''ਕੈਪਟਨ ਸਰਕਾਰੇ! ਬਿਜਲੀ ਦੇ ਅਣਐਲਾਨੇ ਕੱਟਾਂ ਨੇ ਲੋਕ ਗਰਮੀ ''ਚ ਮਾਰੇ''

Sunday, Jun 02, 2019 - 07:01 PM (IST)

''ਕੈਪਟਨ ਸਰਕਾਰੇ! ਬਿਜਲੀ ਦੇ ਅਣਐਲਾਨੇ ਕੱਟਾਂ ਨੇ ਲੋਕ ਗਰਮੀ ''ਚ ਮਾਰੇ''

ਮੋਹਾਲੀ (ਪਰਦੀਪ)— 'ਕੈਪਟਨ ਸਰਕਾਰੇ! ਬਿਜਲੀ ਦੇ ਅਣਐਲਾਨੇ ਕੱਟਾਂ ਨੇ ਲੋਕ ਗਰਮੀ 'ਚ ਮਾਰੇ।' ਇਹ ਵਿਚਾਰ ਯੂਥ ਅਕਾਲੀ ਦਲ ਦੇ ਹਲਕਾ ਮੋਹਾਲੀ ਤੋਂ ਪ੍ਰਧਾਨ ਅਤੇ ਰੈਜ਼ੀਡੈਂਟਸ ਵੈੱਲਫ਼ੇਅਰ ਫੋਰਮ ਸੈਕਟਰ-69 ਮੋਹਾਲੀ ਦੇ ਪ੍ਰਧਾਨ ਹਰਮਨਜੋਤ ਸਿੰਘ ਕੁੰਭੜਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। 

ਅਕਾਲੀ ਆਗੂ ਹਰਮਨਜੋਤ ਕੁੰਭੜਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਥਿਆਉਣ ਵਾਲੀ ਕਾਂਗਰਸ ਸਰਕਾਰ ਇਕ ਪਾਸੇ ਤਾਂ ਬਿਜਲੀ ਦੇ ਰੇਟ ਵਧਾਉਣ 'ਚ ਲੱਗੀ ਹੋਈ ਹੈ ਤੇ ਦੂਜੇ ਪਾਸੇ ਕਹਿਰ ਦੀ ਗਰਮੀ ਦੇ ਇਸ ਮੌਸਮ 'ਚ ਬਿਜਲੀ ਦੇ ਅਣਐਲਾਨੇ ਕੱਟ ਲਗਾ ਕੇ ਲੋਕਾਂ ਨੂੰ ਗਰਮੀ 'ਚ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਨ ਭਰ ਦੇ ਕੰਮਕਾਜ ਤੋਂ ਥੱਕੇ ਟੁੱਟੇ ਵਿਅਕਤੀ ਨੇ ਸ਼ਾਮ ਨੂੰ ਘਰ ਪਹੁੰਚ ਕੇ ਅਰਾਮ ਕਰਨਾ ਹੁੰਦਾ ਹੈ, ਪ੍ਰੰਤੂ ਬਿਜਲੀ ਦੇ ਕੱਟ ਲੱਗਣ ਕਾਰਨ ਉਸ ਨੂੰ ਅਰਾਮ ਵੀ ਕਰਨਾ ਨਹੀਂ ਮਿਲਦਾ ਤੇ ਸਾਰੀ-ਸਾਰੀ ਰਾਤ ਬੇਚੈਨੀ 'ਚ ਲੰਘ ਜਾਂਦੀ ਹੈ। ਕੁੰਭੜਾ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਲੋਕਾਂ ਉਤੇ ਰਹਿਮ ਕਰਦਿਆਂ ਗਰਮੀ ਦੇ ਮੌਸਮ 'ਚ ਬਿਜਲੀ ਦੇ ਕੱਟਾਂ ਨੂੰ ਤੁਰੰਤ ਬੰਦ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਜਾਵੇ।


author

Baljit Singh

Content Editor

Related News