ਕੇਜਰੀਵਾਲ ਵੱਲੋਂ 'ਪੰਜਾਬੀ' ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ 'ਤੇ ਅਕਾਲੀ ਦਲ ਨੇ ਭਗਵੰਤ ਮਾਨ ਨੂੰ ਦਿੱਤੀ ਚੁਣੌਤੀ
Thursday, Feb 03, 2022 - 10:40 AM (IST)
ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਦੋਸ਼ ਲਗਾਇਆ ਕਿ ਉਹ ਜਾਣ-ਬੁੱਝ ਕੇ ਪੰਥਕ ਸੱਭਿਆਚਾਰ, ਕਦਰਾਂ-ਕੀਮਤਾਂ ਅਤੇ ਪੰਜਾਬੀ ਭਾਸ਼ਾ ਨੂੰ ਅਣਡਿੱਠ ਕਰਕੇ ਤੇ ਦਿੱਲੀ ਸਰਕਾਰ ਵਲੋਂ ਵਿਤਕਰਾ ਕਰ ਕੇ ਇਸ ਦਾ ਅਪਮਾਨ ਕਰ ਰਹੇ ਹਨ। ਚੰਡੀਗੜ੍ਹ ਵਿਚ ਪਾਰਟੀ ਦੇ ਮੁੱਖ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਕੇਜਰੀਵਾਲ ਵਲੋਂ ਪੰਜਾਬੀ ਭਾਸ਼ਾ ਤੇ ਸਿੱਖ ਸੱਭਿਆਚਾਰ ਨਾਲ ਕੀਤੇ ਜਾ ਰਹੇ ਵਿਤਕਰੇ ਬਾਰੇ ਲਾਈਵ ਬਹਿਸ ਕਰਨ।
ਉਨ੍ਹਾਂ ਕਿਹਾ ਕਿ ਮੈਂ ਇਸ ਲਈ ਤੁਹਾਡੇ ਦੱਸੇ ਸਮੇਂ ਤੇ ਸਥਾਨ ਅਤੇ ਤੁਹਾਡੀ ਪਸੰਦ ਦੇ ਲੋਕਾਂ ਦੀ ਹਾਜ਼ਰੀ ਵਿਚ ਬਹਿਸ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਕੇਜਰੀਵਾਲ ਨਾਲ ਕੋਈ ਸ਼ਿਕਵਾ ਨਹੀਂ ਹੈ ਕਿਉਂਕਿ ਉਹ ਗੈਰ ਪੰਜਾਬੀ ਹਨ ਅਤੇ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਹਰ ਚੀਜ਼ ਨਾਲ ਨਫ਼ਰਤ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੇਰਾ ਸ਼ਿਕਵਾ ਤੁਹਾਡੇ ’ਤੇ ਹੈ ਕਿ ਤੁਸੀਂ ਆਪਣੀ ਮਾਂ ਬੋਲੀ ਨਾਲ ਹੋ ਰਹੇ ਵਿਤਕਰੇ ਬਾਰੇ ਚੁੱਪ ਕਿਉਂ ਹੋ ਜਦੋਂ ਕਿ ਮਾਂ ਬੋਲੀ ਨੇ ਹੀ ਇਕ ਕਲਾਕਾਰ ਵੱਜੋਂ ਤੁਹਾਨੂੰ ਸਭ ਕੁੱਝ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਦੀ ਭਾਸ਼ਾ ਤੇ ਸੱਭਿਆਚਾਰ ਦੇ ਅਪਮਾਨ ’ਤੇ ਤੁਹਾਡੀ ਚੁੱਪੀ ਗੁਰਮੁਖੀ ਦੀ ਪਿੱਠ ਵਿਚ ਅਤੇ ਇਸ ਦੀ ਪ੍ਰਤੀਕ ਹਰ ਸ਼ੈਅ ਦੀ ਪਿੱਠ ਵਿਚ ਛੁਰਾ ਮਾਰਨ ਵਾਲੀ ਗੱਲ ਹੈ।
