6500 ਸਕੂਲਾਂ ਦੀ ਹੋਵੇਗੀ ਚਾਰਦੀਵਾਰੀ, ਸਕਿਓਰਿਟੀ ਗਾਰਡ ਸਣੇ ਮਿਲੇਗੀ ਵੱਖਰੀ ਟਰਾਂਸਪੋਰਟ: ਬੈਂਸ (ਵੀਡੀਓ)

Saturday, Jul 22, 2023 - 07:53 PM (IST)

ਜਲੰਧਰ (ਰਮਨਦੀਪ ਸਿੰਘ ਸੋਢੀ): ਪੰਜਾਬ ਦੇ ਸਰਕਾਰੀ ਸਕੂਲਾਂ ’ਚ ਲੀਡਰਾਂ ਅਤੇ ਅਫਸਰਾਂ ਦੇ ਬੱਚੇ ਵੀ ਦਾਖਲਾ ਲੈਣਗੇ ਤੇ ਲੋਕ ਪ੍ਰਾਈਵੇਟ ਨੂੰ ਛੱਡ ਕੇ ਸਰਕਾਰੀ ਸਕੂਲ ਨੂੰ ਤਵੱਜੋ ਦੇਣਗੇ। ਇਹ ਦਾਅਵਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ। ਉਨ੍ਹਾਂ ਮੁਤਾਬਕ ਸੂਬੇ ’ਚ ਸਿੱਖਿਆ ਕ੍ਰਾਂਤੀ ਆ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਅਕ ਢਾਂਚੇ ਦੇ ਸੁਧਾਰ ਲਈ ਖਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ ਹੈ। 

ਕਈ ਵਾਰ ਅਫਸਰ ਟਾਲ-ਮਟੋਲ ਵੀ ਕਰਦੇ ਹਨ ਪਰ ਮਾਨ ਸਾਬ੍ਹ ਸਖ਼ਤੀ ਨਾਲ ਸਾਨੂੰ ਫੰਡ ਦਿਵਾਉਂਦੇ ਹਨ। ਬੈਂਸ ਮੁਤਾਬਕ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਟਰਾਂਸਪੋਰਟ ਦੇਣ ਲਈ ਪਾਲਿਸੀ ਤਿਆਰ ਕਰ ਲਈ ਹੈ, ਜਿਸ ਨੂੰ ਮੁੱਖ ਮੰਤਰੀ ਮਾਨ ਨੇ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਛੇਤੀ ਇਸਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਮੁਤਾਬਕ ਇਸ ਨੂੰ ਟਰਾਂਸਪੋਰਟ ਵਿਭਾਗ ਨਹੀਂ, ਸਗੋਂ ਸਿੱਖਿਆ ਵਿਭਾਗ ਹੀ ਸ਼ੁਰੂ ਕਰੇਗਾ। ਨਵੇਂ ਸੁਧਾਰਾਂ ਅਤੇ ਸਕੂਲਾਂ ਦੀ ਸਥਿਤੀ ਨੂੰ ਲੈ ਕੇ ਉਨ੍ਹਾਂ ਵਿਸਥਾਰ ’ਚ ਗੱਲਬਾਤ ਕੀਤੀ, ਜਿਸਦੇ ਮੁੱਖ ਅੰਸ਼ ਇਸ ਪ੍ਰਕਾਰ ਹਨ :

• ਤੁਹਾਡੇ ਹਲਕੇ ਸਮੇਤ ਪੰਜਾਬ ’ਚ ਹੜ੍ਹਾਂ ਦੀ ਕੀ ਸਥਿਤੀ ਹੈ?

