ਹਰਿੰਦਰ ਖਾਲਸਾ ਦਾ ਕੈਪਟਨ ''ਤੇ ਨਿਸ਼ਾਨਾ, ਕਿਹਾ- ਧਾਰਾ-370 ਟੁੱਟਣ ਦੇ ਜਸ਼ਨਾਂ ਤੋਂ ਤਕਲੀਫ ਕਿਉਂ
Tuesday, Aug 06, 2019 - 11:50 AM (IST)
ਜਲੰਧਰ (ਖੁਰਾਣਾ)— ਪੰਜਾਬ 'ਚ ਦੋ ਵਾਰ ਸੰਸਦ ਮੈਂਬਰ ਰਹੇ ਹਰਿੰਦਰ ਸਿੰਘ ਖਾਲਸਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਇਕ ਪਾਸੇ ਜਿੱਥੇ ਪੂਰਾ ਦੇਸ਼ ਜੰਮੂ-ਕਸ਼ਮੀਰ 'ਚ ਆਰਟੀਕਲ 370 ਅਤੇ 35-ਏ ਨੂੰ ਖਤਮ ਕਰਨ ਸੰਬੰਧੀ ਜਸ਼ਨਾਂ 'ਚ ਡੁੱਬਿਆ ਹੋਇਆ ਹੈ, ਉਥੇ ਹੀ ਕੈਪਟਨ ਸਰਕਾਰ ਨੇ ਆਦੇਸ਼ ਜਾਰੀ ਕੀਤੇ ਹਨ ਕਿ ਸੂਬੇ 'ਚ ਕੋਈ ਵੀ ਜੰਮੂ-ਕਸ਼ਮੀਰ ਦੇ ਪ੍ਰਸੰਗ ਨੂੰ ਲੈ ਕੇ ਜਸ਼ਨ ਨਹੀਂ ਮਨਾਏਗਾ। ਖਾਲਸਾ ਨੇ ਕੈਪਟਨ ਨੂੰ ਸਵਾਲ ਕੀਤਾ ਕਿ ਆਖਿਰ ਪੰਜਾਬ ਦੇ ਕਾਂਗਰਸੀਆਂ ਨੂੰ ਇਨ੍ਹਾਂ ਜਸ਼ਨਾਂ ਤੋਂ ਕਿਉਂ ਤਕਲੀਫ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ 'ਚ ਜੇ ਮੁਫਤੀ ਜਾਂ ਉਮਰ ਅਬਦੁੱਲਾ ਆਦਿ ਨੂੰ ਹਿਰਾਸਤ 'ਚ ਲਿਆ ਜਾਂਦਾ ਹੈ ਤਾਂ ਉਹ ਗੱਲ ਸਮਝ 'ਚ ਆਉਂਦੀ ਹੈ ਪਰ ਪੰਜਾਬ 'ਚ ਕੈਪਟਨ ਸਰਕਾਰ ਦੇ ਇਹ ਨਿਰਦੇਸ਼ ਸਰਾਸਰ ਬਚਕਾਨਾ ਕਦਮ ਹੈ ਕਿਉਂਕਿ ਪੰਜਾਬ 'ਚ ਜੇ. ਐਂਡ ਕੇ. ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਸ਼ਾਂਤੀ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਦੇ ਹੋਏ ਇਤਿਹਾਸਕ ਕਦਮ ਉਠਾਇਆ ਹੈ, ਜਿਸ ਨਾਲ ਪਾਰਟੀ ਵਰਕਰ ਕਾਫੀ ਖੁਸ਼ ਹਨ। ਉਨ੍ਹਾਂ ਕਿਹਾ ਕਿ ਫਤਿਹਗੜ੍ਹ ਸਾਹਿਬ 'ਚ ਜਸ਼ਨ ਮਨਾ ਰਹੇ ਭਾਜਪਾ ਦੇ ਜ਼ਿਲਾ ਪ੍ਰਧਾਨ ਅਤੇ ਹੋਰਨਾਂ ਨੂੰ ਹਿਰਾਸਤ 'ਚ ਲੈਣ ਦੀ ਕਾਰਵਾਈ ਸਰਾਸਰ ਗਲਤ ਕਾਰਵਾਈ ਹੈ, ਜਿਸ ਤੋਂ ਲੱਗਦਾ ਹੈ ਕਿ ਕਾਂਗਰਸੀਆਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਤੋਂ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ 'ਚ ਅਜਿਹੀ ਕੋਈ ਭਾਵਨਾ ਹੈ। ਖਾਲਸਾ ਨੇ ਕਿਹਾ ਕਿ ਜਿਵੇਂ ਨਵਜੋਤ ਸਿੱਧੂ ਸੀ ਤਾਂ ਦੇਸ਼ ਭਗਤ ਪਰ ਉਸ ਨੂੰ ਇੰਨਾ ਪਤਾ ਨਹੀਂ ਸੀ ਕਿ ਦੇਸ਼ ਭਗਤੀ ਦੇਸ਼ ਦੀ ਕਰਨੀ ਹੈ ਜਾਂ ਪਾਕਿਸਤਾਨ ਦੀ, ਠੀਕ ਉਸੇ ਤਰ੍ਹਾਂ ਅਮਰਿੰਦਰ ਵੀ ਬਚਕਾਨਾ ਵਿਵਹਾਰ ਕਰ ਰਹੇ ਹਨ। ਉਨ੍ਹਾਂ ਨੂੰ ਇਹÂ ਨਹੀਂ ਪਤਾ ਕਿ ਜੇ. ਐਂਡ ਕੇ. ਨੂੰ ਲੈ ਕੇ ਚੁੱਕੇ ਗਏ ਕਦਮਾਂ ਨਾਲ ਭਾਰਤ ਹੁਣ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਇਕ ਹੋ ਗਿਆ ਹੈ।