ਹਰਮਨਪ੍ਰੀਤ ਨੇ ਮੁੱਖ ਮੰਤਰੀ ਅਤੇ ਰੇਲ ਮੰਤਰੀ ਦਾ ਕੀਤਾ ਧੰਨਵਾਦ

Friday, Feb 23, 2018 - 12:26 AM (IST)

ਜਲੰਧਰ/ਮੋਗਾ (ਧਵਨ, ਗਰੋਵਰ, ਗੋਪੀ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਦਖਲ ਤੋਂ ਬਾਅਦ ਭਾਰਤੀ ਰੇਲਵੇ ਨੇ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹਰਮਨਪ੍ਰੀਤ ਕੌਰ ਨਾਲ ਕੀਤੇ ਗਏ ਰੋਜ਼ਗਾਰ ਕਰਾਰ 'ਚ ਰਾਹਤ ਦਿੰਦੇ ਹੋਏ ਉਨ੍ਹਾਂ ਨੂੰ ਭਾਰੀ ਛੋਟ ਦੇ ਦਿੱਤੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹਰਮਨਪ੍ਰੀਤ ਦੀਆਂ ਉਪਲਬਧੀਆਂ ਨੂੰ ਦੇਖਦਿਆਂ ਉਨ੍ਹਾਂ ਨੂੰ ਪੰਜਾਬ ਪੁਲਸ 'ਚ ਡੀ. ਐੱਸ. ਪੀ. ਦੇ ਰੂਪ 'ਚ ਭਰਤੀ ਹੋਣ ਦਾ ਸੱਦਾ ਦਿੱਤਾ ਸੀ ਪਰ ਰੇਲਵੇ ਨਾਲ ਹੋਏ ਰੋਜ਼ਗਾਰ ਕਰਾਰ ਕਾਰਨ ਅਜੇ ਤੱਕ ਹਰਮਨਪ੍ਰੀਤ ਡੀ. ਐੱਸ. ਪੀ. ਦੇ ਰੂਪ 'ਚ ਨੌਕਰੀ ਜੁਆਇਨ ਨਹੀਂ ਕਰ ਸਕੀ ਪਰ ਉਹ ਡੀ. ਐੱਸ. ਪੀ. ਬਣਨ ਦੀ ਇੱਛੁਕ ਸੀ। ਪਿਛਲੇ ਕਈ ਮਹੀਨਿਆਂ ਤੋਂ ਹਰਮਨਪ੍ਰੀਤ ਦਾ ਮਾਮਲਾ ਲਟਕਿਆ ਪਿਆ ਸੀ। ਹੁਣ  ਪੰਜਾਬ ਸਰਕਾਰ ਨੇ ਅਧਿਕਾਰਕ ਰੂਪ ਨਾਲ ਰੇਲਵੇ ਨੂੰ ਸੂਚਿਤ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਹਰਮਨਪ੍ਰੀਤ ਨੂੰ ਰੋਜ਼ਗਾਰ ਕਰਾਰ ਤੋਂ ਮੁਕਤ ਕਰ ਦਿੱਤਾ ਹੈ, ਜਿਸ ਕਾਰਨ ਹੁਣ ਉਹ ਪੰਜਾਬ ਪੁਲਸ 'ਚ ਡੀ. ਐੱਸ. ਪੀ. ਦੇ ਰੂਪ 'ਚ ਭਰਤੀ ਹੋ ਸਕਦੀ ਹੈ। ਹੁਣ ਹਰਮਨਪ੍ਰੀਤ ਨੂੰ ਵੀ ਰਾਹਤ ਮਿਲੀ ਹੈ।
ਮੁੱਖ ਮੰਤਰੀ ਦਫਤਰ ਨੇ ਸੂਚਿਤ ਕੀਤਾ ਹੈ ਕਿ ਰੇਲਵੇ ਨੇ ਇਸ ਸਬੰਧ 'ਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਉਪਰੋਕਤ ਸੂਚਨਾ ਦਿੱਤੀ ਹੈ। ਹੁਣ ਮਹਿਲਾ ਕ੍ਰਿਕਟ ਖਿਡਾਰੀ ਹਰਮਨਪ੍ਰੀਤ 1 ਮਾਰਚ ਨੂੰ ਡੀ. ਐੱਸ. ਪੀ. ਦੇ ਰੂਪ 'ਚ ਪੰਜਾਬ ਪੁਲਸ 'ਚ ਭਰਤੀ ਹੋ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਲਈ ਵਿਸ਼ੇਸ਼ ਰੂਪ ਨਾਲ ਰੇਲ ਮੰਤਰੀ ਪਿਯੂਸ਼ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੋਇਲ ਕਾਰਨ ਹੀ ਹਰਮਨਪ੍ਰੀਤ ਦਾ ਰੇਲਵੇ ਨੂੰ ਦਿੱਤਾ ਗਿਆ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ। ਮੁੱਖ ਮੰਤਰੀ ਨੇ ਜੁਲਾਈ 2017 'ਚ ਹਰਮਨਪ੍ਰੀਤ ਨੂੰ ਸੂਬਾ ਪੁਲਸ 'ਚ ਡੀ. ਐੱਸ. ਪੀ. ਅਹੁਦੇ ਦੀ ਆਫਰ ਦਿੱਤੀ ਸੀ ਕਿਉਂਕਿ ਹਰਮਨਪ੍ਰੀਤ ਨੇ ਮਹਿਲਾ ਵਿਸ਼ਵ ਕੱਪ 2017 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਵਿੱਖ 'ਚ ਵੀ ਚੰਗੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੀ ਰਹੇਗੀ, ਜੋ ਪੰਜਾਬ ਦਾ ਨਾਂ ਰੌਸ਼ਨ ਕਰਨਗੇ।
ਹਰਮਨਪ੍ਰੀਤ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ
ਹਰਮਨਪ੍ਰੀਤ ਨੇ ਵੀ ਭਾਰਤੀ ਰੇਲਵੇ ਨੂੰ ਲਗਾਤਾਰ ਲਿਖਤੀ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਰੋਜ਼ਗਾਰ ਕਰਾਰ ਤੋਂ ਮੁਕਤ ਕੀਤਾ ਜਾਵੇ ਤਾਂ ਕਿ ਉਹ ਡੀ. ਐੱਸ. ਪੀ. ਦੇ ਰੂਪ 'ਚ ਭਰਤੀ ਹੋ ਸਕੇ। ਹਰਮਨਪ੍ਰੀਤ ਨੇ ਵੀ ਅੱਜ ਰੇਲ ਮੰਤਰੀ ਗੋਇਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਉਹ ਹੁਣ ਡੀ. ਐੱਸ. ਪੀ. ਦੇ ਰੂਪ 'ਚ ਕੰਮ ਕਰ ਸਕੇਗੀ।


Related News