ਬਰਗਾੜੀ ਮਾਮਲੇ ਦੀ ਮੁੜ ਸੀ. ਬੀ. ਆਈ. ਜਾਂਚ ਸਦਨ ਤੇ ਅਦਾਲਤ ਦੀ ਤੌਹੀਨ : ''ਆਪ''
Friday, Sep 27, 2019 - 01:58 PM (IST)

ਚੰਡੀਗੜ੍ਹ (ਰਮਨਜੀਤ) : ਸਾਲ 2015 'ਚ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਤੇ 3 ਮਹੀਨੇ ਪਹਿਲਾ ਹੈਰਾਨਕੁੰਨ 'ਕਲੋਜ਼ਰ ਰਿਪੋਰਟ' ਦੇਣ ਵਾਲੀ ਸੀ. ਬੀ. ਆਈ. ਵਲੋਂ ਫਿਰ ਤੋਂ ਇਸ ਮਾਮਲੇ ਦੀ ਜਾਂਚ ਆਪਣੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਹਵਾਲੇ ਕੀਤੇ ਜਾਣ 'ਤੇ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲਿਆ ਹੈ। ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਇਸ ਨੂੰ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ ਦੀ ਮਰਿਆਦਾ ਦਾ ਹਨਨ, ਅਦਾਲਤਾਂ ਦੀ ਤੌਹੀਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਕਾਰਾਂ ਹੱਥੋਂ ਵਾਰ-ਵਾਰ ਹੋ ਰਹੀ ਬੇਅਦਬੀ ਦੱਸਿਆ ਹੈ।
ਆਪ' ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਕੁਲਵੰਤ ਸਿੰਘ ਪੰਡੋਰੀ, ਜੈ ਕ੍ਰਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅਤੇ ਕੋਰ ਕਮੇਟੀ ਮੈਂਬਰ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਬੇਅਦਬੀ ਮਾਮਲਿਆਂ 'ਚ ਗੰਭੀਰ ਦੋਸ਼ਾਂ ਦਾ ਸਾਹਮਣਾ ਬਾਦਲ ਪਰਿਵਾਰ ਕਰ ਰਿਹਾ ਹੈ। ਹੋਰ ਰਸੂਖਦਾਰ ਲੋਕਾਂ ਅਤੇ ਅਫ਼ਸਰਾਂ ਨੂੰ ਬਚਾਉਣ ਲਈ ਪੰਜਾਬ ਦੀ ਕੈਪਟਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਮਜ਼ਾਕ ਸਮਝ ਰੱਖਿਆ ਹੈ। ਇਕੋ ਮਾਮਲੇ ਦੀ ਇਕੋ ਸਮੇਂ 2 ਜਾਂਚ ਏਜੰਸੀਆਂ ਵਲੋਂ ਵੱਖਰੀ-ਵੱਖਰੀ ਜਾਂਚ ਵਿੱਢੇ ਜਾਣ 'ਤੇ ਵੀ 'ਆਪ' ਨੇ ਸਵਾਲ ਉਠਾਇਆ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਾਂਚ ਦਰ ਜਾਂਚ ਦੇ ਇਸ ਸਿਲਸਿਲੇ ਨਾਲ ਹੁਣ ਸਰਕਾਰਾਂ ਹੀ ਵਾਰ-ਵਾਰ ਬੇਅਦਬੀ ਕਰ ਰਹੀਆਂ ਹਨ। ਮਕਸਦ ਸਿਰਫ਼ ਇਨ੍ਹਾਂ ਜਾਂਚ ਨੂੰ ਸਿੱਟੇ ਤੱਕ ਪਹੁੰਚਣ ਲਈ ਵੱਧ ਤੋਂ ਵੱਧ ਲਟਕਾਉਣਾ ਹੈ ਤਾਂ ਜੋ ਬਾਦਲਾਂ ਸਮੇਤ ਬਾਕੀ ਮੁੱਖ ਦੋਸ਼ੀਆਂ ਨੂੰ ਬਚਾਉਣਾ ਹੈ ਤਾਂ ਕਿ ਸਮਾਂ ਪੈਣ ਨਾਲ ਬੇਅਦਬੀਆਂ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਨੂੰ ਲੋਕ ਭੁੱਲ ਜਾਣ ਪਰ ਅਜਿਹਾ ਨਹੀਂ ਹੋਣ ਲੱਗਾ। ਦੁਨੀਆ ਭਰ 'ਚ ਵੱਸਦੀ ਸੰਗਤ ਆਪਣੇ ਗੁਰੂ ਦੀ ਬੇਅਦਬੀ ਕਰਨ ਅਤੇ ਨਿਹੱਥੀ ਸੰਗਤ 'ਤੇ ਗੋਲੀਆਂ ਵਰ੍ਹਾਉਣ ਵਾਲਿਆਂ ਨੂੰ ਕਈ ਪੁਸ਼ਤਾਂ ਤੱਕ ਮੁਆਫ਼ ਨਹੀਂ ਕਰੇਗੀ।