ਹਰਭਜਨ ਸਿੰਘ ਨੇ ਕੀਤਾ ਟਵੀਟ 'ਪਾਰਟੀ ਕਿੱਥੇ ਕਰਨੀ ਹੈ ਹੁਣ, ਨਹਿਰਾ ਜੀ?' ਲੋਕਾਂ ਨੇ ਕਿਹਾ-ਤੈਨੂੰ ਸ਼ਰਮ ਦਾ ਘਾਟਾ
Monday, May 30, 2022 - 11:09 AM (IST)
 
            
            ਮੁੰਬਈ - ਪੰਜਾਬੀ ਗਾਇਕ ਅਤੇ ਰੈਪਰ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦਾ ਪੰਜਾਬ ਦੇ ਮਾਨਸਾ 'ਚ ਐਤਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਕਾਰਨ ਪੂਰੇ ਪੰਜਾਬ ਵਿਚ ਗਮਗੀਨ ਮਾਹੌਲ ਬਣਿਆ ਹੋਇਆ ਹੈ। ਉਥੇ ਹੀ ਬੀਤੇ ਦਿਨ ਆਈ.ਪੀ.ਐੱਲ. 2022 ਦੇ ਫਾਈਨਲ ਵਿਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ। ਇਸ ਜਿੱਤ ਦੀ ਵਧਾਈ ਦੇਣ ਲਈ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਇਕ ਟਵੀਟ ਕੀਤਾ, ਜੋ ਲੋਕਾਂ ਨੂੰ ਪਸੰਦ ਨਾ ਆਇਆ। ਦਰਅਸਲ ਹਰਭਜਨ ਸਿੰਘ ਨੇ ਟਵੀਟ ਕਰਕੇ ਗੁਜਰਾਤ ਟਾਈਟਨਸ ਨੂੰ ਚੈਂਪੀਅਨ ਬਣਨ ਦੀ ਵਧਾਈ ਦਿੰਦੇ ਹੋਏ ਨੇਹਰਾ ਕੋਲੋਂ ਪਾਰਟੀ ਮੰਗੀ ਹੈ। ਉਨ੍ਹਾਂ ਲਿਖਿਆ, ਪਾਰਟੀ ਕਿੱਥੇ ਕਰਨੀ ਹੈ ਹੁਣ, ਨਹਿਰਾ ਜੀ? ਗਰਬੇ ਨਾਲ ਭੰਗੜਾ ਵੀ ਕਰਾਂਗੇ। ਦੱਸ ਦੇਈਏ ਕਿ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਗੁਜਰਾਤ ਟਾਈਟਨਸ ਦੇ ਹੈੱਡ ਕੋਚ ਹਨ।

ਜਿਵੇਂ ਹੀ ਲੋਕਾਂ ਦੀ ਨਜ਼ਰ ਇਸ ਟਵੀਟ 'ਤੇ ਪਈ ਤਾਂ ਹਰਭਜਨ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਕ ਟਵਿਟਰ ਯੂਜ਼ਰ ਨੇ ਲਿਖਿਆ, 'ਤੈਨੂੰ ਸ਼ਰਮ ਦਾ ਘਾਟਾ ..ਇੱਕ ਮਾਂ ਦਾ ਜਵਾਨ ਪੁੱਤ ਮਰ ਗਿਆ ਤੈਨੂੰ ਪਾਰਟੀ ਤੇ ਭੰਗੜੇ ਦੀ ਪਈ ਏ .. ਇਹੋ ਜਿਹੇ ਤੇਰੇ ਆਕਾ ਜਿਨ੍ਹਾਂ ਨੇ ਤੈਨੂੰ ਰਾਜਸਭਾ 'ਚ ਸਾਂਸਦ ਬਣਾ ਕੇ ਭੇਜਿਆ .. ਕੁਝ ਤਾਂ ਸ਼ਰਮ ਬਾਕੀ ਰੱਖਣੀ ਸੀ।'

ਇਕ ਦੂਜੇ ਯੂਜ਼ਰ ਨੇ ਲਿਖਿਆ, 'ਭਾਜੀ ਅੱਜ ਜਸ਼ਨ ਜਾਂ ਭੰਗੜੇ ਦਾ ਦਿਨ ਨਹੀਂ ਹੈ। ਅੱਜ ਪੰਜਾਬ ਨੇ ਆਪਣਾ ਪੁੱਤਰ ਸਿੱਧੂ ਮੂਸੇਵਾਲਾ ਗੁਆ ਦਿੱਤਾ ਹੈ। ਕਿਰਪਾ ਕਰਕੇ ਆਪਣੇ ਟਵੀਟ ਵਿੱਚ ਸੋਧ ਕਰੋ। ਆਪਣੀ ਪੱਗ ਦਾ ਲਿਹਾਜ ਕਰੋ ...ਜਸ਼ਨ ਉਡੀਕ ਸਕਦੇ ਹਨ, ਪਹਿਲਾਂ ਸਸਕਾਰ ਹੋਣ ਦਿਓ। ਪੰਗੜਾ ਫੇਰ ਪਾ ਲਿਓ।' ਇਸ ਤਰ੍ਹਾਂ ਕਈ ਯੂਜ਼ਰ ਇਸ 'ਤੇ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਦੱਸ ਦੇਈਏ ਕਿ ਪੰਜਾਬ ਦੇ ਮਾਨਸਾ 'ਚ ਐਤਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮਾਨਸਾ ਹਸਪਤਾਲ ਦੇ ਸਿਵਲ ਸਰਜਨ ਡਾ: ਰਣਜੀਤ ਰਾਏ ਨੇ ਦੱਸਿਆ ਕਿ ਜਦੋਂ ਮੂਸੇਵਾਲਾ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਉਨ੍ਹਾਂ ਦੀ ਮੌਤ ਹੋ ਚੁੱਕੀ ਹੋਈ ਸੀ। ਇਹ ਘਟਨਾ ਪੰਜਾਬ ਪੁਲਸ ਵੱਲੋਂ 424 ਹੋਰਾਂ ਸਮੇਤ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਤੋਂ 1 ਦਿਨ ਬਾਅਦ ਵਾਪਰੀ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            