ਮੇਰੇ ਹਲਕੇ ਤੋਂ ਹੜ੍ਹਾਂ ਦੀ ਸ਼ੁਰੂਆਤ ਹੋਈ ਸੀ। ਪਾਣੀ ਨੇ ਵੱਡੀ ਤਬਾਹੀ ਮਚਾਈ ਹੈ। ਇਨਫਰਾਸਟ੍ਰਕਚਰ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਸਰਕਾਰ ਮੁੜ-ਵਸੇਬੇ ਲਈ ਪੁਰਜ਼ੋਰ ਕੋਸ਼ਿਸ਼ਾਂ ਕਰ ਰਹੀ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਪਿਛਲੇ ਲੀਡਰਾਂ ਵਾਂਗ ਹੈਲੀਕਾਪਟਰ ’ਤੇ ਗੇੜਾ ਮਾਰਨ ਦੀ ਬਜਾਏ ਖੁਦ ਗਰਾਊਂਡ ’ਤੇ ਲੋਕਾਂ ਦੇ ਨਾਲ ਖੜ੍ਹੇ ਹਨ। ਮਾਲਵਾ ’ਚ ਘੱਗਰ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਸਕੂਲਾਂ ਦੀ ਗੱਲ ਕਰੀਏ ਤਾਂ ਸੋਮਵਾਰ ਤਕ ਕੁੱਲ 172 ਸਕੂਲ ਬੰਦ ਸਨ ਪਰ ਹੁਣ ਸਿਰਫ 65 ਸਕੂਲ ਰਹਿ ਗਏ ਹਨ ਜੋ ਹੜ੍ਹਾਂ ਦੀ ਮਾਰ ਹੇਠ ਹਨ। ਅਸੀਂ 20 ਹਜ਼ਾਰ ਸਕੂਲਾਂ ਨੂੰ ਪਹਿਲੀ ਵਾਰ ਡਿਸਕ੍ਰੇਸ਼ਨਰੀ ਗ੍ਰਾਂਟ ਦੇ ਰਹੇ ਹਾਂ, ਜਿਸ ਤਹਿਤ 5 ਹਜ਼ਾਰ ਤੋਂ ਲੈ ਕੇ 30 ਹਜ਼ਾਰ ਰੁਪਏ ਤਕ ਦੇ ਰਹੇ ਹਾਂ। ਸਕੂਲ ਦਾ ਮੁਖੀ ਉਸਨੂੰ ਆਪਣੀ ਮਰਜ਼ੀ ਨਾਲ ਮੁੜ-ਵਸੇਬੇ ਲਈ ਵਰਤ ਸਕਦਾ ਹੈ। ਇਸ ਤੋਂ ਇਲਾਵਾ ਅਸੀਂ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਸਕੂਲਾਂ ਨੂੰ ਵੀ 10 ਕਰੋੜ ਦੀ ਗ੍ਰਾਂਟ ਦੇ ਰਹੇ ਹਾਂ ਪਰ ਇਹ ਕੁਦਰਤ ਦਾ ਕਹਿਰ ਹੈ ਤੇ ਪੰਜਾਬ ਨੇ ਇਸ ਤੋਂ ਵੀ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ। ਮੈਨੂੰ ਵਿਸ਼ਵਾਸ ਹੈ ਕਿ  ਗੁਰੂਆਂ ਦੀ ਧਰਤੀ ਮੁੜ ਤੋਂ ਖੜ੍ਹੀ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਵਿਰੋਧੀ ਧਿਰ ਦੇ ਗਠਜੋੜ I.N.D.I.A. ਮਗਰੋਂ ਪੰਜਾਬ ਕਾਂਗਰਸ ਦੀ ਸਥਿਤੀ ਬਾਰੇ ਬੋਲੇ ਰਾਜਾ ਵੜਿੰਗ

• ਸਰਕਾਰ ਨੇ ਕੁਦਰਤ ਦੇ ਕਹਿਰ ਤੋਂ ਸਿੱਖਿਆ ਕੀ ਲਈ ਹੈ?

