ਹਰਜੀਤ ਸਿੰਘ ਚੱਢਾ ਨੇ ਚਰਨਜੀਤ ਸਿੰਘ ਚੱਢਾ ਤੇ ਇੰਦਰਪ੍ਰੀਤ ਸਿੰਘ ਚੱਢਾ ਦੇ ਹਟਾਉਣ ਦਾ ਕੀਤਾ ਵਿਰੋਧ

12/31/2017 7:37:54 PM

ਅੰਮ੍ਰਿਤਸਰ (ਬਿਊਰੋ ਰਿਪੋਰਟ) : ਚੀਫ ਖਾਲਸਾ ਦੀਵਾਨ ਦੇ ਸਾਬਕਾ ਮੁਖੀ ਚਰਨਜੀਤ ਸਿੰਘ ਚੱਢਾ ਦੇ ਛੋਟੇ ਪੁੱਤਰ ਹਰਜੀਤ ਸਿੰਘ ਚੱਢਾ ਨੇ ਆਪਣੇ ਪਿਤਾ ਅਤੇ ਭਰਾ ਇੰਦਰਪ੍ਰੀਤ ਸਿੰਘ ਚੱਢਾ ਨੂੰ ਚੀਫ ਖਾਲਸਾ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਹਟਾਉਣ ਦੀ ਤਜਵੀਜ਼ ਦਾ ਵਿਰੋਧ ਕੀਤਾ ਹੈ। ਗੌਰਤਲਬ ਹੈ ਕਿ ਚਰਨਜੀਤ ਸਿੰਘ ਚੱਢਾ ਦੀ ਇਕ ਵਿਵਾਦਿਤ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਗਜ਼ੈਕਟਿਵ ਕਮੇਟੀ ਨੇ ਚਰਨਜੀਤ ਸਿੰਘ ਚੱਢਾ ਅਤੇ ਇੰਦਰਪ੍ਰੀਤ ਸਿੰਘ ਚੱਢਾ ਨੂੰ ਹਟਾਉਣ ਦੀ ਸਿਫਾਰਸ਼ਿ ਕੀਤੀ ਹੈ। ਗੌਰਤਲਬ ਹੈ ਕਿ ਹਰਜੀਤ ਸਿੰਘ ਚੱਢਾ ਵੀ ਇਗਜ਼ੈਕਟਿਵ ਕਮੇਟੀ ਦੇ ਮੈਂਬਰ ਹਨ। ਜਗ ਬਾਣੀ ਨੂੰ ਦਿੱਤੇ ਬਿਆਨ ਵਿਚ ਉਨ੍ਹਾਂ ਕਿਹਾ ਕਿ ਉਹ ਇਗਜ਼ੈਕਟਿਵ ਵਲੋਂ ਕੀਤੀ ਗਈ ਤਜਵੀਜ਼ ਦਾ ਵਿਰੋਧ ਕੀਤੇ ਹਨ।
ਹਰਜੀਤ ਚੱਢਾ ਨੇ ਦੱਸਿਆ ਕਿ ਜਦੋਂ ਉਹ ਮੀਟਿੰਗ ਵਿਚ ਸ਼ਾਮਲ ਹੋਏ ਤਾਂ ਉਨ੍ਹਾਂ ਨੇ ਬੇਨਤੀ ਕੀਤੀ ਸੀ ਕਿ ਇਸ ਤਰ੍ਹਾਂ ਦੇ ਪ੍ਰਸਤਾਅ ਨੂੰ ਪਾਸ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਨਿਰਮਲ ਸਿੰਘ ਅਤੇ ਹਰਮਿੰਦਰ ਸਿੰਘ ਵਲੋਂ ਇਹ ਮਤਾ ਪਾਸ ਕੀਤਾ ਗਿਆ ਤਾਂ ਉਨ੍ਹਾਂ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਚੀਫ ਖਾਲਸਾ ਦੀਵਾਨ ਦੀ ਮਰਿਆਦਾ ਅਨੁਸਾਰ ਹੀ ਫੈਸਲਾ ਲਿਆ ਜਾਵੇ ਅਤੇ ਕਿਸੇ ਵਿਅਕਤੀ ਦੀ ਮੈਂਬਰਸ਼ਿਪ ਰੱਦ ਕਰਨ ਲਈ ਸੰਵਿਧਾਨ ਦੀ ਧਾਰਾ 11 ਅਨੁਸਾਰ ਇਹ ਸਿਫਾਰਿਸ਼ ਕਾਰਜਕਾਰੀ ਕਮੇਟੀ ਨੂੰ ਭੇਜੀ ਜਾਣੀ ਚਾਹੀਦੀ ਹੈ, ਜਿਥੇ ਬਹੁਮਤ ਨਾਲ ਪਾਸ ਹੋਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਣਾ ਚਾਹੀਦਾ ਹੈ।
ਇਥੇ ਇਹ ਦੱਸਣਯੋਗ ਹੈ ਕਿ ਵਿਵਾਦਿਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਚੀਫ ਖਾਲਸਾ ਦੀਵਾਨ ਦੀ ਕਮੇਟੀ ਵਲੋਂ ਚਰਨਜੀਤ ਸਿੰਘ ਚੱਢਾ ਨੂੰ ਤੁਰੰਤ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਕੇ ਧਨਰਾਜ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਸੀ। ਇਸ ਤੋਂ ਬਾਅਦ ਕਮੇਟੀ ਨੇ ਚਰਨਜੀਤ ਸਿੰਘ ਚੱਢਾ ਅਤੇ ਉਨ੍ਹਾਂ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਨੂੰ ਕਮੇਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਤਜਵੀਜ਼ ਦੇ ਦਿੱਤੀ ਸੀ। ਸੂਤਰਾਂ ਅਨੁਸਾਰ ਜਨਵਰੀ ਦੇ ਪਹਿਲੇ ਹਫਤੇ 'ਚ ਇਗਜ਼ੈਗਟਿਵ ਦੀ ਮੀਟਿੰਗ ਬੁਲਾਈ ਜਾਵੇਗੀ ਅਤੇ ਜਨਵਰੀ ਦੇ ਅਖੀਰਲੇ ਹਫਤੇ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਜਾਵੇਗੀ।


Related News