ਕੇਜਰੀਵਾਲ ਤੋਂ ਲੈ ਕੇ ਅਕਾਲੀ ਦਲ ’ਤੇ ਬੇਬਾਕੀ ਨਾਲ ਬੋਲੇ ਕੇਂਦਰੀ ਸ਼ਹਿਰੀ ਵਿਕਾਸ ਤੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ
Tuesday, May 02, 2023 - 06:52 PM (IST)
ਜਲੰਧਰ (ਅਨਿਲ ਪਾਹਵਾ) : ਕੇਂਦਰੀ ਸ਼ਹਿਰੀ ਵਿਕਾਸ ਤੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ 13 ਮਹੀਨਿਆਂ ਦੀ ਸਰਕਾਰ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕੀਤੇ ਹਨ ਅਤੇ ਨਾਲ ਹੀ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੂੰ ਵੀ ਲੰਮੇ ਹੱਥੀਂ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ’ਚ ਡਬਲ ਇੰਜਣ ਵਾਲੀ ਸਰਕਾਰ ਦੀ ਵਕਾਲਤ ਕੀਤੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਚੱਲ ਰਹੀਆਂ ਸੰਭਾਵਨਾਵਾਂ ’ਤੇ ਬੇਬਾਕੀ ਨਾਲ ਜਵਾਬ ਦਿੱਤੇ ਹਨ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼–
• ਪੰਜਾਬ ’ਚ ਬਦਲਾਅ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਕੁਝ ਸਾਲ ਪਹਿਲਾਂ ਅੰਨਾ ਹਜ਼ਾਰੇ ਦੇ ਅੰਦੋਲਨ ’ਚ ਅਰਵਿੰਦ ਕੇਜਰੀਵਾਲ ਨੂੰ ਪਹਿਲੀ ਵਾਰ ਵੇਖਿਆ ਗਿਆ ਸੀ। ਉਸ ਵੇਲੇ ਉਨ੍ਹਾਂ ਦਾਅਵੇ ਕੀਤੇ ਸਨ ਕਿ ਸਿਆਸਤ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਆਪਣੀ ਵੈਗਨ-ਆਰ ਕਾਰ ਅਤੇ ਮਫਲਰ ਨੂੰ ਲੈ ਕੇ ਉਹ ਉਸ ਵੇਲੇ ਚਰਚਾ ਵਿਚ ਆਏ ਸਨ, ਜਿਸ ਨਾਲ ਲੋਕਾਂ ਨੂੰ ਲੱਗਾ ਸੀ ਕਿ ਦੇਸ਼ ਦੀ ਸਿਆਸਤ ’ਚ ਵੱਡਾ ਬਦਲਾਅ ਆਏਗਾ ਪਰ ਅੱਜ ਹਾਲਤ ਸਭ ਦੇ ਸਾਹਮਣੇ ਹੈ। ਕੇਜਰੀਵਾਲ ਨੇ ਦੇਸ਼ ਦੀ ਸਿਆਸਤ ਦਾ ਜਿੰਨਾ ਨੁਕਸਾਨ ਕੀਤਾ ਹੈ, ਓਨਾ ਕਦੇ ਕਿਸੇ ਨੇ ਨਹੀਂ ਕੀਤਾ। ਰਿਓੜੀਆਂ ਵੰਡਣ ਦੀ ਰਵਾਇਤ ਦੇ ਨਾਲ ਸਿਆਸਤ ਕਰਨ ਦੀ ਉਨ੍ਹਾਂ ਦੀ ਜੋ ਸੋਚ ਹੈ, ਉਸ ਨਾਲ ਨੁਕਸਾਨ ਹੋ ਰਿਹਾ ਹੈ। ਪੰਜਾਬ ’ਚ 13 ਮਹੀਨਿਆਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦਾ ਹਾਲ ਬੇਹਾਲ ਕਰ ਦਿੱਤਾ ਹੈ। ਦਿੱਲੀ ਵਿਚ ਵੀ ਕੇਜਰੀਵਾਲ ਨੇ ਜੋ ਦਾਅਵੇ ਕੀਤੇ, ਉਹ ਖੋਖਲੇ ਸਾਬਤ ਹੋਏ ਹਨ। ਮੁਹੱਲਾ ਕਲੀਨਿਕ ਠੱਪ ਹੋ ਗਏ ਹਨ, ਖਾਸ ਤੌਰ ’ਤੇ ਕੋਰੋਨਾ ਕਾਲ ’ਚ ਮੁਹੱਲਾ ਕਲੀਨਿਕਾਂ ਦੀ ਹਵਾ ਨਿਕਲ ਗਈ ਸੀ। ਕੇਜਰੀਵਾਲ ਦੇ 2 ਨਜ਼ਦੀਕੀ ਮੰਤਰੀ ਸਤੇਂਦਰ ਜੈਨ ਤੇ ਮਨੀਸ਼ ਸਿਸੋਦੀਆ ਜੇਲ ਵਿਚ ਹਨ ਅਤੇ ਅਜੇ ਹੋਰ ਪਤਾ ਨਹੀਂ ਕਿੰਨੇ ਲੋਕ ਜੇਲ ਵਿਚ ਜਾਣਗੇ।
• ਪੰਜਾਬ ਸਰਕਾਰ ਦੇ 13 ਮਹੀਨਿਆਂ ਦੇ ਕਾਰਜਕਾਲ ਨੂੰ ਕਿਵੇਂ ਵੇਖਦੇ ਹੋ?
ਪੰਜਾਬ ’ਚ ਜੋ ਵਾਅਦੇ ਕਰ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਸੀ, ਉਹ ਵਾਅਦੇ ਪੂਰੇ ਨਹੀਂ ਹੋ ਰਹੇ। ਕੇਜਰੀਵਾਲ ਦੇ ਕੰਮ ਕਰਨ ਦੇ ਤੌਰ-ਤਰੀਕਿਆਂ ਨੇ ਸੂਬੇ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਅੱਜ ਹੀ ਜਲੰਧਰ ’ਚ 2 ਤੋਂ 3 ਧਰਨੇ ਲੱਗੇ ਹੋਏ ਸਨ, ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਖਿਲਾਫ ਵਿਖਾਵਾ ਕੀਤਾ ਜਾ ਰਿਹਾ ਸੀ। ਅਸਲ ’ਚ ਕੇਜਰੀਵਾਲ ਦੀ ਪਾਰਟੀ ਨਾਲ ਸਮੱਸਿਆ ਇਹ ਹੈ ਕਿ ਇਨ੍ਹਾਂ ਨੂੰ ਬੁਨਿਆਦੀ ਆਰਥਿਕ ਪ੍ਰਬੰਧਨ ਦਾ ਤਜਰਬਾ ਨਹੀਂ ਹੈ, ਜੋ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ। ਪੰਜਾਬ ਦਾ ਉਦਯੋਗ ਸੂਬੇ ਤੋਂ ਬਾਹਰ ਜਾ ਰਿਹਾ ਹੈ। ਜੇ ਉਦਯੋਗ ਹੀ ਸੂਬੇ ’ਚ ਨਹੀਂ ਰਹਿਣਗੇ ਤਾਂ ਫਿਰ ਸੂਬੇ ਦੇ ਆਰਥਿਕ ਹਾਲਾਤ ਕਿਵੇਂ ਠੀਕ ਹੋਣਗੇ?
• ਕੇਂਦਰ ਦੇ ਸਹਿਯੋਗ ਤੋਂ ਬਿਨਾਂ ਕਿਵੇਂ ਚੱਲੇਗਾ ਪੰਜਾਬ?
