਿਹਾ ਕਿ ਚੰਨੀ ਖ਼ੁਦ ਆਪਣੀ ਮਿਹਨਤ ਨਾਲ ਇਸ ਰੁਤਬੇ ਤੱਕ ਪਹੁੰਚੇ ਹਨ। ਇਸ ਲਈ ਉਹ ਆਪਣੀ ਤਾਕਤ ਦਿਖਾ ਕੇ ਨਵਜੋਤ ਸਿੱਧੂ ਵਰਗੇ ਬੰਦਿਆਂ ਨੂੰ ਪਰ੍ਹੇ ਕਰਨ। ਉਨ੍ਹਾਂ ਕਿਹਾ ਕਿ ਭਾਵੇਂ ਹੀ ਇਸ ਵੇਲੇ ਸਰਕਾਰ ਚਰਨਜੀਤ ਸਿੰਘ ਚੰਨੀ ਦੀ ਹੈ ਪਰ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਸਮੇਤ ਅਨੁਸੂਚਿਤ ਜਾਤੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਵਿਧਾਇਕਾਂ ਨੂੰ ਜਲਦ ਮਿਲ ਸਕਦੈ ਨਵੀਆਂ 'ਇਨੋਵਾ ਗੱਡੀਆਂ' ਦਾ ਤੋਹਫ਼ਾ

ਹਰਪਾਲ ਚੀਮਾ ਨੇ ਕਿਹਾ ਕਿ 27 ਸਤੰਬਰ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਇਕਾਈ ਪੂਰਾ ਜ਼ੋਰ ਲਗਾਵੇਗੀ। ਉਨ੍ਹਾਂ ਕਿਹਾ ਕਿ ਇਸ ਦਿਨ ਕਿਸਾਨਾਂ ਵੱਲੋਂ ਲਾਏ ਧਰਨਿਆਂ 'ਚ ਪਾਰਟੀ ਦੇ ਵਾਲੰਟੀਅਰ ਬਿਨਾ ਪਾਰਟੀ ਦੇ ਝੰਡੇ ਦੇ ਸ਼ਮੂਲੀਅਤ ਕਰਨਗੇ ਅਤੇ ਬੰਦ ਨੂੰ ਸਫ਼ਲ ਬਣਾਉਣਗੇ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News