ਗ਼ੈਰ ਕਾਨੂੰਨੀ ਮਾਈਨਿੰਗ ਖ਼ਿਲਾਫ਼ ਹਰਜੋਤ ਬੈਂਸ ਨੇ ਜਾਰੀ ਕੀਤੇ ਆਰ-ਪਾਰ ਦੀ ਲੜਾਈ ਦੇ ਹੁਕਮ
Saturday, Mar 01, 2025 - 11:15 PM (IST)

ਚੰਡੀਗੜ੍ਹ : ਗ਼ੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਆਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਅੱਜ ਰੂਪਨਗਰ ਜ਼ਿਲ੍ਹੇ ਵਿੱਚ ਗ਼ੈਰ-ਰਜਿਸਟਰਡ ਕਰੱਸ਼ਰਾਂ ਨੂੰ ਤੁਰੰਤ ਸੀਲ ਕਰਨ ਅਤੇ 15 ਦਿਨਾਂ ਦੇ ਅੰਦਰ-ਅੰਦਰ ਸਾਰੀਆਂ ਰਜਿਸਟਰਡ ਮਾਈਨਿੰਗ ਸਾਈਟਾਂ, ਮਹੱਤਵਪੂਰਨ ਰੂਟਾਂ ਅਤੇ ਹੌਟਸਪੌਟਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣਾ ਸਮੇਤ ਹੋਰ ਕਈ ਅਹਿਮ ਹੁਕਮ ਜਾਰੀ ਕੀਤੇ ਹਨ।
ਹਰਜੋਤ ਸਿੰਘ ਬੈਂਸ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਸਾਰੇ ਗੈਰ-ਰਜਿਸਟਰਡ ਕਰੱਸ਼ਰਾਂ ਨੂੰ ਤੁਰੰਤ ਸੀਲ ਕਰਨ ਦੇ ਹੁਕਮ ਦਿੰਦਿਆਂ ਕਿਹਾ ਕਿ ਅਣਅਧਿਕਾਰਤ ਥਾਵਾਂ 'ਤੇ ਕੋਈ ਜੈਨਰੇਟਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਸਾਰੇ ਰਜਿਸਟਰਡ ਕਰੱਸ਼ਰਾਂ 'ਤੇ 360-ਡਿਗਰੀ ਵਿਊ ਵਾਲੇ ਹਾਈ-ਰੈਜ਼ੋਲਿਊਸ਼ਨ ਨਾਈਟ ਵਿਜ਼ਨ ਕਲੋਜ਼ ਸਰਕਟ ਟੈਲੀਵਿਜ਼ਨ (ਸੀ.ਸੀ.ਟੀ.ਵੀ.) ਕੈਮਰੇ ਲਗਾਉਣ ਦੇ ਵੀ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਮਾਈਨਿੰਗ ਸਮੱਗਰੀ ਦੀ ਢੋਆ-ਢੁਆਈ ਲਈ ਵਰਤੇ ਜਾਂਦੇ ਸਾਰੇ ਮਹੱਤਵਪੂਰਨ ਰੂਟਾਂ ਅਤੇ ਗੈਰ-ਕਾਨੂੰਨੀ ਮਾਈਨਿੰਗ ਲਈ ਹੌਟਸਪੌਟ ਵਜੋਂ ਪਛਾਣੇ ਗਏ ਖੇਤਰਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਲਈ ਵੀ ਕਿਹਾ।
ਮਾਈਨਿੰਗ ਗਤੀਵਿਧੀਆਂ ਵਿੱਚ ਪਾਰਦਰਸ਼ਤਾ ਵਧਾਉਣ ਲਈ, ਸਿੱਖਿਆ ਮੰਤਰੀ ਨੇ ਅਧਿਕਾਰੀਆਂ ਨੂੰ ਉਨ੍ਹਾਂ ਕਰੱਸ਼ਰਾਂ ਦੇ ਪਿਛਲੇ ਤਿੰਨ ਮਹੀਨਿਆਂ ਦੇ ਰਿਕਾਰਡ ਦੀ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ ਜਿਨ੍ਹਾਂ ਵਿਰੁੱਧ ਸਥਾਨਕ ਲੋਕਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਜਾਂਚ 15 ਦਿਨਾਂ ਦੇ ਅੰਦਰ ਮੁਕੰਮਲ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ- 'ਯੁੱਧ ਨਸ਼ਿਆਂ ਵਿਰੁੱਧ' ; ਪੰਜਾਬ ਪੁਲਸ ਦੀ ਇਕ ਹੋਰ ਵੱਡੀ ਕਾਰਵਾਈ, ਹੁਣ ਸਮੱਗਲਰਾਂ ਦੀ ਨਹੀਂ ਹੋਵੇਗੀ 'ਖ਼ੈਰ'