ਪੰਜਾਬ ਨੂੰ ਕੇਂਦਰ ਵੱਲੋਂ ਕੋਈ ਰੋਕ-ਟੋਕ ਨਹੀਂ ਹੈ। ਸੂਬੇ ਵੱਲੋਂ ਜਿਹੜੀਆਂ ਵੀ ਯੋਜਨਾਵਾਂ ਹੋਣਗੀਆਂ, ਪੂਰੀਆਂ ਕਰਨ ਲਈ ਕੇਂਦਰ ਸਹਿਯੋਗ ਦੇਵੇਗਾ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਲਈ ਕੋਈ ਚੰਗਾ ਪ੍ਰਸਤਾਵ ਕੇਂਦਰ ਨੂੰ ਬਣਾ ਕੇ ਨਹੀਂ ਭੇਜਿਆ ਗਿਆ, ਜਿਸ ਨਾਲ ਪੰਜਾਬ ਵਾਸੀਆਂ ਦਾ ਭਲਾ ਹੋ ਸਕੇ। ਜਦੋਂ ਤਕ ਕੇਂਦਰ ਨੂੰ ਸਹੀ ਪ੍ਰਸਤਾਵ ਨਹੀਂ ਭੇਜਿਆ ਜਾਂਦਾ, ਪੰਜਾਬ ’ਚ ਪ੍ਰਾਜੈਕਟ ਕਿਵੇਂ ਲੱਗਣਗੇ? ਜੇ ਕੇਂਦਰ ਕੋਲ ਕੋਈ ਵੀ ਚੰਗਾ ਪ੍ਰਸਤਾਵ ਆਏਗਾ ਤਾਂ ਉਸ ਨੂੰ ਯੋਜਨਾ ਅਨੁਸਾਰ ਲਾਗੂ ਕਰਵਾਉਣ ਲਈ ਆਪਣੇ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਂਝ ਵੀ ਕੇਂਦਰ ਦੀਆਂ ਯੋਜਨਾਵਾਂ ਨੂੰ ਸਹੀ ਢੰਗ ਨਾਲ ਪੰਜਾਬ ’ਚ ਲਾਗੂ ਕਰਨ ’ਚ ਸੂਬਾ ਸਰਕਾਰ ਨੇ ਪੂਰੀ ਢਿੱਲ ਵਰਤੀ ਹੈ। ਪੰਜਾਬ ’ਚ ਤਾਂ ਸਮਾਰਟ ਸਿਟੀ ਪ੍ਰਾਜੈਕਟ ਵਿਚ ਵੀ ਸਹੀ ਢੰਗ ਨਾਲ ਕੰਮ ਨਹੀਂ ਹੋ ਰਿਹਾ ਕਿਉਂਕਿ ਸਰਕਾਰ ਦਾ ਇਸ ਪਾਸੇ ਧਿਆਨ ਹੀ ਨਹੀਂ ਹੈ। ਸਿਰਫ ਆਮ ਆਦਮੀ ਪਾਰਟੀ ਹੀ ਨਹੀਂ, ਕਾਂਗਰਸ ਦਾ ਵੀ ਇਹੀ ਹਾਲ ਰਿਹਾ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪੰਜਾਬ ਲਈ ਕਦੇ ਵੀ ਕੇਂਦਰ ਤਕ ਪਹੁੰਚ ਨਹੀਂ ਕੀਤੀ।
•ਕੀ ਭਾਜਪਾ ਕੋਲ ਪੰਜਾਬ ਲਈ ਕੋਈ ਬਲੂ ਪ੍ਰਿੰਟ ਹੈ?
