''ਸੱਜਣ'' ਦੇ ਪਿੰਡ ਪਹੁੰਚਦੇ ਹੀ ਪੰਜਾਬ ਪੁਲਸ ਦੀ ਵੱਡੀ ਬੇਇੰਤਜ਼ਾਮੀ ਆਈ ਸਾਹਮਣੇ (ਵੀਡੀਓ)

04/20/2017 4:56:22 PM

ਬੰਬੇਲੀ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਆਪਣੇ ਜੱਦੀ ਪਿੰਡ ਬੰਬੇਲੀ ਵਿਖੇ ਪਹੁੰਚਦੇ ਹੀ ਪੰਜਾਬ ਪੁਲਸ ਦੇ ਬੇਇੰਤਜ਼ਾਮੀ ਦੇਖਣ ਨੂੰ ਮਿਲੀ। ਉਨ੍ਹਾਂ ਨੂੰ ਕਾਫੀ ਸਮੇਂ ਤੱਕ ਆਪਣੀ ਗੱਡੀ ਵਿਚ ਬੈਠ ਕੇ ਰਸਤੇ ਦੇ ਸਾਫ ਹੋਣ ਦਾ ਇੰਤਜ਼ਾਰ ਕਰਨਾ ਪਿਆ। ਪਿੰਡ ਪਹੁੰਚਦੇ ਹੀ ਜਿੱਥੇ ਗਿੱਧੇ-ਭੰਗੜੇ ਨਾਲ ਉਨ੍ਹਾਂ ਦਾ ਸੁਆਗਤ ਕੀਤਾ ਗਿਆ, ਉੱਥੇ ਲੰਬੇਂ ਸਮੇਂ ਤੱਕ ਪਿੰਡ ਦੇ ਮੋੜ ''ਤੇ ਉਹ ਆਪਣੀ ਗੱਡੀ ਵਿਚ ਹੀ ਬੈਠੇ ਰਹੇ। ਪਿੰਡ ਪਹੁੰਚਣ ''ਤੇ ਪੰਜਾਬ ਪੁਲਸ ਵੱਲੋਂ ਉਨ੍ਹਾਂ ਦੀ ਸੁਰੱਖਿਆ ਲਈ ਕੋਈ ਖਾਸ ਇੰਤਜ਼ਾਮ ਨਹੀਂ ਕੀਤੇ ਗਏ ਸਨ। ਜਦੋਂ ਕਿ ਆਮ ਤੌਰ ''ਤੇ ਕਿਸੇ ਵੀ ਅਫਸਰ ''ਤੇ ਆਉਣ ''ਤੇ ਆਰਜ਼ੀ ਬਾਊਂਡਰੀ ਤਾਂ ਬਣਾ ਹੀ ਦਿੱਤੀ ਜਾਂਦੀ ਹੈ। ਪਰ ਸੱਜਣ ਦੀ ਸੁਰੱਖਿਆ ਲਈ ਪੰਜਾਬ ਪੁਲਸ ਵੱਲੋਂ ਪਹਿਲਾਂ ਤੋਂ ਹੀ ਅਜਿਹਾ ਕੁਝ ਨਹੀਂ ਕੀਤਾ ਗਿਆ। ਲੋਕਾਂ ਦੀ ਭੀੜ ਨੂੰ ਦੇਖ ਕੇ ਉਨ੍ਹਾਂ ਦੇ ਨਾਲ ਮੌਜੂਦ ਸੁਰੱਖਿਆ ਅਧਿਕਾਰੀਆਂ ਨੇ ਕਹਿ ਦਿੱਤਾ ਕਿ ਜਦੋਂ ਤੱਕ ਰਸਤਾ ਸਾਫ ਨਹੀਂ ਹੁੰਦਾ, ਸੱਜਣ ਗੱਡੀ ''ਚੋਂ ਬਾਹਰ ਨਹੀਂ ਨਿਕਲਣਗੇ। ਆਖਰਕਾਰ ਪਿੰਡ ਦੇ ਪ੍ਰਬੰਧਕਾਂ ਨੂੰ ਅੱਗੇ ਆ ਕੇ ਰਸਤਾ ਸਾਫ ਕਰਵਾਉਣਾ ਪਿਆ। 
ਸੱਜਣ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਨਤਮਸਤਕ ਹੋਣ ਪਹੁੰਚੇ ਪਰ ਲੋਕਾਂ ਦੀ ਭੀੜ ਅਤੇ ਸੁਰੱਖਿਆ ਇੰਤਜ਼ਾਮਾਂ ਵਿਚ ਬੇਨਿਯਮੀਆਂ ਨੂੰ ਦੇਖਦੇ ਹੋਏ ਉਹ ਉਨ੍ਹਾਂ ਲਈ ਉਲੀਕੇ ਗਏ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਪੰਡਾਲ ਵੀ ਨਹੀਂ ਪੁੱਜੇ ਅਤੇ ਗੱਡੀ ਵਿਚ ਬੈਠ ਕੇ ਉਥੋਂ ਹੀ ਪਰਤ ਗਏ। ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਪੰਡਾਲ ਵਿਚ ਲੋਕਾਂ ਦੀ ਭੀੜ ਉਨ੍ਹਾਂ ਦਾ ਇੰਤਜ਼ਾਰ ਕਰਦੀ ਰਹੀ।

Kulvinder Mahi

News Editor

Related News