ਹਰਜੋਤ ਸਿੰਘ ਬੈਂਸ ਨੇ ਅਗਮਪੁਰ ਪੁਲ ਨਾਲ ਲਗਦੇ ਖੇਤਰ ਨੂੰ ਸੀਲ ਕਰਨ ਦੇ ਵੀ ਨਿਰਦੇਸ਼ ਦਿੱਤੇ, ਜਿੱਥੇ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਦੀ ਰਿਪੋਰਟ ਮਿਲੀ ਸੀ। ਉਨ੍ਹਾਂ ਕਿਹਾ ਕਿ ਇਸ ਖੇਤਰ ਨੂੰ ਕੰਡਿਆਲੀਆਂ ਤਾਰਾਂ ਨਾਲ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਸਬੰਧੀ ਚੇਤਾਵਨੀ ਵਾਲੇ ਪ੍ਰਦਰਸ਼ਨੀ ਬੋਰਡ ਵੀ ਲਗਾਏ ਜਾਣੇ ਚਾਹੀਦੇ ਹਨ।
ਉਨ੍ਹਾਂ ਨੇ ਸਾਰੇ ਜੇ.ਈਜ਼ ਅਤੇ ਐਸ.ਡੀ.ਓਜ਼ ਨੂੰ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਨੂੰ ਰੋਕਣ ਲਈ 24 ਘੰਟੇ ਚੌਕਸੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਅਪਰੇਟਰਾਂ ਨਾਲ ਮਿਲੀਭੁਗਤ ਜਾਂ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਸਾਰੀਆਂ ਕਾਨੂੰਨੀ ਮਾਈਨਿੰਗ ਸਾਈਟਾਂ 'ਤੇ ਕੰਮ ਕਰਨ ਵਾਲੇ ਠੇਕੇਦਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਹੋਣ ਖ਼ਿਲਾਫ਼ ਸਖ਼ਤ ਚੇਤਾਵਨੀ ਦਿੰਦਿਆਂ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਨਿਰਧਾਰਤ ਮਾਈਨਿੰਗ ਖੇਤਰਾਂ ਤੋਂ ਬਾਹਰ ਮਾਈਨਿੰਗ ਕਰਨ ਦੀ ਮਨਾਹੀ ਹੈ। ਠੇਕੇਦਾਰਾਂ ਨੂੰ ਆਪਣੇ ਅਧਿਕਾਰਤ ਮਾਈਨਿੰਗ ਖੇਤਰ ਤੋਂ ਬਾਹਰ ਮਾਈਨਿੰਗ ਕਰਦੇ ਪਾਇਆ ਗਿਆ ਤਾਂ ਭਾਰੀ ਜੁਰਮਾਨੇ ਸਮੇਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਆਈ.ਆਈ.ਟੀ., ਰੂਪਨਗਰ ਦੇ ਮਾਹਿਰਾਂ ਦੀ ਇੱਕ ਟੀਮ ਵੱਲੋਂ ਮਾਈਨਿੰਗ ਸਾਈਟਾਂ ਦਾ ਸਰਵੇਖਣ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗੈਰ-ਕਾਨੂੰਨੀ ਮਾਈਨਿੰਗ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਅਪਣਾਈ ਹੈ। ਉਨ੍ਹਾਂ ਕਿਹਾ ਕਿ ਇਸ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ ਲਈ ਪੰਜਾਬ ਪ੍ਰਸ਼ਾਸਨ ਦਾ ਵੱਡਾ ਕਦਮ, ਅਧਿਕਾਰੀਆਂ ਨੂੰ ਜਾਰੀ ਹੋ ਗਏ ਨਿਰਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e