ਹੁਣੇ ਜਿਹੇ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਪੰਜਾਬ ਵਾਸੀਆਂ ਲਈ ਜੋ ਬਲੂ ਪ੍ਰਿੰਟ ਬਣਾਇਆ ਸੀ, ਉਸ ਨੂੰ ਜਾਰੀ ਕੀਤਾ ਗਿਆ ਸੀ। ਲੋਕਾਂ ਨੂੰ ਸੂਬੇ ’ਚ ਰਿਓੜੀਆਂ ਵੰਡਣ ਦੀ ਜਗ੍ਹਾ ਠੋਸ ਕੰਮ ਦਿੱਤਾ ਜਾਣਾ ਜ਼ਰੂਰੀ ਹੈ। ਉਦਾਹਰਣ ਵਜੋਂ ਖੇਤੀਬਾੜੀ ਸੈਕਟਰ ਨੂੰ ਬੂਸਟ ਕੀਤਾ ਜਾਣਾ ਇਸ ਵੇਲੇ ਪੰਜਾਬ ’ਚ ਜ਼ਰੂਰੀ ਹੈ। ਇਸ ਤੋਂ ਇਲਾਵਾ ਵਪਾਰੀਆਂ ਨੂੰ ਸੁਰੱਖਿਅਤ ਮਾਹੌਲ ਦੇਣਾ ਅਤੇ ਉਨ੍ਹਾਂ ਲਈ ਯੋਜਨਾਵਾਂ ਬਣਾਉਣਾ ਬਹੁਤ ਜ਼ਰੂਰੀ ਹੈ। ਉਂਝ ਇਹ ਦੁੱਖ ਦੀ ਗੱਲ ਹੈ ਕਿ ਹੁਣ ਤਕ ਪੰਜਾਬ ਦੇ ਵਪਾਰੀਆਂ ਨੂੰ ਧਮਕੀ ਭਰੇ ਫੋਨ ਹੀ ਆ ਰਹੇ ਹਨ ਜਾਂ ਉਨ੍ਹਾਂ ਕੋਲੋਂ ਵਸੂਲੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੰਡੀ ਖੇਤਰ ਦਾ ਵਿਕਾਸ ਹੋਣਾ ਵੀ ਜ਼ਰੂਰੀ ਹੈ। ਇਨ੍ਹਾਂ ਸਭ ਗੱਲਾਂ ਨੂੰ ਲੈ ਕੇ ਭਾਜਪਾ ਨੇ ਇਕ ਬਲੂ ਪ੍ਰਿੰਟ ਤਿਆਰ ਕੀਤਾ ਹੈ ਅਤੇ ਪਾਰਟੀ ਇਸ ’ਤੇ ਕੰਮ ਵੀ ਕਰਨਾ ਚਾਹੁੰਦੀ ਹੈ ਪਰ ਇਹ ਤਾਂ ਹੀ ਸੰਭਵ ਹੋ ਸਕੇਗਾ ਜਦੋਂ ਪੰਜਾਬ ’ਚ ਭਾਜਪਾ ਦੀ ਸਰਕਾਰ ਆਏਗੀ। ਕੇਂਦਰ ਤੇ ਸੂਬੇ ਦੀ ਡਬਲ ਇੰਜਣ ਸਰਕਾਰ ਜਦੋਂ ਮਿਲ ਕੇ ਕੰਮ ਕਰੇਗੀ ਤਾਂ ਸੂਬੇ ਦੇ ਵਿਕਾਸ ਨੂੰ ਕੋਈ ਨਹੀਂ ਰੋਕ ਸਕੇਗਾ।
•ਭਾਜਪਾ-ਅਕਾਲੀ ਦਲ ਗਠਜੋੜ ਸਬੰਧੀ ਕੀ ਯੋਜਨਾ ਹੈ?