ਵੇਖੋ ਪੰਜਾਬ ਦੀਆਂ ਬਹੁਤ ਸਾਰੀਆਂ ਡਰੇਨਾਂ ਦੀ ਸਫਾਈ ਅਜੇ ਬਾਕੀ ਹੈ। ਜਿੱਥੇ ਸਫਾਈ ਹੋਈ ਸੀ ਉੱਥੇ ਨੁਕਸਾਨ ਘੱਟ ਹੈ। ਪਾਣੀ ਸਾਡੇ ਰਸਤੇ ਵਿਚ ਨਹੀਂ ਆਇਆ ਸਗੋਂ ਅਸੀਂ ਪਾਣੀ ਦੇ ਰਸਤੇ ਵਿਚ ਆਏ ਹਾਂ। ਪਿੰਡਾਂ ਵਿਚ ਟੋਭੇ ਪੂਰ ਦਿੱਤੇ ਗਏ, ਜੋ ਸਰਕਾਰ ਦੁਬਾਰਾ ਸ਼ੁਰੂ ਕਰਵਾ ਰਹੀ ਹੈ। ਫਿਲਹਾਲ ਮੁੜ-ਵਸੇਬਾ ਹੋ ਜਾਣ ਦਿਓ, ਬਹੁਤ ਕੁਝ ਠੀਕ ਕਰਨ ਵਾਲਾ ਹੈ, ਜਿਸ ਬਾਰੇ ਮੁੱਖ ਮੰਤਰੀ ਜੀ ਬੇਹੱਦ ਗੰਭੀਰ ਹਨ।

• ਸਕੂਲ  ਆਫ ਐਮੀਨੈਂਸ ਦੀ ਸ਼ੁਰੂਆਤ ਪਿੱਛੇ ਮਕਸਦ ਕੀ ਹੈ?

ਅਸੀਂ ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਪਾੜੇ ਨੂੰ ਖਤਮ ਕਰਨਾ ਚਾਹੁੰਦੇ ਹਾਂ। ਸਰਕਾਰੀ ਸਕੂਲ ਦੇ ਵਿਦਿਆਰਥੀਆਂ ’ਚ ਉਤਸ਼ਾਹ ਭਰਨਾ ਚਾਹੁੰਦੇ ਹਾਂ। ਇਸੇ ਕਰਕੇ ਅਸੀਂ ਸਕੂਲ ਆਫ ਐਮੀਨੈਂਸ ਲੈ ਕੇ ਆਏ ਹਾਂ ਤਾਂ ਜੋ ਕਾਬਲ ਬੱਚਿਆਂ ਨੂੰ ਚੰਗੀ ਪੜ੍ਹਾਈ ਅਤੇ ਵਧੀਆ ਸਹੂਲਤਾਂ ਦਿੱਤੀਆਂ ਜਾ ਸਕਣ। ਸਾਡੇ ਵੇਖਣ ’ਚ ਆਇਆ ਕਿ ਇਕ ਜਮਾਤ ’ਚ ਮੰਨ ਲਓ 50 ਬੱਚੇ ਹਨ ਪਰ ਉਨ੍ਹਾਂ ’ਚੋਂ ਹੁਸ਼ਿਆਰ ਬੱਚਿਆਂ ਦੀ ਗਿਣਤੀ ਸਿਰਫ ਦਸ ਹੈ, ਜੋ ਚੰਗੀ ਸਿੱਖਿਆ ਅਤੇ ਸਹੂਲਤ ਦੇ ਹੱਕਦਾਰ ਹਨ ਪਰ ਸਹੂਲਤਾਂ ਉਨ੍ਹਾਂ ਨੂੰ ਘੱਟ ਪੜ੍ਹਨ ਵਾਲਿਆਂ ਦੇ ਬਰਾਬਰ ਹੀ ਮਿਲ ਰਹੀਆਂ ਹਨ। ਇਸ ਲਈ ਅਸੀਂ ਸਕੂਲ ਆਫ ਐਮੀਨੈਂਸ ਤਿਆਰ ਕੀਤੇ ਤਾਂ ਜੋ ਉਨ੍ਹਾਂ ਵਿਦਿਆਰਥੀਆਂ ਨੂੰ ਵਧੀਆ ਅਧਿਆਪਕ ਅਤੇ ਚੰਗੀਆਂ ਸਹੂਲਤਾਂ ਦਿੱਤੀਆਂ ਜਾ ਸਕਣ। 

