ਕਾਂਗਰਸ ਦੇ ਕਰਜ਼ਾ ਮੁਆਫੀ ਵਾਲੇ ਫੈਸਲੇ ਤੋਂ ਕਿਸਾਨ ਵਰਗ ਖੁਸ਼ : ਹਮੀਰਾ

06/23/2017 6:57:32 AM

ਕਪੂਰਥਲਾ, (ਮੱਲ੍ਹੀ)- ਕਾਂਗਰਸ ਪਾਰਟੀ ਢਿੱਲਵਾਂ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹਮੀਰਾ ਨੇ ਅੱਜ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਐਲਾਨ 'ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਕਰਜ਼ਾ ਮੁਆਫੀ ਵਾਲੇ ਫੈਸਲੇ ਤੋਂ ਕਿਸਾਨ ਵਰਗ ਖੁਸ਼ ਹੈ। 
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਆਪਣੇ ਬਜਟ ਸੈਸ਼ਨ ਦੌਰਾਨ ਹੀ ਪੰਜਾਬ ਦੇ ਦਰਿਆਈ ਪਾਣੀਆਂ 'ਤੇ ਆਪਣੇ ਸਖ਼ਤ ਸਟੈਂਡ 'ਤੇ ਅੜੇ ਰਹਿਣ ਦਾ ਐਲਾਨ ਕਰਕੇ ਪੰਜਾਬ ਨੂੰ ਮਾਰੂਥਲ ਬਣਨੋ ਬਚਾ ਲਿਆ ਹੈ, ਜਦਕਿ ਅਕਾਲੀ ਦਲ ਬਾਦਲ, 'ਆਪ' ਤੇ ਭਾਜਪਾ ਆਦਿ ਸਿਆਸੀ ਪਾਰਟੀਆਂ ਤਾਂ ਪੰਜਾਬ ਦੇ ਪਾਣੀਆਂ ਦੇ ਮਾਮਲਿਆਂ 'ਤੇ ਦੋਹਰੇ ਮਾਪਦੰਡ ਅਪਣਾ ਕੇ ਆਪਣੀ ਰਾਜਨੀਤਿਕ ਖੇਡ ਹੀ ਖੇਡ ਰਹੀਆਂ ਸਨ। 
ਕਾਂਗਰਸ ਪਾਰਟੀ ਦੇ ਜ਼ਿਲਾ ਜਨਰਲ ਸਕੱਤਰ ਹਰਭਜਨ ਸਿੰਘ ਭਲਾਈਪੁਰ, ਰਤਨ ਸਿੰਘ ਮੱਲ੍ਹੀ, ਹੈਪੀ ਭੰਡਾਲ, ਸਰਪੰਚ ਹਰਦੇਵ ਸਿੰਘ ਭੰਡਾਲ, ਮਨਜੀਤ ਸਿੰਘ ਭੰਡਾਲ, ਗੋਰਾ ਭੰਡਾਲ, ਦਲਜੀਤ ਸਿੰਘ ਬਡਿਆਲ, ਲਾਭ ਚੰਦ ਥਿਗਲੀ ਤੇ ਕੁਲਵੰਤ ਰਾਏ ਭੱਲਾ ਆਦਿ ਨੇ ਕਿਹਾ ਕਿ ਬਾਦਲ ਦਲੀਏ ਤਾਂ ਐਵੇਂ ਹੀ ਖੁਦ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰ ਰਹੇ ਹਨ, ਜਦਕਿ ਕਿਸਾਨਾਂ ਦੀ ਅਸਲ ਹਮਾਇਤੀ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਕਾਂਗਰਸ ਸਰਕਾਰ ਹੈ, ਜਿਸ ਨੇ ਪਾਣੀਆਂ ਦੇ ਮਾਮਲਿਆਂ 'ਚ ਵੀ ਪੰਜਾਬ ਦਾ ਸਟੈਂਡ ਕਾਇਮ ਰੱਖਿਆ ਹੈ ਤੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਹੈ।


Related News