ਹੁਣ ਤਕ ਅਜਿਹਾ ਕੋਈ ਪਲਾਨ ਨਹੀਂ ਹੈ ਅਤੇ ਨਾ ਹੀ ਇਸ ਦੀ ਕੋਈ ਚਰਚਾ ਹੋ ਰਹੀ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਬਾਅਦ ਪ੍ਰਧਾਨ ਮੰਤਰੀ ਤੇ ਹੋਰ ਭਾਜਪਾ ਨੇਤਾਵਾਂ ਨੇ ਬਾਦਲ ਪਰਿਵਾਰ ਨਾਲ ਜੋ ਹਮਦਰਦੀ ਜ਼ਾਹਿਰ ਕੀਤੀ ਹੈ, ਉਹ ਮਨੁੱਖੀ ਪੱਧਰ ’ਤੇ ਇਕ ਨਿੱਜੀ ਭਾਵਨਾ ਹੈ। ਇਸ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਿਆਸੀ ਤੌਰ ’ਤੇ ਦੋਵੇਂ ਪਾਰਟੀਆਂ ਵੱਖ-ਵੱਖ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਲ ’ਚ ਬਾਦਲ ਸਾਹਿਬ ਲਈ ਸਨਮਾਨ ਹੈ। ਇਸੇ ਸਨਮਾਨ ਨੂੰ ਲੈ ਕੇ ਉਹ ਉਨ੍ਹਾਂ ਦੇ ਦਿਹਾਂਤ ’ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਆਏ ਅਤੇ ਉਸੇ ਭਾਵਨਾ ’ਚ ਉਨ੍ਹਾਂ ਬਾਦਲ ਸਾਹਿਬ ’ਤੇ ਆਰਟੀਕਲ ਵੀ ਲਿਖਿਆ। ਇਸ ਵਿਚ ਕਿਤੇ ਵੀ ਦੋਵਾਂ ਪਾਰਟੀਆਂ ਦੇ ਇਕੱਠੇ ਹੋਣ ਦੀ ਕੋਈ ਦਲੀਲ ਨਹੀਂ ਹੈ।
•ਅਕਾਲੀ ਦਲ ਕਾਰਨ ਕੀ ਭਾਜਪਾ ਨੂੰ ਕੋਈ ਨੁਕਸਾਨ ਹੋਇਆ?
ਜਦੋਂ ਭਾਜਪਾ ਅਕਾਲੀ ਦਲ ਦੇ ਨਾਲ ਮਿਲ ਕੇ ਸਰਕਾਰ ਚਲਾਉਂਦੀ ਸੀ ਤਾਂ ਉਸ ਵੇਲੇ ਭਾਜਪਾ ਨੂੰ 117 ਵਿਚੋਂ 23 ਸੀਟਾਂ ਦਿੱਤੀਆਂ ਜਾਂਦੀਆਂ ਸਨ। ਪਿੰਡਾਂ ਵਿਚ ਤਾਂ ਭਾਜਪਾ ਕਿਤੇ ਸੀ ਹੀ ਨਹੀਂ ਅਤੇ ਨਾ ਹੀ ਕਦੇ ਅਕਾਲੀ ਦਲ ਨੇ ਸਾਨੂੰ ਪਿੰਡਾਂ ਵਿਚ ਖੜ੍ਹੇ ਹੋਣ ਦਿੱਤਾ। ਕਹਿ ਸਕਦੇ ਹਾਂ ਕਿ ਅਕਾਲੀ ਦਲ ਨਾਲ ਗਠਜੋੜ ਕਾਰਨ ਨੁਕਸਾਨ ਹੋਇਆ। ਉਸ ਵੇਲੇ ਦੇ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਅੱਜ ਸਾਡੇ ਵਿਚਕਾਰ ਨਹੀਂ ਹਨ, ਉਹ ਇਕ ਵੱਡੇ ਨੇਤਾ ਸਨ ਪਰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਕਾਰਨ ਭਾਜਪਾ ਨੂੰ ਨੁਕਸਾਨ ਪਹੁੰਚਿਆ ਹੈ। ਹੁਣ ਉਹ ਦੌਰ ਬੀਤ ਚੁੱਕਾ ਹੈ। ਭਾਜਪਾ ਪੰਜਾਬ ’ਚ ਜਲਦ ਹੀ ਮਜ਼ਬੂਤ ਹੋ ਕੇ ਅੱਗੇ ਆਏਗੀ। 2024 ਲਈ ਪਾਰਟੀ ਤਿਆਰੀ ਕਰ ਰਹੀ ਹੈ ਅਤੇ 2027 ਦੀਆਂ ਚੋਣਾਂ ਵਿਚ ਉਹ ਪੰਜਾਬ ਵਿਚ ਪ੍ਰਮੁੱਖ ਪਾਰਟੀ ਵਜੋਂ ਸਾਹਮਣੇ ਆਏਗੀ।
•ਜਲੰਧਰ ਲੋਕ ਸਭਾ ਉਪ-ਚੋਣ ’ਚ ਭਾਜਪਾ ਕਿੱਥੇ ਖੜ੍ਹੀ ਹੈ?