ਬੈਂਸ ਨੇ ਦੋਸ਼ ਲਾਇਆ ਕਿ ਦਿੱਲੀ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਦਿੱਲੀ ਸਿੱਖਿਆ ਬੋਰਡ ਦੀ ਵਿਸ਼ਾ ਸੂਚੀ ਵਿਚੋਂ ਬਾਹਰ ਕਰ ਦਿੱਤਾ ਹੈ ਤੇ ਕੇਜਰੀਵਾਲ ਨੇ ਜਾਣ-ਬੁੱਝ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਪ੍ਰਚਲਿਤ ਗਤਕਾ ਮਾਰਸ਼ਲ ਆਰਟ ਨੂੰ ਪ੍ਰੋਫੈਸ਼ਨਲ ਮੈਡੀਕਲ, ਇੰਜੀਨੀਅਰਿੰਗ, ਆਈ. ਟੀ. ਤੇ ਹੋਰ ਕੋਰਸਾਂ ਦੇ ਨਾਲ ਦਿੱਲੀ ਵਿਚ ਸਰਕਾਰੀ ਨੌਕਰੀਆਂ ਵਾਸਤੇ ਸਪੋਰਟਸ ਕੋਟੇ ਵਿਚ ਦਾਖਲੇ ਲਈ ਇਕ ਖੇਡ ਵੱਜੋਂ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਇਕ ਗੈਰ ਸਾਹਿਤਕ ਜੂਨੀਅਰ ਸਰਕਾਰੀ ਅਫ਼ਸਰ ਨੂੰ ਦਿੱਲੀ ਵਿਚ ਪੰਜਾਬੀ ਅਕਾਦਮੀ ਦਾ ਚੇਅਰਮੈਨ ਨਿਯੁਕਤ ਕਰ ਕੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਅਕਾਦਮੀ ਦੇ ਨਵੇਂ ਚੇਅਰਮੈਨ ਨੂੰ ਤਾਂ ਪੰਜਾਬੀ ਭਾਸ਼ਾ ਵੀ ਨਹੀਂ ਆਉਂਦੀ, ਉਸ ਦੇ ਲੇਖਕ ਹੋਣ ਦੀ ਤਾਂ ਗੱਲ ਹੀ ਛੱਡੋ। ਉਨ੍ਹਾਂ ਕਿਹਾ ਕਿ ਇਹ ਅਹੁਦਾ ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਸੁਰਜੀਤ ਪਾਤਰ, ਪ੍ਰੋਫੈਸਰ ਮੋਹਨ ਸਿੰਘ ਅਤੇ ਇਨ੍ਹਾਂ ਵਰਗੀਆਂ ਹੋਰ ਸ਼ਖਸੀਅਤਾਂ ਲਈ ਹੈ ਪਰ ਇਹ ਅਹੁਦਾ ਉਸ ਨੂੰ ਦੇ ਦਿੱਤਾ ਗਿਆ, ਜਿਸ ਨੂੰ ਪੰਜਾਬੀ ਲਿਖਣੀ ਵੀ ਨਹੀਂ ਆਉਂਦੀ। ਅਕਾਲੀ ਬੁਲਾਰੇ ਨੇ ਹੋਰ ਕਿਹਾ ਕਿ ਭਗਵੰਤ ਮਾਨ ਨੂੰ ਕੇਜਰੀਵਾਲ ਤੋਂ ਇਹ ਪੁੱਛਣ ਵਿਚ ਡਰ ਲੱਗਦਾ ਹੈ ਕਿ ਗੁਰੂ ਦੇ ਸੱਭਿਆਚਾਰ ਤੇ ਭਾਸ਼ਾ ਨੂੰ ਦਿੱਲੀ ਦੇ ਮੁੱਖ ਮੰਤਰੀ ਅਪਮਾਨਿਤ ਕਿਉਂ ਕਰ ਰਹੇ ਹਨ।