ਅੱਜ ਅਸੀਂ ਬਕਾਇਦਾ 4 ਹਜ਼ਾਰ ਰੁਪਇਆ ਉਨ੍ਹਾਂ ਦੀ ਵਰਦੀ ਉੱਪਰ ਵੀ ਖਰਚ ਕਰ ਰਹੇ ਹਾਂ, ਕਈ ਲੋਕ ਕਹਿੰਦੇ ਹਨ ਕਿ ਇਹ ਬਾਕੀ ਬੱਚਿਆਂ ਨਾਲ ਵਿਤਕਰਾ ਹੈ ਪਰ ਮੇਰਾ ਮੰਨਣਾ ਹੈ ਕਿ ਅਸੀਂ ਤਾਂ ਟੈਸਟ ਰੱਖਿਆ ਹੈ, ਜਿਸ ਨੂੰ ਕੋਈ ਵੀ ਬੱਚਾ ਆਪਣੀ ਕਾਬਲੀਅਤ ਨਾਲ ਪਾਸ ਕਰਕੇ ਸਕੂਲ ਆਫ ਐਮੀਨੈਂਸ ਦੀਆਂ ਸਹੂਲਤਾਂ ਲੈ ਸਕਦਾ ਹੈ, ਜਦੋਂਕਿ ਬਾਕੀ ਸਭ ਲਈ ਸਰਕਾਰੀ ਸਕੂਲ ਦੇ ਦਾਖਲੇ ਤਾਂ ਖੁੱਲ੍ਹੇ ਹੀ ਹਨ ਪਰ ਇਸ ਨਾਲ ਸਾਨੂੰ ਪੰਜਾਬ ਦੇ ਬੱਚਿਆਂ ਦੀ ਕਾਬਲੀਅਤ ਦਾ ਪਤਾ ਲੱਗ ਰਿਹਾ ਹੈ।

• ਸਿਲੇਬਸ ਨੂੰ ਪ੍ਰਾਈਵੇਟ ਸਕੂਲਾਂ ਦੇ ਹਾਣ ਦਾ ਕਦੋਂ ਕਰੋਗੇ?

ਵੇਖੋ ਸਿਲੇਬਸ ਤਾਂ ਪ੍ਰਾਈਵੇਟ ਸਕੂਲਾਂ ਦਾ ਵੀ ਬਦਲਣ ਵਾਲਾ ਹੈ ਅਤੇ ਇਸ ਉੱਪਰ ਅਸੀਂ ਗੰਭੀਰਤਾ ਨਾਲ ਕੰਮ ਕਰ ਰਹੇ ਹਾਂ। ਅਸੀਂ ਛੇਤੀ ਹੀ ਮਿਸ਼ਨ ਸਮਰੱਥ ਚਲਾ ਰਹੇ ਹਾਂ। ਇਸ ਦਾ ਮਤਲਬ ਹੈ ਕਿ ਅੱਠਵੀਂ ਤਕ ਪੜ੍ਹਦੇ ਬੱਚੇ ਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਮੈਥ ਆਉਂਦਾ ਹੋਵੇ। ਪਿਛਲੀਆਂ ਸਰਕਾਰਾਂ ਰੌਲਾ ਪਾਉਂਦੀਆਂ ਰਹੀਆਂ ਕਿ ਪੰਜਾਬ ਨੰਬਰ ਇਕ ਹੈ ਪਰ ਕੀ ਤੁਹਾਨੂੰ ਪਤਾ ਹੈ ਨੰਬਰ ਇਕ ਦਾ ਅੰਕੜਾ ਸਿਰਫ 55 ਫੀਸਦ ਹੈ ਜੋ ਕੰਪੀਟੀਸ਼ਨ ਦੇ ਦੌਰ ਵਿਚ ਕੁਝ ਵੀ ਨਹੀਂ ਹੈ ਪਰ 45 ਫੀਸਦ ਬੱਚਿਆਂ ਨੂੰ ਅੱਠਵੀਂ ਤਕ ਮੈਥ ਅਤੇ ਅੰਗਰੇਜ਼ੀ ਨਹੀਂ ਆਉਂਦੀ। ਇਸ ਲਈ ਮਿਸ਼ਨ ਸਮਰੱਥ ਤਹਿਤ ਸਾਡੇ ਸਾਰੇ ਅਧਿਆਪਕ ਆਪਣੀ ਜਮਾਤ ਦੇ ਬੱਚੇ ਨੂੰ ਯੋਗ ਬਣਾਉਣ ਦੇ ਨਾਲ ਇਹ ਯਕੀਨੀ ਬਣਾਉਣਗੇ ਕਿ ਬੱਚਾ ਕਾਬਲ ਬਣ ਜਾਵੇ।