ਪਿਛਲੇ ਸਮੇਂ ’ਚ ਲੋਕਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਜ਼ਮਾਇਆ ਹੈ। 13 ਮਹੀਨੇ ਪਹਿਲਾਂ ਹੀ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਇਸ ਸਰਕਾਰ ਦੇ ਦੌਰ ’ਚ ਜੋ ਪੰਜਾਬ ਦਾ ਹਾਲ ਹੈ, ਉਹ ਸਭ ਦੇ ਸਾਹਮਣੇ ਹੈ। ਉਂਝ ਤਾਂ 13 ਮਹੀਨਿਆਂ ਤੋਂ ਪਹਿਲਾਂ ਵੀ ਕਾਂਗਰਸ ਦੇ ਰਾਜ ’ਚ ਪੰਜਾਬ ਦੀ ਹਾਲਤ ਖਰਾਬ ਸੀ ਪਰ ਇਨ੍ਹਾਂ 13 ਮਹੀਨਿਆਂ ਵਿਚ ਸੂਬੇ ਦੀ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉੱਡ ਗਈਆਂ ਹਨ। ਟਾਰਗੈੱਟ ਕਿਲਿੰਗ ਹੋ ਰਹੀਆਂ ਹਨ, ਲੋਕਾਂ ਕੋਲੋਂ ਰੰਗਦਾਰੀ ਵਸੂਲੀ ਜਾ ਰਹੀ ਹੈ ਪਰ ਸੂਬੇ ਦੀ ਸਰਕਾਰ ਕੋਈ ਕਦਮ ਨਹੀਂ ਚੁੱਕ ਰਹੀ, ਜਿਸ ਨਾਲ ਕਾਨੂੰਨ ਵਿਵਸਥਾ ਠੀਕ ਹੋ ਸਕੇ। ਪਾਰਟੀ ਦੇ ਨੇਤਾ ਆਪਣੀ ਹੀ ਸਿਆਸਤ ਵਿਚ ਲੱਗੇ ਹੋਏ ਹਨ, ਲੋਕਾਂ ਦੇ ਕੋਈ ਕੰਮ ਨਹੀਂ ਹੋ ਰਹੇ, ਜਿਸ ਨਾਲ ਇਹ ਗੱਲ ਕਹਿਣ ਤੋਂ ਗੁਰੇਜ਼ ਨਹੀਂ ਹੋਵੇਗਾ ਕਿ 13 ਮਹੀਨਿਆਂ ਵਿਚ ਹੀ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਫਲਾਪ ਸਾਬਤ ਹੋਈ ਹੈ। ਜਿੱਥੋਂ ਤਕ ਜਲੰਧਰ ’ਚ ਭਾਜਪਾ ਦੀ ਸਥਿਤੀ ਦੀ ਗੱਲ ਹੈ ਤਾਂ ਅਗਲੇ 2-3 ਦਿਨਾਂ ਵਿਚ ਭਾਜਪਾ ਤੇਜ਼ੀ ਨਾਲ ਨਿਖਰੇਗੀ ਅਤੇ ਲੋਕਾਂ ਦੇ ਦਿਲੋ-ਦਿਮਾਗ ’ਤੇ ਛਾ ਜਾਵੇਗੀ।
•ਕੀ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਵਿਰੋਧੀ ਧਿਰਾਂ ਨਿਸ਼ਾਨਾ ਲਾ ਰਹੀਆਂ ਹਨ?
