ਸਾਂਸਦ ਬਣਦੇ ਹੀ ਹਰਭਜਨ ਸਿੰਘ ਨੇ ਪੰਜਾਬ ਤੋਂ ਬਣਾਈ ਦੂਰੀ, ਮੂਸੇਵਾਲਾ ਦੇ ਪਰਿਵਾਰ ਨਾਲ ਅਫ਼ਸੋਸ ਕਰਨ ਵੀ ਨਹੀਂ ਗਏ
Wednesday, Jun 22, 2022 - 07:07 PM (IST)
ਜਲੰਧਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਹਰਭਜਨ ਸਿੰਘ ਆਪਣੇ ਕਰੀਅਰ ਦੇ ਦੌਰਾਨ ਅਕਸਰ ਚਰਚਾ ਤੇ ਵਿਵਾਦਾਂ 'ਚ ਰਹੇ ਹਨ। ਕ੍ਰਿਕਟ ਤੋਂ ਸੰਨਿਆਸ ਲੈ ਕੇ ਰਾਜਨੀਤੀ 'ਚ ਆਏ ਹਰਭਜਨ ਸਿੰਘ ਭਾਵੇਂ ਸਾਂਸਦ ਬਣ ਚੁੱਕੇ ਹਨ ਪਰ ਪੰਜਾਬ ਦੇ ਸਾਰੇ ਗੰਭੀਰ ਮੁੱਦਿਆਂ 'ਤੇ ਉਨ੍ਹਾਂ ਦੇ ਸਰਗਰਮ ਨਾ ਹੋਣ ਕਾਰਨ ਜਨਤਾ ਉਨ੍ਹਾਂ ਤੋਂ ਕਾਫ਼ੀ ਨਿਰਾਸ਼ ਹੈ।
ਇਹ ਵੀ ਪੜ੍ਹੋ : 105 ਸਾਲਾ ਰਾਮਬਾਈ ਨੇ 100 ਮੀਟਰ ਦੌੜ 'ਚ ਜਿੱਤਿਆ ਸੋਨ ਤਗਮਾ, ਤੋੜਿਆ ਬੇਬੇ ਮਾਨ ਕੌਰ ਦਾ ਰਿਕਾਰਡ
29 ਮਈ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕਾਰਨ ਜਦੋਂ ਪੂਰਾ ਪੰਜਾਬ ਸੋਗ 'ਚ ਡੁੱਬਾ ਹੋਇਆ ਸੀ, ਉਦੋਂ ਹਰਭਜਨ ਨੇ ਆਈ. ਪੀ. ਐੱਲ. 'ਚ ਗੁਜਰਾਤ ਦੀ ਟੀਮ ਦੀ ਜਿੱਤ ਤੋਂ ਬਾਅਦ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਟੀਮ ਦੇ ਮੈਂਬਰ ਨਹਿਰਾ ਤੋਂ ਪਾਰਟੀ ਵੀ ਮੰਗੀ ਤੇ ਲਿਖਿਆ ਕਿ ਗਰਬਾ ਦੇ ਨਾਲ ਭੰਗੜਾ ਵੀ ਪਾਵਾਂਗੇ, ਜਿਸ ਤੋਂ ਪੰਜਾਬ ਦੇ ਨੌਜਵਾਨਾਂ ਨੇ ਉਸ ਨੂੰ ਖ਼ੂਬ ਟਰੋਲ ਕੀਤਾ ਤੇ ਅਜਿਹੇ ਗ਼ਮਗੀਨ ਮਾਹੌਲ 'ਚ ਪਾਰਟੀ ਕਰਨ ਦੇ ਟਵੀਟ ਕਾਰਨ ਉਸ ਦੀ ਖ਼ੂਬ ਆਲੋਚਨਾ ਵੀ ਕੀਤੀ। ਪੰਜਾਬ 'ਚ ਗੈਂਗਸਟਰਾਂ ਨੇ ਆਪਣੀਆਂ ਹਰਕਤਾਂ ਕਾਰਨ ਖ਼ੂਨ-ਖ਼ਰਾਬਾ ਕਰ ਦਿੱਤਾ ਹੋਵੇ ਜਾਂ ਉਨ੍ਹਾਂ ਦੀ ਰਿਹਾਇਸ਼ ਤੋਂ ਸਿਰਫ਼ 30 ਮਿੰਟ ਦੀ ਦੂਰੀ 'ਤੇ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਵਾਰਦਾਤ ਹੋਵੇ, ਹਰਭਜਨ ਸਿੰਘ ਸੋਗ ਪ੍ਰਗਟਾਉਣ ਤਕ ਨਹੀਂ ਗਏ।