ਇਹ ਖ਼ਬਰ ਵੀ ਪੜ੍ਹੋ - ਮੈਦਾਨ 'ਚ ਪਰਤੇ ਰਿਸ਼ਭ ਪੰਤ, BCCI ਨੇ ਬੁਮਰਾਹ ਸਣੇ 5 ਖਿਡਾਰੀਆਂ ਬਾਰੇ ਦਿੱਤੀ ਵੱਡੀ ਅਪਡੇਟ, ਜਾਣੋ ਕਦੋਂ ਹੋਵੇਗੀ ਵਾਪਸੀ

ਪਹਿਲੀ ਵਾਰ ਪੰਜਾਬ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਵੇਖੀ ਚੰਦਰਯਾਨ ਦੀ ਲਾਂਚਿੰਗ

ਮੇਰੀ ਟੀਮ ਦੇ ਹੀ ਇਕ ਸਾਥੀ ਨੇ ਸਾਨੂੰ ਜਾਣੂ ਕਰਵਾਇਆ ਸੀ ਕਿ ਚੰਦਰਯਾਨ-3 ਲਾਂਚ ਹੋ ਰਿਹਾ ਹੈ। ਸਾਡੇ ਕੋਲ ਦਿਨ ਬੜੇ ਥੋੜ੍ਹੇ ਸਨ ਪਰ ਫਿਰ ਵੀ ਅਸੀਂ ਇਕ ਟੀਮ ਤਿਆਰ\ ਕਰ ਲਈ। ਅਸੀਂ 30 ਬੱਚੇ ਸਕੂਲ ਆਫ ਐਮੀਨੈਂਸ ਦੇ ਹੀ ਸਿਲੈਕਟ ਕੀਤੇ। ਪੰਜਾਬ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਸ੍ਰੀ ਹਰੀਕੋਟਾ ਵਿਖੇ ਚੰਦਰਯਾਨ-3 ਦੀ ਲਾਂਚਿੰਗ ਨੂੰ ਲਾਈਵ ਵੇਖਣ ਦਾ ਮੌਕਾ ਮਿਲਿਆ। ਉਥੇ ਸਿਰਫ ਪੰਜਾਬ ਹੀ ਅਜਿਹਾ ਸੂਬਾ ਸੀ ਜਿੱਥੋਂ ਸਰਕਾਰੀ ਸਕੂਲ ਦੇ ਬੱਚੇ ਪਹੁੰਚੇ ਸਨ। ਸਾਰੇ ਬੱਚੇ ਪਹਿਲੀ ਵਾਰ ਜਹਾਜ਼ ’ਚ ਬੈਠੇ ਸਨ। ਸਭ ਦੀ ਰਿਹਾਇਸ਼ ਵੀ ਮੇਰੇ ਨਾਲ ਹੀ ਸੀ। ਬੱਚਿਆਂ ਦਾ ਹੌਸਲਾ ਇੰਨਾ ਵਧਿਆ ਕਿ ਉਹ ਮੁੱਖ ਮੰਤਰੀ ਸਾਬ੍ਹ ਨਾਲ ਵੀ ਸਵਾਲ-ਜਵਾਬ ਕਰਦੇ ਰਹੇ। ਵਿਦਿਆਰਥੀਆਂ ਨੇ ਮਹਿਸੂਸ ਕੀਤਾ ਕਿ ਸਾਡੇ ਆਪਣੇ ਦੇਸ਼ ਵਿਚ ਵੀ ਬਹੁਤ ਕੁਝ ਹੈ ਜਿਸ ਨੂੰ ਅਸੀਂ ਐਕਸਪਲੋਰ ਕਰ ਸਕਦੇ ਹਾਂ। ਅਸੀਂ ਅੱਗੇ ਤੋਂ ਵੀ ਇਹ ਪ੍ਰੈਕਟਿਸ ਜਾਰੀ ਰੱਖਾਂਗੇ।