ਕਿਸੇ ਵੀ ਦੇਸ਼ ਜਾਂ ਸੂਬੇ ਨੂੰ ਮੁੱਖ ਮਾਲੀਆ ਸ਼ਰਾਬ, ਪੈਟਰੋਲ ਤੇ ਡੀਜ਼ਲ ਦੀ ਵਿਕਰੀ ਤੋਂ ਹੀ ਹਾਸਲ ਹੁੰਦਾ ਹੈ। ਕੇਂਦਰ ਸਰਕਾਰ ਨੇ ਨਵੰਬਰ 2021 ਤੇ ਮਈ 2022 ’ਚ ਐਕਸਾਈਜ਼ ਡਿਊਟੀ ਵਿਚ ਕਟੌਤੀ ਕੀਤੀ ਸੀ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਤੋਂ ਇਲਾਵਾ ਪਾਈਪ ਲਾਈਨ ਗੈਸ ਸਿਸਟਮ ਵਿਚ ਵੀ ਲੋਕਾਂ ਨੂੰ ਰਾਹਤ ਮਿਲੀ ਹੈ ਅਤੇ ਪੈਟਰੋਲੀਅਮ ਕੰਪਨੀਆਂ ਨੇ ਕੀਮਤਾਂ ਘਟਾਈਆਂ ਹਨ। ਅੱਜ ਹੀ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿਚ 171.90 ਰੁਪਏ ਦੀ ਕਮੀ ਆਈ ਹੈ। ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਸਮੇਂ-ਸਮੇਂ ’ਤੇ ਰਾਹਤ ਦੇਣ ਦੀਆਂ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਹਨ।
•ਪੰਜਾਬ ’ਚ ਜ਼ਿਆਦਾਤਰ ਏਅਰਪੋਰਟ ਬੰਦ ਹਨ, ਤੁਸੀਂ ਕੀ ਕਹੋਗੇ?
ਜਦੋਂ ਮੈਂ ਸ਼ਹਿਰੀ ਹਵਾਬਾਜ਼ੀ ਮੰਤਰੀ ਸੀ ਤਾਂ ਮੈਂ ਪੰਜਾਬ ’ਚ ਜਹਾਜ਼ ਸੇਵਾ ਸਬੰਧੀ ਪਹਿਲ ਕੀਤੀ ਸੀ। ਜਲੰਧਰ, ਬਠਿੰਡਾ, ਲੁਧਿਆਣਾ ਆਦਿ ’ਚ ਏਅਰਪੋਰਟ ਬਣੇ ਹੋਏ ਹਨ ਪਰ ਇੱਥੇ ਕੋਰੋਨਾ ਵੇਲੇ ਚੱਲਣ ਵਾਲੀਆਂ ਘਰੇਲੂ ਜਹਾਜ਼ ਸੇਵਾਵਾਂ ਬੰਦ ਕਰਨੀਆਂ ਪਈਆਂ ਕਿਉਂਕਿ ਟਰੈਫਿਕ ਨਹੀਂ ਮਿਲ ਰਿਹਾ ਸੀ। ਹੁਣ ਜਦੋਂ ਸਥਿਤੀ ਆਮ ਹੈ ਤਾਂ ਇਸ ਵੇਲੇ ਜ਼ਿਆਦਾਤਰ ਜਹਾਜ਼ ਕੰਪਨੀਆਂ ਨਿੱਜੀ ਸੇਵਾਵਾਂ ਦੇ ਰਹੀਆਂ ਹਨ। ਉਨ੍ਹਾਂ ਵੱਲੋਂ ਟਰੈਫਿਕ ਨੂੰ ਪਹਿਲ ਦਿੱਤੀ ਜਾਂਦੀ ਹੈ। ਉਂਝ ਵੀ ਪੰਜਾਬ ’ਚ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਚੱਲ ਰਿਹਾ ਹੈ। ਦੂਜੇ ਪਾਸੇ ਚੰਡੀਗੜ੍ਹ ਤੋਂ ਵੀ ਜਹਾਜ਼ ਸੇਵਾਵਾਂ ਮੁਹੱਈਆ ਹਨ। ਜਲੰਧਰ ਤੇ ਲੁਧਿਆਣਾ ਵਰਗੇ ਜ਼ਿਲਿਆਂ ਲਈ ਇਹ ਦੋਵੇਂ ਏਅਰਪੋਰਟ ਕੁਝ ਹੀ ਘੰਟਿਆਂ ਦੀ ਦੂਰੀ ’ਤੇ ਹਨ। ਅਜਿਹੀ ਹਾਲਤ ’ਚ ਵੱਖ-ਵੱਖ ਏਅਰਪੋਰਟ ਸਥਾਪਤ ਕਰਨਾ ਇੰਨਾ ਸੌਖਾ ਨਹੀਂ ਰਹਿ ਜਾਂਦਾ ਕਿਉਂਕਿ ਜਹਾਜ਼ ਕੰਪਨੀਆਂ ਯਾਤਰੀਆਂ ਦੀ ਆਵਾਜਾਈ ’ਤੇ ਨਿਰਭਰ ਕਰਦੀਆਂ ਹਨ।
•ਨੌਕਰੀ ਛੱਡ ਕੇ ਸਿਆਸਤ ’ਚ ਕਿਵੇਂ ਆ ਗਏ?
ਮੈਂ ਨੌਕਰੀ ਛੱਡ ਕੇ ਸਿਆਸਤ ਵਿਚ ਨਹੀਂ ਆਇਆ, ਸਗੋਂ ਸਿਆਸਤ ਛੱਡ ਕੇ ਨੌਕਰੀ ’ਚ ਗਿਆ ਸੀ। ਬਚਪਨ ਤੋਂ ਮੈਨੂੰ ਸਿਆਸਤ ਚੰਗੀ ਲੱਗਦੀ ਸੀ। ਦਿੱਲੀ ਯੂਨੀਵਰਸਿਟੀ ’ਚ ਪੜ੍ਹਾਈ ਦੌਰਾਨ ਮੈਂ ਵਿਦਿਆਰਥੀ ਪ੍ਰੀਸ਼ਦ ’ਚ ਖੂਬ ਕੰਮ ਕੀਤਾ, ਉਸ ਤੋਂ ਬਾਅਦ ਨੌਕਰੀ ਲੱਗ ਗਈ ਤਾਂ ਮੈਂ ਉੱਥੇ ਰੁੱਝ ਗਿਆ। ਨੌਕਰੀ ਤੋਂ ਰਿਟਾਇਰ ਹੋਣ ਪਿੱਛੋਂ ਭਾਜਪਾ ਜੁਆਇਨ ਕਰ ਲਈ। ਮੇਰੀ ਪਤਨੀ ਲਕਸ਼ਮੀ ਪੁਰੀ ਨੇ ਵੀ ਮੇਰੇ ਨਾਲ ਹੀ ਵਿਦੇਸ਼ ਮੰਤਰਾਲਾ ’ਚ ਨੌਕਰੀ ਜੁਆਇਨ ਕੀਤੀ ਸੀ। ਉਹ ਉਸ ਤੋਂ ਬਾਅਦ ਯੂ. ਐੱਨ. ’ਚ ਵੀ ਰਹੀ ਜਿੱਥੇ ਉਹ ਅਸਿਸਟੈਂਟ ਸੈਕ੍ਰੇਟਰੀ ਜਨਰਲ ਸੀ। ਮੇਰੇ ਭਾਜਪਾ ’ਚ ਮੰਤਰੀ ਬਣਨ ਪਿੱਛੋਂ 2017 ’ਚ ਉਨ੍ਹਾਂ ਨੌਕਰੀ ਛੱਡ ਦਿੱਤੀ।