'ਆਪ' ਨੇ 17 ਮਾਰਚ ਨੂੰ ਭੱਜੀ ਨੂੰ ਬਤੌਰ ਰਾਜ ਸਭਾ ਉਮੀਦਵਾਰ ਐਲਾਨਿਆ ਸੀ। ਜਦੋਂ ਹਰਭਜਨ ਨੂੰ ਬਤੌਰ ਰਾਜ ਸਭਾ ਮੈਂਬਰ ਬਣਾਇਆ ਗਿਆ ਤਾਂ ਸਾਂਸਦ ਬਣਨ ਤੋਂ ਬਾਅਦ ਹਰਭਜਨ ਨੇ ਟਵੀਟ ਕੀਤਾ ਸੀ ਕਿ ਉਹ ਆਪਣੀ ਸੈਲਰੀ ਕਿਸਾਨਾਂ ਦੀਆਂ ਧੀਆਂ ਦੀ ਪੜ੍ਹਾਈ ਲਈ ਦੇਣਗੇ, ਜਿਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਉਮੀਦ ਸੀ ਕਿ ਭੱਜੀ ਪੰਜਾਬ ਦੇ ਲੋਕਾਂ ਲਈ ਕੁਝ ਕਰ ਰਹੇ ਹਨ। ਭੱਜੀ ਨੇ ਟਵੀਟ ਕੀਤਾ ਸੀ ਕਿ ਬਤੌਰ ਰਾਜ ਸਭਾ ਮੈਂਬਰ ਮੈਂ ਕਿਸਾਨਾਂ ਦੀਆਂ ਧੀਆਂ ਦੀ ਪੜ੍ਹਾਈ ਤੇ ਸਮਾਜਿਕ ਕਾਰਜਾਂ ਲਈ ਆਪਣੀ ਸੈਲਰੀ ਦੇਣਾ ਚਾਹੁੰਦਾ ਹਾਂ। ਮੈਂ ਆਪਣੇ ਦੇਸ਼ ਲਈ ਯੋਗਦਾਨ ਦੇਣਾ ਚਾਹੁੰਦਾ ਹਾਂ ਤੇ ਉਹ ਸਭ ਕਰਾਂਗਾ, ਜੋ ਕਰ ਸਕਦਾ ਹਾਂ। ਇਸ ਤੋਂ ਬਾਅਦ ਭੱਜੀ ਦੀ ਖ਼ੂਬ ਸ਼ਲਾਘਾ ਹੋਈ ਸੀ ਪਰ ਉਦੋਂ ਤੋਂ ਉਹ ਲੋਕਾਂ ਦਰਮਿਆਨ ਨਹੀਂ ਪੁੱਜੇ। ਭੱਜੀ ਨੇ ਟਵੀਟ ਕਰਕੇ ਸਿੱਧੂ ਮੂਸੇਵਾਲਾ ਦੇ ਕਤਲ 'ਤੇ ਦੁਖ ਪ੍ਰਗਟਾਇਆ, ਪਰ ਪਰਿਵਾਰ ਦੇ ਕੋਲ ਜਾ ਕੇ ਸੋਗ ਪ੍ਰਗਟਾਉਣ ਨਹੀਂ ਗਏ।
ਇਹ ਵੀ ਪੜ੍ਹੋ : ਵਿੰਬਲਡਨ ਸਪੈਸ਼ਲ : ਭਾਰਤੀ ਸ਼ੈੱਫ ਨੇ ਲਾਇਆ ਸਟ੍ਰਾਬੇਰੀ ਨੂੰ ਦੇਸੀ ਤੜਕਾ, ਤਰੀ ਦੇ ਨਾਲ ਪ੍ਰੋਸਣਗੇ
ਇਸ ਦੌਰਾਨ ਪੰਜਾਬ 'ਚ ਅਕਸਰ ਕਈ ਸਨਸਨੀਖ਼ੇਜ਼ ਵਾਰਦਾਤ ਹੋ ਗਈਆਂ ਹਨ, ਜਿਸ 'ਚ ਮੋਹਾਲੀ 'ਚ ਖ਼ੂਫੀਆ ਵਿਭਾਗ ਦੇ ਦਫ਼ਤਰ 'ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ। ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ, ਇਸ ਤੋਂ ਇਲਾਵਾ ਕਈ ਕਤਲ ਹੋਏ, ਪਰ ਹਰਭਜਨ ਸਿੰਘ ਨੇ ਸੋਗ ਤਕ ਨਹੀਂ ਪ੍ਰਗਟਾਇਆ। ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਕੇਂਦਰੀ ਸ਼ਾਸਨ ਦੇ ਅਧੀਨ ਲਿਆਉਣ ਦਾ ਮਾਮਲਾ ਹੋਵੇ ਜਾਂ ਪੰਜਾਬ ਯੂਨਵਰਸਿਟੀ ਚੰਡੀਗੜ੍ਹ ਦਾ ਮੁੱਦਾ ਹੋਵੇ, ਭੱਜੀ ਨੇ ਟਵੀਟ ਤਕ ਨਹੀਂ ਕੀਤਾ। ਇਥੋਂ ਤਕ ਕਿ ਸੰਗਰੂਰ ਦੀ ਲੋਕ ਸਭਾ ਉਪ ਚੋਣ ਤੋਂ ਵੀ ਭੱਜੀ ਦੂਰੀ ਬਣਾਏ ਹੋਏ ਹਨ। ਹਾਲਾਂਕਿ ਦਿੱਲੀ ਦੇ ਸੀ. ਐੱਮ. ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਸੀ. ਐੱਮ. ਭਗਵੰਤ ਮਾਨ ਉਪ ਚੋਣ 'ਚ ਆਪ ਉਮੀਦਵਾਰ ਦੀ ਜਿੱਤ ਲਈ ਪੂਰਾ ਜ਼ੋਰ ਲਾ ਰਹੇ ਹਨ, ਪਰ ਹਰਭਜਨ ਸਿੰਘ ਕਿਤੇ ਨਜ਼ਰ ਨਹੀਂ ਆ ਰਹੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।