ਸਿੰਗਾਪੁਰ ਤੋਂ ਪਰਤੇ ਪ੍ਰਿੰਸੀਪਲਾਂ ਦੀ ਪਿੰਡਾਂ ’ਚ ਵਧੀ ਮੰਗ

ਜਦੋਂ ਅਸੀਂ ਸਿੰਗਾਪੁਰ ਟ੍ਰੇਨਿੰਗ ਲਈ ਅਧਿਆਪਕ ਭੇਜੇ ਤਾਂ ਵਿਰੋਧੀ ਧਿਰ ਨੇ ਬੜੇ ਸਵਾਲ ਚੁੱਕੇ ਪਰ ਮੈਂ ਉਦੋਂ ਵੀ ਕਿਹਾ ਸੀ ਕਿ ਇਹਦੇ ਨਤੀਜੇ ਬੜੇ ਸ਼ਾਨਦਾਰ ਨਿਕਲਣਗੇ। ਅੱਜ ਹਾਲਾਤ ਇਹ ਹਨ ਕਿ ਪਿੰਡਾਂ ਦੇ ਲੋਕ ਸਿੰਗਾਪੁਰ ਤੋਂ ਆਏ ਪ੍ਰਿਸੀਪਲਾਂ ਦੀ ਬਦਲੀ ਤੱਕ ਨਹੀਂ ਕਰਵਾਉਣ ਦੇ ਰਹੇ। ਮੈਂ ਮਾਨਸੇ ਤੋਂ ਇਕ ਪ੍ਰਿੰਸੀਪਲ ਬਦਲ ਦਿੱਤਾ ਤਾਂ 12 ਪਿੰਡਾਂ ਦੀਆਂ ਪੰਚਾਇਤਾਂ ਮੇਰੇ ਕੋਲ ਪਹੁੰਚ ਗਈਆਂ ਤੇ ਮੰਗ ਰੱਖੀ ਕਿ ਸਿੰਗਾਪੁਰ ਵਾਲਾ ਅਧਿਆਪਕ ਹੀ ਸਾਨੂੰ ਮੁਖੀ ਚਾਹੀਦਾ ਹੈ। ਤੁਸੀਂ ਵੇਖੋ ਇਕ ਦੌਰ ’ਚ ਲੋਕ ਸਰਕਾਰੀ ਸਕੂਲ ਨੂੰ ਪਸੰਦ ਨਹੀਂ ਕਰਦੇ ਸਨ ਤੇ ਅੱਜ ਲੋਕ ਵੱਡੇ ਪੱਧਰ ’ਤੇ ਜੁੜ ਰਹੇ ਹਨ। ਹੁਣ ਤਕ 66 ਪ੍ਰਿੰਸੀਪਲ ਸਿੰਗਾਪੁਰ ਤੋਂ ਟ੍ਰੇਨਿੰਗ ਲੈ ਚੁੱਕੇ ਹਨ ਤੇ 72 ਹੋਰ ਸਿੰਗਾਪੁਰ ਜਾ ਰਹੇ ਹਨ। ਸਾਡੇ ਵਲੋਂ 50 ਹੈੱਡਮਾਸਟਰ ਵੀ ਅਹਿਮਦਾਬਾਦ ਭੇਜੇ ਜਾਣਗੇ।

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anmol Tagra

Content Editor

Related News